ਪਾਸ਼ ਦਾ ਸਿਆਸੀ ਰੰਗਮੰਚ
ਡਾ. ਚੰਦਰ ਤ੍ਰਿਖਾ
ਇਨਕਲਾਬੀਆਂ ਵਿੱਚ ਜਿਹੜਾ ਸਥਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਹੈ, ਸਾਹਿਤ ਵਿੱਚ ਉਹ ਹੀ ਸਥਾਨ ਸਾਹਿਤਕਾਰ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਦਾ ਹੈ। ਇਹ ਵੀ ਅਜੀਬ ਇਤਫ਼ਾਕ ਹੈ ਕਿ ਦੋਵਾਂ ਦੀ ਸ਼ਹਾਦਤ ਦੀ ਤਰੀਕ ਵੀ ਇੱਕੋ ਸੀ। ਤੇਈ ਮਾਰਚ ਨੂੰ ਪੂਰੇ ਭਾਰਤੀ ਉਪ-ਮਹਾਂਦੀਪ ’ਚ ਸ਼ਹੀਦ-ਏ-ਆਜ਼ਮ ਨੂੰ ਯਾਦ ਕੀਤਾ ਜਾਂਦਾ ਹੈ। ਉਸੇ ਤਰਜ਼ ’ਤੇ ਪਾਸ਼ ਦਾ ਜ਼ਿਕਰ ਆਉਂਦਾ ਹੈ। ਹਿੰਦੀ ਸਾਹਿਤ ਵਿੱਚ ਪਾਸ਼ ਦੀ ਤੁਲਨਾ ਧੂਮਿਲ ਅਤੇ ਨਾਗਾਰਜੁਨ ਨਾਲ ਕੀਤੀ ਜਾਂਦੀ ਹੈ।
ਧੂਮਿਲ ਅਤੇ ਪਾਸ਼ ਦਾ ਤੁਲਨਾਤਮਿਕ ਅਧਿਐਨ ਕਰਦੇ ਹੋਏ ਵਿਦਵਾਨ ਗੋਲੇਂਦਰ ਪਟੇਲ ਨੇ ਲਿਖਿਆ ਸੀ ਕਿ ਪਾਸ਼ ਸਮਕਾਲੀ ਪੰਜਾਬੀ ਸਾਹਿਤ ਦੇ ‘ਸਿਆਸੀ ਰੰਗਮੰਚ’ ਦਾ ਸੱਭਿਆਚਾਰਕ ਟਿੱਪਣੀਕਾਰ ਹੈ ਜਦੋਂਕਿ ਸੰਵੇਦਨਾ ਦੇ ਧਰਾਤਲ ’ਤੇ ਉਹ ਧੂਮਿਲ ਦੇ ਬਹੁਤ ਨੇੜੇ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਸ਼ ਸਮਕਾਲੀ ਸਾਹਿਤ ਦਾ ਧੂਮਿਲ ਹੈ। ਇਹ ਤੁਲਨਾਤਮਕ ਅਧਿਐਨ, ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੁਆਰਾ ਪ੍ਰਕਾਸ਼ਿਤ ਖੋਜ ਪੁਸਤਕ ‘ਧੂਮਿਲ ਅਤੇ ਪਾਸ਼ ਦਾ ਤੁਲਨਾਤਮਕ ਅਧਿਐਨ’ ਦਾ ਇੱਕ ਹਿੱਸਾ ਹੈ।
ਪਾਸ਼ ਦਾ ਜਨਮ 9 ਸਤੰਬਰ 1950 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿੱਚ ਹੋਇਆ। ਉਸ ਦੇ ਪਿਤਾ ਸੋਹਣ ਸਿੰਘ ਸੰਧੂ ਭਾਰਤੀ ਫ਼ੌਜ ਵਿੱਚ ਸਨ, ਪਰ ਉਹ ਸ਼ੌਕੀਆ ਤੌਰ ’ਤੇ ਕਵਿਤਾਵਾਂ ਵੀ ਲਿਖਦੇ ਸਨ। ਪਾਸ਼ ਨੇ ਉਦੋਂ ਕਲਮ ਚੁੱਕੀ ਸੀ, ਜਦੋਂ ਦੇਸ਼ ਦੇ ਕੁਝ ਹੋਰ ਸੂਬਿਆਂ ਵਾਂਗ ਪੰਜਾਬ ’ਚ ਵੀ ਨਕਸਲੀ ਅੰਦੋਲਨ ਪਨਪ ਚੁੱਕਿਆ ਸੀ।
ਪਾਸ਼ ਦੀ ਪਹਿਲੀ ਕਾਵਿ-ਪੁਸਤਕ ‘ਲੋਹਕਥਾ’ ਸਿਰਫ਼ 18 ਸਾਲ ਦੀ ਉਮਰ ਵਿੱਚ ਪ੍ਰਕਾਸ਼ਿਤ ਹੋਈ। ਉਸ ਵੇਲੇ ਦੀ ਸਰਕਾਰ ਨੂੰ ਲੱਗਾ ਕਿ ਇਹ ਨੌਜਵਾਨ ਸ਼ਾਇਰ ਸੂਬੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਆਪਣੇ ਪਿੱਛੇ ਲਾਉਣ ਦੀ ਸਮਰੱਥਾ ਰੱਖਦਾ ਹੈ। ਇਸ ਦੌਰਾਨ ਇੱਕ ਕਤਲ ਕੇਸ ਵਿੱਚ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਦੋ ਸਾਲ ਤੱਕ ਸਲਾਖਾਂ ਪਿੱਛੇ ਰੱਖਿਆ ਗਿਆ। ਬਰੀ ਹੋਣ ਮਗਰੋਂ ਉਹ ਪੰਜਾਬ ਦੇ ਮਾਓਵਾਦੀ ਮੋਰਚੇ ਨਾਲ ਜੁੜ ਗਿਆ। ਉਹ ਉਸ ਸਮੇਂ ਦੇ ਸਾਹਿਤਕ ਰਸਾਲੇ ‘ਸਿਆੜ’ ਦਾ ਸੰਪਾਦਕ ਬਣਿਆ ਅਤੇ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ ਮੰਚ’ ਦਾ ਬਾਨੀ ਵੀ।
ਫਿਰ 1986 ਵਿੱਚ ਉਹ ਪਹਿਲੀ ਵਾਰ ਬਰਤਾਨੀਆ ਅਤੇ ਅਮਰੀਕਾ ਗਿਆ। ਉੱਥੇ ਜਾ ਕੇ ਉਹ ਖਾਲਿਸਤਾਨੀ ਹਿੰਸਾ ਦਾ ਵਿਰੋਧ ਕਰਨ ਵਾਲੀ ਜਥੇਬੰਦੀ ‘ਐਂਟੀ-47 ਫਰੰਟ’ ਨਾਲ ਜੁੜ ਗਿਆ।
ਦੋ ਸਾਲਾਂ ਬਾਅਦ, 1988 ਦੀ ਸ਼ੁਰੂਆਤ ਵਿੱਚ ਆਪਣਾ ਵੀਜ਼ਾ ਨਵਿਆਉਣ ਲਈ ਉਹ ਪੰਜਾਬ ਆਇਆ। ਇਸੇ ਦੌਰਾਨ ਤਲਵੰਡੀ ਸਲੇਮ ਦੇ ਖੇਤਾਂ ’ਚ ਇੱਕ ਮੋਟਰ ’ਤੇ ਦੋ ਦੋਸਤਾਂ ਸਮੇਤ ਉਸ ਦਾ ਕਤਲ ਕਰ ਦਿੱਤਾ ਗਿਆ। ਪਾਸ਼ ਦੀਆਂ ਕਵਿਤਾਵਾਂ ਉਸ ਸਮੇਂ ਵੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਸਨ ਅਤੇ ਅੱਜ ਵੀ ਉਸ ਦੀਆਂ ਕਵਿਤਾਵਾਂ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ। ਇੱਕ ਕਵਿਤਾ ‘ਮਿਹਨਤ ਦੀ ਲੁੱਟ’ ਨੌਜਵਾਨ ਪੀੜ੍ਹੀ ਲਈ ਅਮਰ ਸੁਨੇਹਾ ਬਣ ਗਈ। ਇਹ ਕਵਿਤਾ ਇੰਟਰਨੈੱਟ ’ਤੇ ਵੀ ਉਪਲੱਬਧ ਹੈ। ਉਸ ਦੀ ਯਾਦ ਵਿੱਚ ਕਈ ਉਪਰਾਲੇ ਹੋਏ ਪਰ ਸਭ ਤੋਂ ਵੱਧ ਚਰਚਾ ਕਰਨਾਲ ਦੀ ਪੁਲੀਸ ਲਾਈਨ ਵਿੱਚ ਹੋਈ, ਜਿੱਥੇ ਪਾਸ਼ ਕਾਵਿ ਦੇ ਦੀਵਾਨੇ ਕੁਝ ਆਈਪੀਐੱਸ ਅਫਸਰਾਂ ਨੇ ਨਾ ਸਿਰਫ਼ ‘ਪਾਸ਼ ਲਾਇਬ੍ਰੇਰੀ’ ਦੀ ਸਥਾਪਨਾ ਕੀਤੀ ਸਗੋਂ ਉਸ ਦੀਆਂ ਕਵਿਤਾਵਾਂ ਛਾਪੀਆਂ ਵੀ ਗਈਆਂ ਅਤੇ ਮਧੂਬਨ ਵਿਖੇ ਲੇਖਕਾਂ ਤੇ ਵਿਦਵਾਨਾਂ ਦੇ ਵੱਡੇ ਸਮਾਗਮ ਵੀ ਹੁੰਦੇ ਰਹੇ। ਅਫ਼ਸੋਸ, ਕੁਝ ਸਾਲਾਂ ਬਾਅਦ ਹੀ ਉਸ ਜਗ੍ਹਾ ਦੀ ਕਿਸੇ ਹੋਰ ਪ੍ਰਾਜੈਕਟ ਲਈ ਵਰਤੋਂ ਕਰਨ ਵਾਸਤੇ ਪਾਸ਼ ਲਾਇਬ੍ਰੇਰੀ ਉੱਥੋਂ ਹਟਾ ਕੇ ਕਿਸੇ ਹੋਰ ਥਾਂ ਲਿਜਾਈ ਗਈ।
ਉਸ ਦੀਆਂ ਕੁਝ ਚਰਚਿਤ ਰਚਨਾਵਾਂ ਵਿੱਚ ‘ਮੈਂ ਵਿਦਾ ਹੁੰਦਾ ਹਾਂ’, ‘ਸਭ ਤੋਂ ਖਤਰਨਾਕ’, ‘ਲੋਹ ਕਥਾ’, ‘ਸਾਡੇ ਸਮਿਆਂ ਵਿੱਚ’, ‘ਖਿਲਰੇ ਹੋਏ ਵਰਕੇ’ ਆਦਿ ਸ਼ਾਮਲ ਹਨ।
ਉਸ ਦਾ ਸਹੀ ਮੁਲਾਂਕਣ ਅਜੇ ਵੀ ਬਕਾਇਆ ਹੈ। ਉਸ ਦਾ ਲਹਿਜਾ, ਮੁਹਾਵਰਾ ਅਤੇ ਮੁਹਾਂਦਰਾ ਬਿਲਕੁਲ ਵੱਖਰਾ ਹੈ। ਇੱਥੇ ਉਸ ਦੀ ਇੱਕ ਕਵਿਤਾ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ:
ਚਲ ਛੱਡ
ਲਫ਼ਜ਼ ਦੋ ਇਹ
ਕਿਉਂ ਚੜ੍ਹ ਗਏ
ਮੇਰੀ ਜ਼ੁਬਾਨ ਤੇ
ਚਲ ਛੱਡ
ਪਾਸ਼ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਦੀ ਕਵਿਤਾ ਪਹਿਲੀ ਵਾਰ 1967 ਵਿੱਚ ਪ੍ਰਕਾਸ਼ਿਤ ਹੋਈ ਸੀ। ਉਸ ਨੇ ਮਹੀਨਾਵਾਰ ਅਖ਼ਬਾਰ ‘ਹੇਮ ਜਯੋਤੀ’ ਅਤੇ ਹੱਥ ਲਿਖਤ ‘ਹਾਕ’ ਰਸਾਲੇ ਦਾ ਸੰਪਾਦਨ ਕੀਤਾ। ਪਾਸ਼ ਨੇ ਅਮਰੀਕਾ ਵਿੱਚ 47 ਵਿਰੋਧੀ ਰਸਾਲੇ ਦਾ ਸੰਪਾਦਨ ਕੀਤਾ।
ਪਾਸ਼ ਨੇ ਇਸ ਰਸਾਲੇ ਰਾਹੀਂ ਖਾਲਿਸਤਾਨੀ ਲਹਿਰ ਵਿਰੁੱਧ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ। ਉਹ ਕਵਿਤਾ ਦੇ ਮੁੱਢਲੇ ਦੌਰ ਤੋਂ ਹੀ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜ ਗਿਆ ਸੀ। ਉਸ ਦੀ ਨਕਸਲੀ ਵਿਚਾਰਧਾਰਾ ਨਾਲ ਵੀ ਹਮਦਰਦੀ ਸੀ। ਪੰਜਾਬੀ ਵਿੱਚ ਉਸ ਦੇ ਚਾਰ ਕਾਵਿ ਸੰਗ੍ਰਹਿ ‘ਲੋਹ ਕਥਾ’, ‘ਉੱਡਦੇ ਬਾਜ਼ਾਂ ਮਗਰ’, ‘ਸਾਡੇ ਸਮਿਆਂ ਵਿੱਚ’ ਅਤੇ ‘ਲੜਾਂਗੇ ਸਾਥੀ’ ਪ੍ਰਕਾਸ਼ਿਤ ਹੋਏ ਹਨ। ਹਿੰਦੀ ਵਿੱਚ ਅਨੁਵਾਦ ਹੋਏ ਉਸ ਦੇ ਕਾਵਿ-ਸੰਗ੍ਰਹਿਆਂ ਦੇ ਨਾਂ ‘ਬੀਚ ਕਾ ਰਸਤਾ ਨਹੀਂ ਹੋਤਾ’ ਅਤੇ ‘ਸਮਯ ਓ ਭਾਈ ਸਮਯ’ ਹਨ। ਪਾਸ਼ ਸੌੜੀ ਫ਼ਿਰਕੂ ਸੋਚ ਦਾ ਕੱਟੜ ਵਿਰੋਧੀ ਸੀ। ਉਸ ਨੇ ਆਪਣੀ ਇੱਕ ਕਵਿਤਾ ਵਿੱਚ ਧਰਮ ਆਧਾਰਿਤ ਦਹਿਸ਼ਤਗਰਦੀ ਦੇ ਖ਼ਤਰਿਆਂ ਬਾਰੇ ਬਹੁਤ ਧਾਰਦਾਰ ਸ਼ਬਦਾਂ ਵਿੱਚ ਲਿਖਿਆ ਹੈ। ਦਰਅਸਲ, ਉਸ ਦੀ ਸ਼ਾਇਰੀ ਭਾਰਤੀ ਜਨਤਾ ਦੀ ਸੱਚੀ ਸੁਤੰਤਰਤਾ ਦੇ ਸੰਘਰਸ਼ ਦੀ ਪਰੰਪਰਾ ਦਾ ਬਿਹਤਰੀਨ ਵਿਕਾਸ ਹੈ।
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਤੋਂ ਥੋੜ੍ਹੇ ਜਿਹੇ ਵੀ ਜਾਣੂ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਇੱਕ ਅਜਿਹੇ ਭਾਰਤੀ ਸਮਾਜ ਦਾ ਸੁਪਨਾ ਦੇਖਿਆ ਸੀ, ਜੋ ਦਮਨ, ਅੱਤਿਆਚਾਰ, ਸ਼ੋਸ਼ਣ ਅਤੇ ਬੇਇਨਸਾਫ਼ੀ ਵਰਗੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਅਤੇ ਜਿੱਥੇ ਸੱਤਾ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਥਾਂ ਵਿੱਚ ਹੋਵੇ। ਜੇਕਰ ਭਗਤ ਸਿੰਘ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਦੇਖਿਆ ਜਾਵੇ ਤਾਂ ਉਹ 15 ਅਗਸਤ 1947 ਦੇ ਆਜ਼ਾਦੀ ਸੰਗਰਾਮ ਨੂੰ ਜਾਰੀ ਰੱਖਣ ਅਤੇ ਸੰਪੂਰਨ ਕਰਨ ਲਈ ਵਿਚਾਰਧਾਰਕ ਪ੍ਰੇਰਨਾ ਪ੍ਰਦਾਨ ਕਰਦਾ ਹੈ। ਭਗਤ ਸਿੰਘ ਨੇ ਵਾਰ-ਵਾਰ ਸਪੱਸ਼ਟ ਕੀਤਾ ਸੀ ਕਿ ਆਜ਼ਾਦੀ ਦਾ ਮਤਲਬ ਬਰਤਾਨਵੀ ਸੱਤਾ ਦੀ ਜਗ੍ਹਾ ਦੇਸੀ ਜਾਗੀਰਦਾਰਾਂ ਅਤੇ ਸਰਮਾਏਦਾਰਾਂ ਦੀ ਸੱਤਾ ਨਹੀਂ ਹੈ, ਸਗੋਂ ਸ਼ੋਸ਼ਣ ਉਤਪੀੜਨ ਤੋਂ ਕਰੋੜਾਂ ਕਿਰਤੀ ਲੋਕਾਂ ਦੀ ਆਜ਼ਾਦੀ ਅਤੇ ਮਿਹਨਤਕਸ਼ ਜਨਤਾ ਦੇ ਹੱਥਾਂ ਵਿੱਚ ਅਸਲ ਸੱਤਾ ਹੋਣਾ ਹੈ। ਭਗਤ ਸਿੰਘ ਨੇ ਸਮਾਜਵਾਦ ਦੀ ਬੁਨਿਆਦ ’ਤੇ ਸਮਾਜ ਦਾ ਨਿਰਮਾਣ ਕਰਨ ਅਤੇ ਮਨੁੱਖ ਹੱਥੋਂ ਮਨੁੱਖ ਦਾ, ਕੌਮਾਂ ਦੇ ਹੱਥੋਂ ਕੌਮਾਂ ਦਾ ਸ਼ੋਸ਼ਣ ਖ਼ਤਮ ਕਰਨ ਲਈ ਇਨਕਲਾਬ ਦਾ ਸੱਦਾ ਦਿੱਤਾ ਸੀ। ਅਫ਼ਸੋਸ ਦੀ ਗੱਲ ਇਹ ਹੈ ਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਆਜ਼ਾਦੀ ਦਾ ਸੁਪਨਾ ਅਧੂਰਾ ਰਹਿ ਗਿਆ।
ਹਿੰਦੋਸਤਾਨੀ ਲੋਕਾਂ ਦੇ ਸ਼ਾਨਦਾਰ ਸੰਘਰਸ਼ ਅਤੇ ਵਿਸ਼ਵ ਪੂੰਜੀਵਾਦ ਦੇ ਅੰਦਰੂਨੀ ਸੰਕਟ ਦੇ ਸਿੱਟੇ ਵਜੋਂ 1947 ਵਿੱਚ ਮਿਲੀ ਆਜ਼ਾਦੀ ਦਾ ਲਾਭ ਸਿਰਫ਼ ਪੂੰਜੀਪਤੀਆਂ, ਸਾਮੰਤਾਂ ਅਤੇ ਉਨ੍ਹਾਂ ਨਾਲ ਜੁੜੇ ਮੁੱਠੀ ਭਰ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਨੇ ਹੀ ਉਠਾਇਆ ਹੈ। ਅੱਜ ਹਾਲਾਤ ਹੋਰ ਵੀ ਬਦਤਰ ਹਨ। ਕਿਸੇ ਸਮੇਂ ਰਾਜਨੀਤੀ ਕੁਰਬਾਨੀ ਅਤੇ ਸੇਵਾ ਵਾਲਾ ਕਾਰਜ ਸੀ, ਪਰ ਅੱਜ ਸਿਆਸਤ ਮੁਨਾਫ਼ੇ ਦਾ ਧੰਦਾ ਹੈ। ਦੇਸ਼ ਨਵੀਂ ਤਰ੍ਹਾਂ ਦੀ ਗ਼ੁਲਾਮੀ ਦੇ ਜਾਲ ਵਿੱਚ ਫਸਿਆ ਹੋਇਆ ਹੈ। 1970ਵਿਆਂ ਦਾ ਦਹਾਕਾ ਆਉਂਦੇ ਆਉਂਦੇ ਆਜ਼ਾਦੀ ਤੋਂ ਮੋਹ ਭੰਗ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਭਾਰਤ ਦੇ ਹਾਕਮ ਵਰਗ ਖ਼ਿਲਾਫ਼ ਲੋਕਾਂ ਦੀ ਅਸੰਤੁਸ਼ਟੀ ਵਧਦੀ ਗਈ, ਜਿਸ ਦਾ ਪ੍ਰਗਟਾਵਾ ਸਿਰਫ਼ ਸਿਆਸਤ ਵਿੱਚ ਹੀ ਨਹੀਂ ਸਗੋਂ ਸੱਭਿਆਚਾਰ ਅਤੇ ਸਾਹਿਤ ਵਿੱਚ ਵੀ ਹੋਇਆ। ਉਸੇ ਦੌਰ ਵਿੱਚ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਦੇ ਕਵੀਆਂ ਨੇ ਪੰਜਾਬੀ ਕਵਿਤਾ ਨੂੰ ਨਵਾਂ ਰੰਗ-ਰੂਪ ਪ੍ਰਦਾਨ ਕੀਤਾ। ਅਵਤਾਰ ਸਿੰਘ ਪਾਸ਼ ਇਨ੍ਹਾਂ ਸਾਹਿਤਕਾਰਾਂ ਦੀ ਮੂਹਰਲੀ ਕਤਾਰ ਵਿੱਚ ਸੀ।
ਉਸ ਦੀ ਪਹਿਲੀ ਕਵਿਤਾ 1967 ਵਿੱਚ ਪ੍ਰਕਾਸ਼ਿਤ ਹੋਈ ਸੀ। ਅਮਰਜੀਤ ਚੰਦਨ ਦੀ ਸੰਪਾਦਨਾ ਹੇਠ ਛਪਣ ਵਾਲੇ ਨਕਸਲੀ ਲਹਿਰ ਦੇ ਪਹਿਲੇ ਰਸਾਲੇ ‘ਦਸਤਾਵੇਜ਼’ ਦੇ ਚੌਥੇ ਅੰਕ ਵਿੱਚ ਜਾਣਕਾਰੀ ਸਹਿਤ ਪਾਸ਼ ਦੀਆਂ ਕਵਿਤਾਵਾਂ ਦਾ ਪ੍ਰਕਾਸ਼ਨ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਧਮਾਕੇ ਵਾਂਗ ਸੀ। ਉਨ੍ਹੀਂ ਦਿਨੀਂ ਪੰਜਾਬ ਵਿੱਚ ਇਨਕਲਾਬੀ ਸੰਘਰਸ਼ ਸਿਖਰ ’ਤੇ ਸੀ। ਪਾਸ਼ ਦਾ ਪਿੰਡ ਅਤੇ ਇਲਾਕਾ ਇਸ ਸੰਘਰਸ਼ ਦੇ ਕੇਂਦਰ ਵਿੱਚ ਸੀ। ਉਸ ਨੇ ਇਸ ਸੰਘਰਸ਼ ਦੀ ਜ਼ਮੀਨ ’ਤੇ ਕਵਿਤਾਵਾਂ ਦੀ ਰਚਨਾ ਕੀਤੀ ਅਤੇ ਇਸ ਦੇ ਅਪਰਾਧ ਵਜੋਂ ਗ੍ਰਿਫ਼ਤਾਰ ਹੋਇਆ। ਲਗਪਗ ਦੋ ਸਾਲ ਜੇਲ੍ਹ ਵਿੱਚ ਰਹਿ ਕੇ ਉਸ ਨੇ ਸੱਤਾ ਦੇ ਜਬਰ ਦਾ ਸਾਹਮਣਾ ਕਰਦੇ ਹੋਏ ਅਨੇਕਾਂ ਕਵਿਤਾਵਾਂ ਲਿਖੀਆਂ। ਉੱਥੇ ਰਹਿੰਦੇ ਹੋਏ ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਲੋਹ ਕਥਾ’ ਪ੍ਰਕਾਸ਼ਿਤ ਹੋਇਆ ਜਿਸ ਨੇ ਪੰਜਾਬੀ ਕਵਿਤਾ ਵਿੱਚ ਉਸ ਦੀ ਪਛਾਣ ਦਰਜ ਕਰਵਾ ਦਿੱਤੀ।
1972 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪਾਸ਼ ਨੇ ‘ਸਿਆੜ’ ਨਾਂ ਦਾ ਸਾਹਿਤਕ ਰਸਾਲਾ ਕੱਢਣਾ ਸ਼ੁਰੂ ਕੀਤਾ। ਪੰਜਾਬ ਵਿੱਚ ਇਨਕਲਾਬੀ ਅੰਦੋਲਨ ਬਿਖਰਨ ਲੱਗਾ ਸੀ। ਸਾਹਿਤ ਦੇ ਖੇਤਰ ਵਿੱਚ ਵੀ ਪਤਨ ਅਤੇ ਨਿਰਾਸ਼ਾ ਦਾ ਦੌਰ ਸ਼ੁਰੂ ਹੋ ਗਿਆ ਸੀ। ਇਸ ਵਿੱਚ ਪਾਸ਼ ਨੇ ਸਰਕਾਰੀ ਦਮਨ ਵਿਰੁੱਧ ਅਤੇ ਜਨ ਅੰਦੋਲਨ ਦੇ ਪੱਖ ਵਿੱਚ ਰਚਨਾਵਾਂ ਕੀਤੀਆਂ। ਪੰਜਾਬ ਦੇ ਲੇਖਕਾਂ ਅਤੇ ਸੱਭਿਆਚਾਰਕ ਕਾਮਿਆਂ ਨੂੰ ਇਕਜੁੱਟ ਤੇ ਸੰਗਠਿਤ ਕਰਨ ਦੀ ਕੋਸ਼ਿਸ਼ ਵਿੱਚ ਪਾਸ਼ ਨੇ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ ਮੰਚ’ ਬਣਾਇਆ ਅਤੇ ਅਮਰਜੀਤ ਚੰਦਨ, ਹਰਭਜਨ ਹਲਵਾਰਵੀ ਆਦਿ ਨਾਲ ਮਿਲ ਕੇ ‘ਹੇਮ ਜਯੋਤੀ’ ਰਸਾਲਾ ਕੱਢਿਆ। ਇਸ ਦੌਰ ਵਿੱਚ ਪਾਸ਼ ਦੀਆਂ ਕਵਿਤਾਵਾਂ ਵਿੱਚ ਭਾਵਨਾਤਮਕ ਆਵੇਗ ਦੀ ਜਗ੍ਹਾ ਵਿਚਾਰ ਅਤੇ ਕਲਾ ਦੀ ਜ਼ਿਆਦਾ ਗਹਿਰਾਈ ਸੀ। ਮਸ਼ਹੂਰ ਕਵਿਤਾ ‘ਯੁੱਧ ਅਤੇ ਸ਼ਾਂਤੀ’ ਉਸ ਨੇ ਇਸੇ ਦੌਰ ਵਿੱਚ ਲਿਖੀ। 1974 ਵਿੱਚ ਉਸ ਦਾ ਦੂਜਾ ਕਾਵਿ-ਸੰਗ੍ਰਹਿ ‘ਉੱਡਦੇ ਬਾਜ਼ਾਂ ਮਗਰ’ ਛਪਿਆ ਅਤੇ ਤੀਜਾ ਸੰਗ੍ਰਹਿ ‘ਸਾਡੇ ਸਮਿਆਂ ਵਿੱਚ’ 1978 ’ਚ ਪ੍ਰਕਾਸ਼ਿਤ ਹੋਇਆ।
ਉਸ ਦੀ ਮੌਤ ਤੋਂ ਬਾਅਦ ‘ਲੜਾਂਗੇ ਸਾਥੀ’ ਸਿਰਲੇਖ ਨਾਲ ਚੌਥਾ ਸੰਗ੍ਰਹਿ ਆਇਆ, ਜਿਸ ਵਿੱਚ ਪ੍ਰਕਾਸ਼ਿਤ ਅਤੇ ਅਪ੍ਰਕਾਸ਼ਿਤ ਕਵਿਤਾਵਾਂ ਦਰਜ ਹਨ। ਪਾਸ਼ ਦੀਆਂ ਕਵਿਤਾਵਾਂ ਦਾ ਮੂਲ ਬੋਲ ਰਾਜਨੀਤਕ ਸਮਾਜਿਕ ਬਦਲਾਅ ਅਤੇ ਕ੍ਰਾਂਤੀ ਤੇ ਵਿਦਰੋਹ ਦਾ ਹੈ। ਉਸ ਵਿੱਚ ਇੱਕ ਪਾਸੇ ਜਗੀਰੂ ਵਿਚਾਰਧਾਰਾ ਖ਼ਿਲਾਫ਼ ਜ਼ਬਰਦਸਤ ਗੁੱਸਾ ਤੇ ਨਫ਼ਰਤ ਦਾ ਭਾਵ ਹੈ ਅਤੇ ਦੂਜੇ ਪਾਸੇ ਆਪਣੇ ਲੋਕਾਂ ਪ੍ਰਤੀ ਅਥਾਹ ਪਿਆਰ ਹੈ। ਨਾਜ਼ਿਮ ਹਿਕਮਤ ਅਤੇ ਬ੍ਰੈਖਤ ਵਾਂਗ ਉਸ ਦੀਆਂ ਕਵਿਤਾਵਾਂ ਵਿੱਚ ਰਾਜਨੀਤੀ ਅਤੇ ਵਿਚਾਰ ਦੀ ਸਪੱਸ਼ਟਤਾ ਤੇ ਤਿੱਖਾਪਣ ਹੈ। ਕਵਿਤਾ ਸਿਆਸੀ ਨਾਅਰਾ ਨਹੀਂ ਹੁੰਦੀ ਪਰ ਰਾਜਨੀਤਕ ਨਾਅਰੇ ਕਲਾ ਅਤੇ ਕਵਿਤਾ ਵਿੱਚ ਘੁਲ ਮਿਲ ਕੇ ਉਸ ਨੂੰ ਨਵੇਂ ਅਰਥ ਪ੍ਰਦਾਨ ਕਰਦੇ ਅਤੇ ਕਵਿਤਾ ਦੇ ਪ੍ਰਭਾਵ ਤੇ ਪਹੁੰਚ ਨੂੰ ਹੈਰਾਨੀਜਨਕ ਰੂਪ ਵਿੱਚ ਵਧਾਉਂਦੇ ਹਨ। ਇਹ ਗੱਲ ਪਾਸ਼ ਦੀ ਕਵਿਤਾ ਵਿੱਚ ਦੇਖੀ ਜਾ ਸਕਦੀ ਹੈ। ਪਾਸ਼ ਨੇ ਕਵਿਤਾ ਨੂੰ ਨਾਅਰਾ ਬਣਾਏ ਬਿਨਾਂ ਆਪਣੇ ਦੌਰ ਦੇ ਸਾਰੇ ਨਾਅਰਿਆਂ ਨੂੰ ਕਵਿਤਾ ਵਿੱਚ ਬਦਲ ਦਿੱਤਾ। ਪਾਸ਼ ਦੀਆਂ ਕਵਿਤਾਵਾਂ ਵਿਚ ਇਨ੍ਹਾਂ ਆਵਾਜ਼ਾਂ ਦੀ ਰੋਸ਼ਨੀ ਹੈ।
1985 ਵਿੱਚ ਪਾਸ਼ ਨੇ ਅਮਰੀਕਾ ਤੋਂ ਐਂਟੀ-47 ਫਰੰਟ ਰਾਹੀਂ ਖਾਲਿਸਤਾਨ ਦਾ ਖੁੱਲ੍ਹਾ ਵਿਰੋਧ ਕੀਤਾ। ਮਾਰਚ 1988 ਵਿੱਚ ਉਹ ਛੁੱਟੀਆਂ ਬਿਤਾਉਣ ਲਈ ਪਿੰਡ ਆਇਆ ਸੀ ਅਤੇ 23 ਮਾਰਚ ਨੂੰ ਖੇਤ ਦੀ ਮੋਟਰ ’ਤੇ ਨਹਾਉਂਦੇ ਸਮੇਂ ਉਸ ਦਾ ਕਤਲ ਕਰ ਦਿੱਤਾ ਗਿਆ। ਚਾਹੇ ਸਰਕਾਰੀ ਜੇਲ੍ਹਾਂ ਸਨ ਤੇ ਚਾਹੇ ਅਤਿਵਾਦੀਆਂ ਦੀਆਂ ਬੰਦੂਕਾਂ, ਪਾਸ਼ ਨੇ ਝੁਕਣਾ ਸਵੀਕਾਰ ਨਹੀਂ ਕੀਤਾ।
ਦਲਿਤ ਪੀੜਤ ਸ਼ੋਸਿਤ ਕੰਠਾਂ ਤੋਂ ਨਿਕਲੀ ਆਵਾਜ਼ ਨੂੰ ਕਵਿਤਾ ਵਿੱਚ ਪਰੋਂਦੇ ਹੋਏ ਉਹ ਆਪਣੇ ਪਿਆਰੇ ਸ਼ਹੀਦ ਭਗਤ ਸਿੰਘ ਦੀ ਰਾਹ ਚਲਦਿਆਂ ਸ਼ਹੀਦ ਹੋ ਗਿਆ। ਭਾਵੇਂ ਇਨ੍ਹਾਂ ਦੋਵਾਂ ਦੀ ਸ਼ਹਾਦਤ ਦਰਮਿਆਨ 57 ਵਰ੍ਹਿਆਂ ਦਾ ਵਕਫ਼ਾ ਹੈ, ਪਰ ਦੋਵੇਂ ਰਾਜਨੀਤੀ ਅਤੇ ਸੱਭਿਆਚਾਰ ਦੀ ਦੁਨੀਆ ਨੂੰ ਗਹਿਰੇ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ।
ਸੰਪਰਕ: 94170-04423