ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਧਰਨਾ 14 ਨੂੰ
ਪੱਤਰ ਪ੍ਰੇਰਕ
ਸਮਰਾਲਾ, 10 ਜੂਨ
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਸਕਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲਿਆਂ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਉਪਰੰਤ ਸਕਿੰਦਰ ਸਿੰਘ ਨੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਅਤੇ ਮੈਨੇਜਮੈਂਟ ਦੀਆਂ ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਡੀ. ਏ. ਦੇ ਸਕੇਲਾਂ ਦੇ ਬਕਾਏ 42 ਕਿਸ਼ਤਾਂ ਦੀ ਥਾਂ ਇੱਕੋ ਸਮੇਂ ਜਾਂ ਸਿਰਫ਼ 12 ਕਿਸ਼ਤਾਂ ਵਿੱਚ ਦਿੱਤੇ ਜਾਣ।
ਇਸੇ ਤਰ੍ਹਾਂ ਲੀਵ ਇੰਨ ਕੈਸ਼ਮੈਂਟ ਦਾ ਬਕਾਇਆ ਵੀ ਇੱਕੋ ਕਿਸ਼ਤ ਵਿੱਚ ਦਿੱਤਾ ਜਾਵੇ। ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਚਾਰ ਕਿਸ਼ਤਾਂ ਬਕਾਏ ਸਮੇਤ ਤੁਰੰਤ ਦਿੱਤੀਆਂ ਜਾਣ, 31 ਦਸੰਬਰ 2015 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੇ ਪੇ ਸਕੇਲਾਂ ਦੀ ਸੁਧਾਈ 2.59 ਦੇ ਗੁਣਾਂਕ ਨਾਲ ਕੀਤੀ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ, ਸਾਰੇ ਪੈਨਸ਼ਨਰਾਂ ਨੂੰ 23 ਸਾਲਾ ਸਕੇਲ ਬਿਨਾਂ ਸ਼ਰਤ ਲਾਗੂ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀ ਬਹਾਲ ਕੀਤੀ ਜਾਵੇ, ਪੈਨਸ਼ਨਰਾਂ ਨੂੰ ਬਿਜਲੀ ਰਿਆਇਤ ਦਿੱਤੀ ਜਾਵੇ, ਮਹਿਕਮੇ ਅੰਦਰ ਸਾਰੇ ਕੱਚੇ ਅਤੇ ਆਊਟ ਸੋਰਸਿੰਗ ਕਾਮੇ ਪੱਕੇ ਕੀਤੇ ਜਾਣ, ਪੱਕੀ ਭਰਤੀ ਕੀਤੀ ਜਾਵੇ, 10 ਡਵੀਜਨਾਂ ਦਾ ਨਿੱਜੀਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਇਸ ਮੀਟਿੰਗ ਨੂੰ ਹਰਪਾਲ ਸਿੰਘ ਸਿਹਾਲਾ, ਜਸਵੰਤ ਸਿੰਘ ਢੰਡਾ, ਅਮਰਜੀਤ ਸਿੰਘ ਮਾਛੀਵਾੜਾ, ਜਸਵੰਤ ਸਿੰਘ ਢੰਡਾ, ਇੰਜ: ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਦਰਸ਼ਨ ਸਿੰਘ ਕੋਟਾਲਾ, ਰਜਿੰਦਰਪਾਲ ਵਡੇਰਾ ਡਿਪਟੀ ਸੀਓ ਕਾਨੂੰਨੀ ਸਲਾਹਕਾਰ, ਗੁਰਦੀਪ ਸਿੰਘ ਕਟਾਣੀ ਕਲਾਂ, ਮਹੇਸ਼ ਕੁਮਾਰ ਖਮਾਣੋਂ, ਭੁਪਿੰਦਰਪਾਲ ਸਿੰਘ ਚਹਿਲਾਂ, ਦਰਸ਼ਨ ਸਿੰਘ ਗੜ੍ਹੀ ਖਜਾਨਚੀ, ਰਾਕੇਸ਼ ਕੁਮਾਰ ਮਾਛੀਵਾੜਾ, ਸੁਰਜੀਤ ਵਿਸ਼ਦ, ਭਰਪੂਰ ਸਿੰਘ ਸਕੱਤਰ ਆਦਿ ਨੇ ਸੰਬੋਧਨ ਕੀਤਾ। ਮੀਟਿੰਗ ਦੌਰਾਨ ਭਰਪੂਰ ਸਿੰਘ ਸਕੱਤਰ ਨੇ ਦੱਸਿਆ ਕਿ ਪੈਨਸ਼ਨਰਜ਼ ਐਸੋ: ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਪੰਜਾਬ ਮੁਲਾਜਮ, ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ 14 ਜੂਨ ਨੂੰ ਜਿਮਨੀ ਚੋਣ ਲੁਧਿਆਣਾ ਦੱਖਣੀ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਸਰਕਾਰ ਦੀਆਂ ਮੁਲਾਜਮਾਂ ਅਤੇ ਪੈਨਸ਼ਨਰਾਂ ਖਿਲਾਫ ਮਾੜੀਆਂ ਨੀਤੀਆਂ ਖਿਲਾਫ ਜੋਰਦਾਰ ਸੰਘਰਸ਼ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।