ਪਿਸਤੌਲ ਤੇ ਦੇਸੀ ਕੱਟੇ ਸਣੇ ਤਿੰਨ ਗ੍ਰਿਫ਼ਤਾਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਮਾਰਚ
ਇਥੇ ਦੋ ਵੱਖ-ਵੱਖ ਥਾਵਾਂ ਤੋਂ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਇੱਕ ਪਿਸਤੌਲ ਅਤੇ ਇੱਕ ਦੇਸੀ ਕੱਟਾ ਸਣੇ ਕਾਰਤੂਸ ਬਰਾਮਦ ਕਰਕੇ ਕੇਸ ਦਰਜ ਕੀਤੇ ਹਨ। ਇਸ ਸਬੰਧੀ ਡੀਐੱਸਪੀ ਜਸਯਜੋਤ ਸਿੰਘ ਅਤੇ ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਜਾਣਕਾਰੀ ਦਿੱਤੀ ਕਿ ਖਾਸ ਸੂਹੀਏ ਨੇ ਖ਼ਬਰ ਦਿੱਤੀ ਸੀ ਕਿ ਰਾਜਵਿੰਦਰ ਸਿੰਘ ਰਾਜਾ ਵਾਸੀ ਕੋਟ ਮੁਹੰਮਦ ਖਾਂ ਅਤੇ ਅਮਰਜੀਤ ਸਿੰਘ ਅੰਬਾ ਵਾਸੀ ਸ਼ੇਰਪੁਰ ਤਾਇਬਾ ਦੋਵੇਂ ਵਾਸੀ ਜ਼ਿਲ੍ਹਾ ਮੋਗਾ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਖੁਰਸ਼ੈਦਪੁਰ ਤੋਂ ਸਿੱਧਵਾਂ ਬੇਟ ਨੂੰ ਆ ਰਹੇ ਹਨ। ਇਸ ਦੌਰਾਨ ਏਐੱਸਆਈ ਰਾਜ ਕੁਮਾਰ ਨੇ ਸਿੱਧਵਾਂ ਬੇਟ-ਨਕੋਦਰ ਡਰੇਨ ਪੁਲ ’ਤੇ ਨਾਕਾ ਲਗਾ ਕੇ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ ਪਿਸਤੌਲ .32 ਬੋਰ ਤੇ ਦੋ ਕਾਰਤੂਸ ਮਿਲੇ ਹਨ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਏ ਹਨ। ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਹਿਰਾਸਤ ਵਿੱਚ ਲਏ ਮੁਲਜ਼ਮ ਅਰਮਜੀਤ ਸਿੰਘ ਅੰਬਾ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਦੂਸਰੇ ਮਾਮਲੇ ਵਿੱਚ ਏਐੱਸਆਈ ਕਰਮਜੀਤ ਸਿੰਘ ਨੇ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਚੱਕ ਤਾਰੇਵਾਲਾ (ਨੇੜ੍ਹੇ ਕਿਸ਼ਨਪੁਰਾ ਕਲਾਂ) ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਦੇਸੀ ਕੱਟਾ 315 ਬੋਰ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀਆਂ ਅਨੁਸਾਰ ਉਕਤ ਮੁਲਜ਼ਮ ਕਿਸੇ ਸੰਗੀਨ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ। ਉਸ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਆਰੰਭੀ ਗਈ ਹੈ।