ਪਾਣੀ ਦੀ ਸੰਭਾਲ ਅਤੇ ਪੌਦੇ ਲਗਾਉਣ ਬਾਰੇ ਸੈਮੀਨਾਰ
ਪੱਤਰ ਪ੍ਰੇਰਕ
ਯਮੁਨਾਨਗਰ, 21 ਮਈ
ਇੱਥੋਂ ਦੇ ਨਹਿਰੂ ਪਾਰਕ ਨੇੜੇ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਾਣੀ ਦੀ ਸੰਭਾਲ ਅਤੇ ਪੌਦੇ ਲਗਾਉਣ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਜ਼ਿਲ੍ਹਾ ਬਾਲ ਭਲਾਈ ਅਫ਼ਸਰ ਸੁਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਿੱਖਿਆ ਸ਼ਾਸਤਰੀ ਅਤੇ ਵਾਤਾਵਰਨ ਪ੍ਰੇਮੀ ਗੋਬਿੰਦ ਸਿੰਘ ਭਾਟੀਆ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ । ਸੈਮੀਨਾਰ ਵਿੱਚ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਸ਼ਰਮਾ ਸਣੇ ਸਕੂਲ ਦੇ ਲਗਪਗ ਚਾਰ ਸੌ ਵਿਦਿਆਰਥੀਆਂ ਅਤੇ 20 ਅਧਿਆਪਕਾਂ ਨੇ ਹਿੱਸਾ ਲਿਆ। ਇਸ ਦੌਰਾਨ ਵਾਟਰਮੈਨ ਗੋਬਿੰਦ ਸਿੰਘ ਭਾਟੀਆ ਨੇ ਬੱਚਿਆਂ ਨੂੰ ਪਾਣੀ ਦੀ ਮਹੱਤਤਾ ਦੱਸੀ ਅਤੇ ਉਨ੍ਹਾਂ ਨੂੰ ਪਾਣੀ ਬਚਾਉਣ ਦੇ ਕੁਝ ਤਰੀਕੇ ਵੀ ਦੱਸੇੇ। ਉਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮੌਜੂਦ ਸਾਰੇ ਬੱਚਿਆਂ ਨੂੰ ਘੱਟੋ-ਘੱਟ ਦੋ ਬੂਟੇ ਲਗਾਉਣ ਲਈ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਰੁੱਖ ਸਾਡੇ ਸਭ ਤੋਂ ਚੰਗੇ ਦੋਸਤ ਹਨ, ਇਹ ਜਾਨਵਰਾਂ ਅਤੇ ਪੰਛੀਆਂ ਨੂੰ ਆਕਸੀਜਨ, ਫਲ, ਲੱਕੜ, ਆਸਰਾ ਦੇਣ ਤੋਂ ਇਲਾਵਾ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਮ ’ਤੇ ਮਨੁੱਖ ਬਹੁਤ ਤਬਾਹੀ ਮਚਾ ਰਿਹਾ ਹੈ। ਪ੍ਰਿੰਸੀਪਲ ਸੁਨੀਤਾ ਸ਼ਰਮਾ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਅੱਜ ਦੇ ਸੈਮੀਨਾਰ ਤੋਂ ਬਹੁਤ ਫਾਇਦਾ ਹੋਵੇਗਾ, ਉਨ੍ਹਾਂ ਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹਨ। ਮੌਕੇ ’ਤੇ ਬੱਚਿਆਂ ਤੋਂ ਪਾਣੀ ਬਚਾਉਣ ਅਤੇ ਪੌਦੇ ਲਗਾਉਣ ਦੀ ਸਹੁੰ ਵੀ ਚੁਕਾਈ ਗਈ।