ਪਿਤਾ ਨੂੰ ਥੱਪੜ ਮਾਰਨ ’ਤੇ ਲਾੜੀ ਨੇ ਬੇਰੰਗ ਮੋੜੀ ਬਰਾਤ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 9 ਅਪਰੈਲ
ਇੱਥੇ ਵਿਆਹ ਦੌਰਾਨ ਲਾੜੇ ਦੇ ਭਰਾ ਨੇ ਲਾੜੀ ਦੇ ਪਿਤਾ ਨੂੰ ਥੱਪੜ ਮਾਰ ਦਿੱਤਾ। ਫਿਰ ਲਾੜੇ ਨੇ ਵੀ ਤਲਵਾਰ ਕੱਢ ਲਈ। ਇਸ ਤੋਂ ਬਾਅਦ ਲਾੜੇ ਨਾਲ ਲਾੜੀ ਨੇ ਫੇਰੇ ਲੈਣ ਤੋਂ ਮਨ੍ਹਾਂ ਕਰ ਦਿੱਤੇ ਅਤੇ ਬਰਾਤ ਨੂੰ ਬਿਨਾਂ ਵਹੁਟੀ ਮੁੜਨਾ ਪਿਆ। ਇਥੇ ਪੈਲੇਸ ਵਿੱਚ ਰਤੀਆ ਦੇ ਮੰਗੂ ਰਾਮ ਦੀਆਂ ਦੋ ਧੀਆਂ ਦਾ ਵਿਆਹ ਸੀ। ਇਸ ਵਿਚ ਇਕ ਬਰਾਤ ਪੰਜਾਬ ਦੇ ਬੁਢਲਾਡਾ ਤੋਂ ਤੇ ਦੂਜੀ ਟੋਹਾਣਾ ਦੇ ਹਿੰਦਾਲਵਾਲਾ ਤੋਂ ਆਈ ਸੀ। ਪਹਿਲਾਂ ਬੁਢਲਾਡਾ ਤੋਂ ਆਈ ਬਰਾਤ ਦੀ ਜੈ ਮਾਲਾ ਰਸਮ ਚੱਲ ਰਹੀ ਸੀ। ਇਸ ਦੌਰਾਨ ਹਿੰਦਾਲਵਾਲਾ ਦੀ ਬਰਾਤ ਵਿਚ ਆਏ ਨੌਜਵਾਨਾਂ ਨੇ ਜੈਮਾਲਾ ਰਸਮ ਦੌਰਾਨ ਮੌਕੇ ’ਤੇ ਮੌਜੂਦ ਕੁੱਝ ਲੜਕੀਆਂ ਨਾਲ ਸ਼ਰਾਰਤ ਕੀਤੀ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਲਾੜੀ ਦੇ ਪਿਤਾ ਨੇ ਮੌਕੇ ’ਤੇ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਹਿੰਦਾਲਵਾਲਾ ਤੋਂ ਆਏ ਲਾੜੇ ਕਰਨ ਦੇ ਭਰਾ ਸਨੀ ਨੇ ਲਾੜੀ ਦੇ ਪਿਤਾ ਨੂੰ ਥੱਪੜ ਮਾਰ ਦਿੱਤਾ। ਵਿਵਾਦ ਵਧਿਆ ਤਾਂ ਲਾੜੇ ਕਰਨ ਨੇ ਵੀ ਤਲਵਾਰ ਕੱਢ ਲਈ ਅਤੇ ਝਗੜੇ ਵਿਚ ਲਾੜੀ ਦੇ ਪਿਤਾ ਅਤੇ ਭਰਾ ਸਣੇ ਕਈ ਜ਼ਖ਼ਮੀ ਹੋ ਗਏ।
ਇਸ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਹਿੰਦਾਲਵਾਲਾ ਦੀ ਬਰਾਤ ਨੂੰ ਬਿਨਾਂ ਵਿਆਹ ਦੇ ਮੁੜਨਾ ਪਿਆ। ਐੱਸਐੱਚਓ ਰਣਜੀਤ ਸਿੰਘ ਨੇ ਦੱਸਿਆ ਕਿ ਲਾੜੀ ਦੇ ਤਾਏ ਦੇ ਪੁੱਤਰ ਬਲਜੀਤ ਦੀ ਸ਼ਿਕਾਇਤ ’ਤੇ ਹਿੰਦਾਲਵਾਲਾ ਵਾਸੀ ਲਾੜੇ ਕਰਨ, ਉਸ ਦੇ ਭਰਾ ਸਨੀ ਅਤੇ ਦੋਸਤ ਜਮਾਲਪੁਰ ਸ਼ੇਖਾਂ ਵਾਸੀ ਰੋਹਿਤ ’ਤੇ ਕੇਸ ਦਰਜ ਕੀਤਾ ਗਿਆ ਹੈ।