ਪਾਰਕ ’ਚੋਂ ਬੈਂਚ ਚੋਰੀ, ਇੱਕ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅਣਪਛਾਤੇ ਵਿਅਕਤੀ ਇੱਕ ਪਾਰਕ ਦੇ ਬੈਂਚ ਅਤੇ ਦੋ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ ਜਦਕਿ ਪੁਲੀਸ ਵੱਲੋਂ ਬੈਂਚ ਚੋਰੀ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਵੇਰਕਾ ਪਾਰਕ ਸਾਹਮਣੇ ਨਿਊ ਮਾਡਲ ਟਾਊਨ ਵਿੱਚੋਂ ਲੋਹੇ ਦੇ ਬੈਂਚ ਚੋਰੀ ਹੋਣ ਬਾਰੇ ਸੰਦੀਪ ਕੁਮਾਰ ਵਾਸੀ ਜਵਾਹਰ ਨਗਰ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਤਫ਼ਤੀਸ਼ ਦੌਰਾਨ ਸੰਦੀਪ ਸਿੰਘ ਵਾਸੀ ਅਬਦੁੱਲਾਪੁਰ ਬਸਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਪੁਲੀਸ ਵੱਲੋਂ ਉਸਦੇ ਸਾਥੀ ਰਊਆ ਦੀ ਭਾਲ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੂੰ ਸੁਰਜੀਤ ਸਿੰਘ ਚੌਹਾਨ ਵਾਸੀ ਅਸ਼ੋਕ ਨਗਰ ਨੇ ਦੱਸਿਆ ਕਿ ਉਸਦਾ ਮੋਟਰਸਾਈਕਲ ਰੇਲਵੇ ਕਲੋਨੀ ਨੰਬਰ-10 ਨੇੜੇ ਸਥਿਤ ਵਾਲਮੀਕਿ ਮੰਦਰ ਦੇ ਬਾਹਰੋਂ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਨਰੇਸ਼ ਕੁਮਾਰ ਵਾਸੀ ਸਤਿਗੁਰ ਨਗਰ 33 ਫੁੱਟਾ ਰੋਡ ਮੁੰਡੀਆਂ ਕਲਾਂ ਨੇ ਦੱਸਿਆ ਕਿ ਉਸਦਾ ਮੋਟਰਸਾਈਕਲ ਸਪਲੈਂਡਰ ਪਲੱਸ ਅਣਪਛਾਤੇ ਵਿਅਕਤੀ ਚੌਰਸੀਆ ਜੂਸ ਬਾਰ ਫੋਕਲ ਪੁਆਇੰਟ ਜਮਾਲਪੁਰ ਸਾਹਮਣੇ ਬਣੇ ਪਾਰਕ ਵਿੱਚੋਂ ਚੋਰੀ ਕਰ ਕੇ ਲੈ ਗਏ ਹਨ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।