ਪਾਤੜਾਂ ਵਿੱਚ ਕੂੜਾ ਚੁੱਕਣ ਲਈ ਚਾਰ ਵਾਹਨਾਂ ਨੂੰ ਹਰੀ ਝੰਡੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਜਨਵਰੀ
ਨਗਰ ਕੌਂਸਲ ਪਾਤੜਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਮੁਹੱਲਿਆਂ ਵਿੱਚੋਂ ਕੂੜਾ ਕਰਕਟ ਇਕੱਠਾ ਕਰਨ ਦੇ ਮਕਸਦ ਨਾਲ ਚਾਰ ਗੱਡੀਆਂ ਨੂੰ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਦੇ ਨਾਲ ਸ਼ਹਿਰਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗਲੀਆਂ ਮੁਹੱਲਿਆਂ ਵਿੱਚ ਕੂੜਾ ਕਰਕਟ ਜਮਾਂ ਹੋਣ ਨਾਲ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ ਉਸਨੂੰ ਰੋਕਣ ਲਈ ਕੂੜੇ ਕਰਕਟ ਨੂੰ ਇਕੱਠਾ ਕਰਨ ਦੇ ਸੁਚਾਰੂ ਪ੍ਰਬੰਧ ਕਰਨ ਲਈ ਨਗਰ ਕੌਂਸਲ ਵੱਲੋਂ ਖ਼ਰੀਦੀਆਂ ਗੱਡੀਆਂ ਦਾ ਸ਼ਹਿਰ ਵਾਸੀਆਂ ਨੂੰ ਕਾਫੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਉੱਥੇ ਦੂਜੇ ਪਾਸੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਹਲਕਾ ਸ਼ੁਤਰਾਣਾ ਵਿੱਚ ਵੱਡੀ ਪੱਧਰ ਉੱਤੇ ਨਹਿਰੀ ਰਜਬਾਹਿਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪਾਤੜਾਂ ਦੇ ਸੀਨੀਅਰ ਮੀਤ ਪ੍ਰਧਾਨ ਭਗਵਤ ਦਿਆਲ ਨਿੱਕਾ, ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ ਅਤੇ ਠੇਕੇਦਾਰ ਬਲਜਿੰਦਰ ਸਿੰਘ ਸੋਨੀ ਆਦਿ ਹਾਜ਼ਰ ਸਨ।