ਪਿੰਡਾਂ ਦੀਆਂ ਔਰਤਾਂ ਲਈ ਸਹਾਇਕ ਧੰਦੇ ਅਪਣਾਉਣ ਬਾਰੇ ਕੈਂਪ
ਪੱਤਰ ਪ੍ਰੇਰਕ
ਸਮਰਾਲਾ, 6 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਪੈਰਨ ਐਂਡ ਟੈਕਸਟਾਈਲ ਸਾਇੰਸ ਵਿਭਾਗ ਦੇ ਵਿਗਿਆਨੀ ਡਾ. ਪ੍ਰੇਰਣਾ ਕਪਿਲਾ ਦੀ ਅਗਵਾਈ ਹੇਠ ਘਰੇਲੂ ਔਰਤਾਂ ਨੂੰ ਸਹਾਇਕ ਧੰਦਿਆਂ ਨੂੰ ਅਪਣਾਉਣ ਸਬੰਧੀ ਪਿੰਡ ਕੁੱਲੇਵਾਲ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿੱਚ ਪਿੰਡ ਦੀਆਂ 25 ਦੇ ਕਰੀਬ ਘਰੇਲੂ ਔਰਤਾਂ ਨੇ ਭਾਗ ਲਿਆ। ਇਸ ਮੌਕੇ ਡਾ. ਪ੍ਰੇਰਣਾ ਕਪਿਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਘਰੇਲੂ ਔਰਤਾਂ ਜੋ ਹਮੇਸ਼ਾਂ ਆਪਣੇ ਆਪ ਨੂੰ ਘਰੇਲੂ ਕੰਮਾਂ ਵਿੱਚ ਮਸ਼ਰੂਫ ਰੱਖ ਸਮਾਂ ਬਤੀਤ ਕਰਦੀਆਂ ਹਨ, ਉਨ੍ਹਾਂ ਨੂੰ ਆਪਣੇ ਘਰੇਲੂ ਕੰਮਾਂ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਵੀ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਸਮੇਂ ਦੀ ਸਹੀ ਵਰਤੋਂ ਹੋਵੇਗੀ ਦੂਸਰਾ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਘਰੇਲੂ ਔਰਤਾਂ ਨੂੰ ਆਪਣੇ ਕੰਮਕਾਜ ਦੀ ਕਾਰਜ ਕੁਸ਼ਲਤਾ ਵਧਾਉਣੀ ਚਾਹੀਦੀ ਹੈ। ਉਨ੍ਹਾਂ ਸਹਾਇਕ ਧੰਦਿਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਜਿਵੇਂ ਅਚਾਰ ਬਣਾਉਣਾ, ਮੁਰੱਬੇ ਬਣਾਉਣਾ, ਸਾਬਣ, ਸੋਢਾ, ਫਲੌਰ ਕਲੀਨਰ, ਪੰਜੀਰੀ, ਜੂਸ ਆਦਿ ਬਣਾਉਣ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ, ਇਹ ਸਹਾਇਕ ਧੰਦੇ ਘਰੇਲੂ ਔਰਤਾਂ ਦੀ ਆਮਦਨ ਵਿੱਚ ਵਾਧਾ ਉਨ੍ਹਾਂ ਦੀ ਆਰਥਿਕਤਾ ਵਿੱਚ ਵੀ ਸਹਾਰਾ ਬਣੇਗੀ। ਇਸ ਮੌਕੇ ਸਮਾਜਸੇਵੀ ਰਾਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਘਰੇਲੂ ਔਰਤਾਂ ਆਪਣੇ ਘਰੇਲੂ ਕੰਮਕਾਰਾਂ ਕਰਕੇ ਬਿਜਨਸ ਨਹੀਂ ਕਰ ਸਕਦੀਆਂ ਘੱਟੋ-ਘੱਟ ਆਪਣੇ ਘਰ ਲਈ ਘਰੇਲੂ ਸਮਾਨ ਬਣਾ ਸਕਦੀਆਂ ਹਨ। ਇਸ ਮੌਕੇ ਉਨ੍ਹਾਂ ਘਰੇਲੂ ਔਰਤ ਜਸਵਿੰਦਰ ਕੌਰ ਦੀ ਉਦਾਹਰਨ ਦਿੰਦੇ ਹੋਏ ਕਿਹਾ ਜਿਨ੍ਹਾਂ ਨੇ ਘਰੇਲੂ ਸੁਆਣੀ ਹੁੰਦੇ ਹੋਏ ਇੱਕ ‘ਨੂਰ ਸੈਲਫ ਹੈਲਪ ਗਰੁੱਪ’ ਸ਼ੁਰੂ ਕੀਤਾ, ਅੱਜ ਉਨ੍ਹਾਂ ਦਾ ਇਹ ਗਰੁੱਪ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਵੀ ਘਰੇਲੂ ਸਮਾਨ ਮੁਹੱਈਆ ਕਰ ਰਿਹਾ ਹੈ, ਇਸ ਗਰੁੱਪ ਵਿੱਚ ਜਸਵਿੰਦਰ ਕੌਰ ਨੇ ਕਰੀਬ 20 ਦੇ ਕਰੀਬ ਔਰਤਾਂ ਨੂੰ ਰੁਜਗਾਰ ਤੇ ਲਗਾਇਆ ਹੋਇਆ ਹੈ। ਇਸ ਮੌਕੇ ਪਾਣੀ ਛਿੜਕਣ ਵਾਲਾ ਮੱਘ, ਸਪਰੇਅ, ਸਟੀਲ ਦੀ ਬਾਲਟੀ, ਬੇਲਚਾ, ਖੁਰਪਾ ਅਤੇ ਦਾਤੀ ਆਦਿ ਵੰਡੇ ਗਏ। ਪਿੰਡ ਦੇ ਸਰਪੰਚ ਜਸਵੰਤ ਸਿੰਘ ਨੇ ਪੀ. ਏ. ਯੂ. ਵੱਲੋਂ ਲਗਾਏ ਇਸ ਕੈਂਪ ਲਈ ਆਏ ਮਾਹਰਾਂ ਦਾ ਧੰਨਵਾਦ ਕੀਤਾ ਅਤੇ ਪਿੰਡ ਦੀਆਂ ਔਰਤਾਂ ਨੂੰ ਸਵੈ ਰੁਜਗਾਰ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਘਰੇਲੂ ਕੰਮਾਂ ਦੇ ਨਾਲ ਨਾਲ ਆਪਣੀ ਆਰਥਿਕਤਾ ਨੂੰ ਵੀ ਹੁਲਾਰਾ ਦੇ ਸਕਣ।