ਪਿੰਛੀ ਵਾਲੀਆ ਕਤਲ ਕਾਂਡ: ਗੈਂਗਸਟਰ ਸੰਪਤ ਨਹਿਰਾ ਖ਼ਿਲਾਫ਼ ਦੋਸ਼ ਆਇਦ

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਜਨਵਰੀ
ਮੁਹਾਲੀ ਅਦਾਲਤ ਨੇ ਬਨੂੜ ਦੀ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਵਾਲੀਆ ਉਰਫ਼ ਪਿੰਛੀ ਵਾਲੀਆ ਦੀ ਹੱਤਿਆ ਦੇ ਮਾਮਲੇ ਵਿੱਚ ਗੈਂਗਸਟਰ ਸੰਪਤ ਨਹਿਰਾ ਸਮੇਤ ਛੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਗੁਰਕੀਰਤ ਸਿੰਘ, ਦੀਪਕ ਕਟੀਰ, ਸੁਖਜੀਤ ਸਿੰਘ ਅਤੇ ਦੀਪਕ ਟੀਨੂੰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿਚ ਨਾਮਜ਼ਦ ਸੁਖਜੀਤ ਸਿੰਘ ਜ਼ਮਾਨਤ ’ਤੇ ਹੈ ਜਦੋਂਕਿ ਬਾਕੀ ਮੁਲਜ਼ਮ ਵੱਖੋ ਵੱਖ ਜੇਲ੍ਹਾਂ ਵਿੱਚ ਬੰਦ ਹਨ। ਜਾਣਕਾਰੀ ਅਨੁਸਾਰ ਕੌਂਸਲ ਪ੍ਰਧਾਨ ਦੇ ਭਰਾ, ਭਤੀਜਿਆਂ ਖ਼ਿਲਾਫ਼ ਵੀ ਕੇਸ ਦਰਜ ਹੈ, ਜਦੋਂਕਿ ਪਿੰਛੀ ਕਤਲ ਕਾਂਡ ਵਿੱਚ ਸ਼ਾਮਲ ਗੈਂਗਸਟਰ ਸੰਪਤ ਨਹਿਰਾ ਜਿਸ ਨੂੰ ਹੋਰ ਸੂਬਿਆਂ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਬਾਅਦ ਵਿੱਚ ਬਨੂੜ ਪੁਲੀਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰੀ ਪਾਈ ਗਈ ਸੀ। ਗ੍ਰਿਫ਼ਤਾਰੀ ਮਗਰੋਂ ਪੁੱਛਗਿੱਛ ਦੌਰਾਨ ਸੰਪਤ ਨਹਿਰਾ ਨੇ ਪਿੰਛੀ ਵਾਲੀਆ ਦੇ ਕਤਲ ਦੀ ਗੱਲ ਕਬੂਲੀ ਸੀ। ਦੱਸਣਾ ਬਣਦਾ ਹੈ ਕਿ 6 ਸਤੰਬਰ 2017 ਨੂੰ ਸੈਰ ਕਰਦੇ ਸਮੇਂ ਪਿੰਛੀ ਵਾਲੀਆ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 25 ਫਰਵਰੀ ਨੂੰ ਹੋਵੇਗੀ।