ਪਾਰਟੀ ਪ੍ਰਤੀ ਸਮਰਪਿਤ ਤੇ ਵਫ਼ਾਦਾਰ ਨੂੰ ਹੀ ਜ਼ਿੰਮੇਵਾਰੀ ਮਿਲੇਗੀ: ਸਿੰਗਲਾ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 10 ਜੂਨ
ਇੱਥੇ ਮਧੁਰ ਮਿਲਨ ਪੈਲੇਸ ਵਿੱਚ ਕਾਂਗਰਸ ਪਾਰਟੀ ਸੰਗਠਨ ਨਿਰਮਾਣ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸਾਬਕਾ ਲੋਕ ਸਭਾ ਮੈਂਬਰ ਸੰਗਰੂਰ ਵਿਜੈ ਇੰਦਰ ਸਿੰਗਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁੱਜਰ ਅਤੇ ਹਲਕਾ ਵਿਧਾਇਕ ਸ਼ੈਲੀ ਚੌਧਰੀ ਸਣੇ ਹੋਰ ਆਗੂ ਮੌਜੂਦ ਸਨ। ਇਸ ਮੌਕੇ ਦੱਸਿਆ ਗਿਆ ਕਿ ਮਹੀਨੇ ਵਿੱਚ ਅੰਬਾਲਾ ਜ਼ਿਲ੍ਹੇ ਨੂੰ ਤਿੰਨੋਂ ਕਾਂਗਰਸ ਜ਼ਿਲ੍ਹਾ ਪ੍ਰਧਾਨ-ਸ਼ਹਿਰੀ, ਛਾਉਣੀ ਅਤੇ ਪੇਂਡੂ ਮਿਲ ਜਾਣਗੇ। ਵਿਜੈ ਇੰਦਰ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਲਈ ਐਲਾਨ ਕੀਤਾ ਜਾਣਾ ਹੈ ਅਤੇ ਇਸ ਅਹੁਦੇ ‘ਤੇ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਨਿਯੁਕਤ ਕੀਤਾ ਜਾਣਾ ਹੈ ਅਤੇ ਪਾਰਟੀ ਨਿਯੁਕਤ ਵਿਅਕਤੀ ਦੀ ਕਾਰਗੁਜ਼ਾਰੀ ’ਤੇ ਨੇੜਿਓਂ ਨਜ਼ਰ ਰੱਖੇਗੀ। ਉਨ੍ਹਾਂ ਕਿਹਾ ਕਿ ਇੱਕ ਵਫ਼ਾਦਾਰ ਅਤੇ ਸਮਰਪਿਤ ਵਿਅਕਤੀ ਨੂੰ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਮੇਟੀ ਮਗਰੋਂ ਮੰਡਲ ਅਤੇ ਪਿੰਡ ਪੱਧਰ ‘ਤੇ ਵੀ ਕਮੇਟੀਆਂ ਬਣਾਈਆਂ ਜਾਣਗੀਆਂ। ਰਾਮ ਕਿਸ਼ਨ ਗੁੱਜਰ ਨੇ ਕਿਹਾ ਕਿ ਜੋ ਵਿਅਕਤੀ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਂਦਾ ਹੈ, ਉਸ ਨੂੰ ਸੰਗਠਨ ਦਾ ਅਹੁਦੇਦਾਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਰਾਇਣਗੜ੍ਹ ਦੇ ਵਰਕਰਾਂ ਨੇ ਹਮੇਸ਼ਾ ਕਾਂਗਰਸ ਦਾ ਸਮਰਥਨ ਕੀਤਾ ਹੈ। ਇਸ ਤੋਂ ਪਹਿਲਾਂ ਇਲਾਕੇ ਦੀ ਵਿਧਾਇਕ ਸ਼ੈਲੀ ਚੌਧਰੀ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ।