ਪਾਣੀਆਂ ’ਚ ਜ਼ਹਿਰ ਘੋਲ ਕੇ...
ਅਮਰਜੀਤ ਸਿੰਘ ਜੀਤ
ਪਾਣੀਆਂ ’ਚ ਜ਼ਹਿਰ ਘੋਲ ਕੇ
ਕਿੱਥੋਂ ਲੱਭਦੈਂ ਸ਼ਰਬਤੀ ਕੂਲਾਂ।
ਧਰਤੀ ’ਤੇ ਜੀਵਨ ਪਣਪਣਾ ਸ਼ੁਰੂ ਹੋਇਆ ਤਾਂ ਉਹ ਪਾਣੀ ਦੇ ਸੋਮਿਆਂ ਦੇ ਆਲੇ-ਦੁਆਲੇ ਹੀ ਵਿਗਸਦਾ ਰਿਹਾ ਹੈ। ਸਦੀਆਂ ਪਹਿਲਾਂ ਜੀਵਨ ਪਾਣੀ ਦੇ ਕੁਦਰਤੀ ਵਹਿਣਾਂ ’ਤੇ ਨਿਰਭਰ ਕਰਦਾ ਸੀ। ਜਿਉਂ ਜਿਉਂ ਮਨੁੱਖ ਸੱਭਿਅਕ ਹੁੰਦਾ ਗਿਆ ਉਸ ਨੇ ਦਰਿਆਵਾਂ, ਨਦੀਆਂ-ਨਾਲਿਆਂ ਅਤੇ ਕੁਦਰਤੀ ਝੀਲਾਂ ਦੁਆਲੇ ਬਸਤੀਆਂ ਦੇ ਰੂਪ ਵਿੱਚ ਵਸੇਬ ਕਰਨਾ ਸ਼ੁਰੂ ਕਰ ਦਿੱਤਾ। ਅੱਗੇ ਜਾ ਕੇ ਇਹੀ ਬਸਤੀਆਂ ਵੱਡੇ ਸ਼ਹਿਰਾਂ ਦੇ ਰੂਪ ਵਿੱਚ ਵਿਕਸਿਤ ਹੋ ਗਈਆਂ। ਅੱਜ ਵੀ ਸਦੀਆਂ ਪੁਰਾਣੇ ਸ਼ਹਿਰ ਦਰਿਆਵਾਂ ਨਦੀਆਂ-ਨਾਲਿਆਂ ਕੰਢੇ ਹੀ ਵਸੇ ਹੋਏ ਹਨ। ਮਨੁੱਖ ਨੇ ਜੀਵਨ ਨੂੰ ਸੁਖਾਲਾ ਕਰਨ ਲਈ ਬੇਹੱਦ ਤਰੱਕੀ ਕੀਤੀ ਹੈ ਪਰ ਉਹ ਤਰੱਕੀ ਕਰਦਿਆਂ ਕੁਦਰਤੀ ਸੋਮਿਆਂ ਦੀ ਵਰਤੋਂ ਕਰਦੇ ਸਮੇਂ ਓਨਾ ਹੀ ਲਾਪਰਵਾਹ ਹੁੰਦਾ ਗਿਆ। ਦਰਿਆਵਾਂ ਦੇ ਵਹਿਣਾਂ ਨੂੰ ਪਾਕ ਪਵਿੱਤਰ ਅਤੇ ਵਗਦੇ ਪਾਣੀਆਂ ਨੂੰ ਅੰਮ੍ਰਿਤ ਨਿਆਈਂ ਜਾਣਿਆ ਜਾਂਦਾ ਸੀ। ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਦੇ ਇੱਕ ਪੰਜਾਬੀ ਗੀਤ ਦੇ ਬੋਲ ਵਗਦੇ ਪਾਣੀਆਂ ਦੀ ਸਵੱਛਤਾ ਇਉਂ ਬਿਆਨਦੇ ਹਨ:
ਗੋਡੀ ਲਾ ਕੇ ਪੀ ਲੈ ਬੱਲੀਏ,
ਠੰਢਾ ਠਾਰ ਨੀਂ ਕੱਸੀ ਦਾ ਪਾਣੀ।
ਇਹ ਸਤਰਾਂ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਹਨ, ਜਦੋਂ ਮਨੁੱਖ ਨੇ ਏਨੀ ਤਰੱਕੀ ਨਹੀਂ ਸੀ ਕੀਤੀ। ਭਲੇ ਵੇਲਿਆਂ ਦੀ ਗੱਲ ਚੇਤੇ ਕਰਕੇ ਅੱਜ ਦਾ ਤਰੱਕੀ ਯੁੱਗ ਮਨ ਨੂੰ ਉਪਰਾਮ ਕਰਨ ਵਾਲਾ ਜਾਪਦਾ ਹੈ। ਵਧਦੀ ਮਨੁੱਖੀ ਆਬਾਦੀ ਨੇ ਸਭ ਕੁਦਰਤੀ ਸੋਮਿਆਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਪੂਰੇ ਵਿਸ਼ਵ ਵਿੱਚ ਵੱਡੇ ਦਰਿਆ ਐਮੇਜ਼ਨ, ਮਿਸੀਸਿੱਪੀ, ਨੀਲ, ਹਵਾਂਗ ਹੋ, ਸਿੰਧ ਆਦਿ ਪ੍ਰਦੂਸ਼ਿਤ ਹੋ ਗਏ ਹਨ। ਭਾਰਤ ਦਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਦਰਿਆ ਗੰਗਾ (ਨਦੀ) ਵੀ ਅੱਜ ਪ੍ਰਦੂਸ਼ਿਤ ਹੋ ਚੁੱਕਿਆ ਹੈ।
ਰਾਮ ਤੇਰੀ ਗੰਗਾ ਮੈਲੀ ਹੋ ਗਈ,
ਪਾਪੀਓਂ ਕੇ ਪਾਪ ਧੋਤੇ ਧੋਤੇ।
ਪਾਪ ਧੋਣ ਤੱਕ ਤਾਂ ਗੱਲ ਚੱਲ ਜਾਂਦੀ, ਪਰ ਹੁਣ ਤਾਂ ਗੰਗਾ ਦੁਆਲੇ ਵਸਦੇ ਸ਼ਹਿਰਾਂ ਦੇ ਸੀਵਰੇਜ ਪਲਾਂਟਾਂ ਦਾ ਪਾਣੀ ਵੀ ਗੰਗਾ ’ਚ ਸੁੱਟਿਆ ਜਾ ਰਿਹਾ ਹੈ। ਕਿਸੇ ਸਮੇਂ ਲੋਕ ਗੰਗਾਜਲ ਨੂੰ ਪਵਿੱਤਰ ਮੰਨ ਕੇ ਘਰਾਂ ’ਚ ਅਧਿਆਤਮਕ ਕੰਮਾਂ ਲਈ ਵਰਤਦੇ ਸਨ, ਪਰ ਅਫ਼ਸੋਸ ਮਨੁੱਖ ਨੇ ਅਧਿਆਤਮਿਕਤਾ ਨਾਲ ਜੁੜੇ ਇਸ ਦਰਿਆ ਨੂੰ ਵੀ ਨਹੀਂ ਬਖ਼ਸ਼ਿਆ, ਆਪਣੇ ਮਤਲਬ ਲਈ ਬੇਹੱਦ ਪ੍ਰਦੂਸ਼ਿਤ ਕਰ ਦਿੱਤਾ ਹੈ। ਉਂਜ, ਗੰਗਾ ਦੀ ਸਵੱਛਤਾ ਲਈ 2011 ’ਚ ਸਵਾਮੀ ਨਿਗਮਾਨੰਦ 126 ਦਿਨ ਦੇ ਮਰਨ ਵਰਤ ਤੋਂ ਬਾਅਦ ਅਤੇ 2018 ’ਚ ਸਵਾਮੀ ਜੀ.ਡੀ. ਅਗਰਵਾਲ (ਸਵਾਮੀ ਸਾਨੰਦ) 113 ਦਿਨ ਦੇ ਮਰਨ ਵਰਤ ਉਪਰੰਤ ਆਪਣੇ ਪ੍ਰਾਣਾਂ ਦੀ ਆਹੂਤੀ ਪਾ ਗਏ, ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ। ਅਨੇਕਾਂ ਸਰਕਾਰੀ ਤੇ ਗ਼ੈਰ-ਸਰਕਾਰੀ ਵਾਤਾਵਰਣ ਬਚਾਓ ਏਜੰਸੀਆਂ ਦੇ ਸਿਰਤੋੜ ਯਤਨਾਂ ਨਾਲ ਅਤੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਗਾ ਕੇ ਵੀ ਹਾਲੇ ਤੱਕ ਗੰਗਾ ਨੂੰ ਪ੍ਰਦੂਸ਼ਣ ਮੁਕਤ ਨਹੀਂ ਕੀਤਾ ਜਾ ਸਕਿਆ। ਇਸ ਦਾ ਪਾਣੀ ਅੱਜ ਵੀ ਪੀਣਯੋਗ ਨਹੀਂ ਹੋ ਸਕਿਆ। ਇਹ ਭਾਰਤ ਦੇ ਕਰੋੜਾਂ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜੇ ਇੱਕ ਦਰਿਆ ਦੀ ਮਿਸਾਲ ਹੈ।
ਇੱਥੇ ਹੀ ਬੱਸ ਨਹੀਂ, ਪੂਰੇ ਭਾਰਤ ਵਿੱਚ ਕੋਈ ਵੀ ਦਰਿਆ ਅਜਿਹਾ ਨਹੀਂ ਜਿਸ ਵਿੱਚ ਸ਼ਹਿਰਾਂ ਦੀ ਉਦਯੋਗਿਕ ਰਹਿੰਦ-ਖੂੰਹਦ ਨਾ ਰੋੜ੍ਹੀ ਜਾਂਦੀ ਹੋਵੇ, ਫੈਕਟਰੀਆਂ ’ਚੋਂ ਨਿਕਲਦਾ ਗੰਦਾ ਪਾਣੀ ਨਾ ਸੁੱਟਿਆ ਜਾਂਦਾ ਹੋਵੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਪੰਜਾਂ ਪਾਣੀਆਂ ਦਾ ਹੋਰ ਵੀ ਬੁਰਾ ਹਾਲ ਹੈ। ਲਹਿੰਦੇ ਪੰਜਾਬ ’ਚ ਰਾਵੀ ਦਰਿਆ ਨੂੰ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦਰਿਆ ਸਮਝਿਆ ਜਾਂਦਾ ਹੈ। ਬਿਆਸ ਦਰਿਆ ’ਚ ਬੇਸ਼ੱਕ ਪ੍ਰਦੂਸ਼ਣ ਦਾ ਅਸਰ ਘੱਟ ਸਮਝਿਆ ਜਾਂਦਾ ਸੀ, ਪਰ ਮਈ 2018 ’ਚ ਇਹ ਭਰਮ ਵੀ ਉਸ ਵੇਲੇ ਟੁੱਟ ਗਿਆ ਜਦੋਂ ਇੱਕ ਸਵੇਰ ਦਰਿਆ ਨੇੜੇ ਵਸਦੇ ਲੋਕਾਂ ਨੇ ਪਾਣੀ ’ਚ ਮਰੀਆਂ ਮੱਛੀਆਂ ਅਤੇ ਹੋਰ ਮਰੇ ਹੋਏ ਜੀਵ ਵੱਡੇ ਪੱਧਰ ’ਤੇ ਦੇਖੇ। ਬਾਅਦ ਵਿੱਚ ਜਾਂਚ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਗੁਰਦਾਸਪੁਰ ਦੀ ਸ਼ੂਗਰ ਮਿੱਲ ’ਚੋਂ ਬਹੁਤ ਜ਼ਿਆਦਾ ਰਸਾਇਣਾਂ ਯੁਕਤ ਪਦਾਰਥ ਦਰਿਆ ’ਚ ਰਲਣ ਕਾਰਨ ਪਾਣੀ ਏਨਾ ਜ਼ਹਿਰੀਲਾ ਹੋ ਗਿਆ ਸੀ, ਜਿਸ ਨਾਲ ਪਾਣੀ ਵਿਚਲੇ ਅਨੇਕਾਂ ਜੀਵ ਮਰ ਗਏ। ਇਸ ਘਟਨਾ ਨੇ ਉਦਯੋਗਿਕ ਇਕਾਈਆਂ ਦੇ ਕਾਰਜ ਪ੍ਰਬੰਧਾਂ ’ਚ ਵਰਤੀ ਜਾਂਦੀ ਅਣਗਹਿਲੀ ਦੀ ਪੋਲ ਖੋਲ੍ਹ ਦਿੱਤੀ। ਸਾਲ 2022 ਨੇੜੇ ਅਜਿਹੀ ਇੱਕ ਹੋਰ ਘਟਨਾ ਸਾਹਮਣੇ ਆਈ ਜਦੋਂ ਜ਼ੀਰਾ ਸ਼ਰਾਬ ਫੈਕਟਰੀ ਨੇੜੇ ਬੋਰਵੈੱਲਾਂ ਦਾ ਪਾਣੀ ਬਦਬੂਦਾਰ ਤੇ ਗੰਧਲਾ ਹੋਣ ਲੱਗ ਪਿਆ। ਸ਼ਰਾਬ ਫੈਕਟਰੀ ਦਾ ਰਸਾਇਣ ਯੁਕਤ ਸਾਰਾ ਪਾਣੀ ਧਰਤੀ ’ਚ ਹੀ ਡੰਪ ਕਰ ਦਿੱਤਾ ਜਾਂਦਾ ਰਿਹਾ। ਇਹ ਕੰਮ ਫੈਕਟਰੀ ’ਚ ਲਗਭਗ 25 ਅਣਅਧਿਕਾਰਤ ਡੂੰਘੇ ਬੋਰਵੈੱਲਾਂ ਰਾਹੀਂ ਕੀਤਾ ਜਾਂਦਾ ਰਿਹਾ। ਨਤੀਜੇ ਵਜੋਂ, ਫੈਕਟਰੀ ਦੁਆਲੇ 15 ਕਿਲੋਮੀਟਰ ਤੱਕ ਧਰਤੀ ਹੇਠਲਾ ਪਾਣੀ ਏਨਾ ਪ੍ਰਦੂਸ਼ਿਤ ਹੋ ਗਿਆ ਕਿ ਨਾ ਉਹ ਪੀਣਯੋਗ ਰਿਹਾ ਤੇ ਨਾ ਹੀ ਸਿੰਜਾਈ ਯੋਗ। ਆਖ਼ਰ ਲੰਮੇ ਸੰਘਰਸ਼ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਉਦੋਂ ਰਾਹਤ ਮਿਲੀ ਜਦ ਫੈਕਟਰੀ ਬੰਦ ਕਰਨ ਦੇ ਸਰਕਾਰੀ ਹੁਕਮ ਪਾਸ ਹੋਏ। ਜ਼ਾਹਿਰ ਹੈ ਕਿ ਉਦਯੋਗਿਕ ਇਕਾਈਆਂ ਦੇ ਪ੍ਰਬੰਧਕ, ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸ਼ਰਤਾਂ ’ਤੇ ਸੁਹਿਰਦਤਾ ਨਾਲ ਪੂਰੀ ਤਰ੍ਹਾਂ ਅਮਲ ਨਹੀਂ ਕਰਦੇ। ਲਿਖਤੀ ਬੇਸ਼ੱਕ ਸ਼ਰਤਾਂ ਮੰਨ ਲੈਂਦੇ ਹਨ, ਪਰ ਮਿੱਥੇ ਮਾਪਦੰਡਾਂ ’ਤੇ ਪੂਰੇ ਨਹੀਂ ਉਤਰਦੇ।
ਸਤਲੁਜ ਦਰਿਆ ਦਾ ਹਾਲ ਇਸ ਨਾਲੋਂ ਵੀ ਮਾੜਾ ਹੈ ਕਿਉਂਕਿ ਇਸ ’ਚ ਰਲਣ ਵਾਲੀਆਂ ਸਹਾਇਕ ਨਦੀਆਂ ਦਾ ਪਾਣੀ ਉਦਯੋਗਿਕ ਖੇਤਰਾਂ ਦੇ ਰਸਾਇਣਕ ਰਿਸਾਅ ਕਾਰਨ ਬੇਹੱਦ ਪ੍ਰਦੂਸ਼ਿਤ ਹੋ ਚੁੱਕਿਆ ਹੈ, ਜਿਸ ਨਾਲ ਸਥਿਤੀ ਬਹੁਤ ਜ਼ਿਆਦਾ ਖ਼ਤਰਨਾਕ ਹੋਈ ਪਈ ਹੈ। ਇਨ੍ਹਾਂ ਸਹਾਇਕ ਨਦੀਆਂ ’ਚੋਂ ਸਭ ਤੋਂ ਅਹਿਮ ਨਦੀ ‘ਬੁੱਢੇ ਦਰਿਆ’ ਦੇ ਕਾਲੇ ਪਾਣੀ ਦੀ ਸਮੱਸਿਆ ਤਾਂ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਬੁੱਢਾ ਦਰਿਆ ਹੁਣ ਗੰਦਾ ਨਾਲਾ ਹੀ ਜਾਪਣ ਲੱਗ ਪਿਆ ਹੈ। ਦੱਸਦੇ ਹਨ ਕਿ 1980ਵਿਆਂ ਤੱਕ ਇਸ ਦਰਿਆ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਰਿਹਾ। ਇਸ ਦਾ ਮਤਲਬ ਇਹ ਹੈ ਕਿ ਇਸ ਦਾ ਪਾਣੀ ਚਮਕੌਰ ਸਾਹਿਬ ਤੋਂ ਬਹਿਲੋਲਪੁਰ, ਮਾਛੀਵਾੜਾ, ਕੂੰਮਕਲਾਂ, ਲੁਧਿਆਣਾ, ਹੰਬੜਾਂ, ਭੂੰਦੜੀ ਤੇ ਵਲੀਪੁਰ ਤੱਕ ਦੇ ਖੇਤਰ ਦੀ ਪਿਆਸ ਬੁਝਾਉਂਦਾ ਰਿਹਾ ਹੈ। 1984 ਤੋਂ ਬਾਅਦ ਲੁਧਿਆਣਾ ਸ਼ਹਿਰ ਦੀ ਆਬਾਦੀ ਵਧਣ ਦੇ ਨਾਲ ਨਾਲ ਸ਼ਹਿਰ ਦਾ ਵੱਡੇ ਪੱਧਰ ’ਤੇ ਉਦਯੋਗੀਕਰਨ ਹੋਣ ਕਾਰਨ ਇਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਇੱਥੇ ਵਸਦੇ ਲੋਕਾਂ ਦੇ ਕਹਿਣ ਮੁਤਾਬਿਕ, ਹੁਣ ਹਾਲਤ ਇਹ ਹੈ ਕਿ ਸ਼ਹਿਰ ਦੇ ਸੀਵਰੇਜ ਪਲਾਂਟਾਂ ਅਤੇ ਡੇਅਰੀ ਫਾਰਮਿੰਗ ਦਾ ਅਣਸੋਧਿਆ ਪਾਣੀ ਨਾਲੇ ’ਚ ਸੁੱਟਿਆ ਜਾਂਦਾ ਹੈ। ਇਸ ਦੇ ਨਾਲ ਹੀ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ, ਇਲੈਕਟਰੋਪਲੇਟਿੰਗ ਉਦਯੋਗ ਅਤੇ ਹੋਰ ਕਈ ਕਿਸਮ ਦੀਆਂ ਉਦਯੋਗਿਕ ਇਕਾਈਆਂ ਦਾ ਰਸਾਇਣਯੁਕਤ ਪਾਣੀ ਵੀ ਇਸ ਵਿੱਚ ਪਾਇਆ ਜਾਂਦਾ ਹੈ। ਬੇਸ਼ੱਕ, ਉਦਯੋਗਪਤੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਸਾਰਾ ਪਾਣੀ ਸੁਧਾਈ ਉਪਰੰਤ ਹੀ ਨਾਲੇ ਵਿੱਚ ਪਾਇਆ ਜਾਂਦਾ ਹੈ, ਪਰ ਇਹ ਪੂਰਾ ਸੱਚ ਨਹੀਂ।ਵਾਟਰ ਟਰੀਟਮੈਂਟ ਪਲਾਂਟ ਬੇਸ਼ੱਕ ਲਗਾਏ ਗਏ ਹਨ, ਪਰ ਅਸਲੀਅਤ ’ਚ ਇਹ ਪਲਾਂਟ ਓਨੀ ਸਮੱਰਥਾ ਨਾਲ ਕੰਮ ਨਹੀਂ ਕਰਦੇ ਜਿੰਨੀ ਦੀ ਲੋੜ ਹੈ। ਜੇਕਰ ਟਰੀਟਮੈਂਟ ਪਲਾਂਟ ਲਗਾਏ ਵੀ ਹੋਏ ਹਨ, ਉਨ੍ਹਾਂ ਦਾ ਫ਼ਾਇਦਾ ਤਾਂ ਹੀ ਹੈ, ਜੇ ਪੂਰੀ ਤਰ੍ਹਾਂ ਪਾਣੀ ਦੀ ਸੁਧਾਈ ਹੋ ਸਕੇ ਪਰ ਇਹ ਨਹੀਂ ਹੋ ਰਿਹਾ। ਹਾਲਤ ਵਿਗੜਦੇ ਜਾ ਰਹੇ ਹਨ। ਬੁੱਢੇ ਨਾਲੇ ਦਾ ਕਾਲਾ ਪਾਣੀ ਸਤਲੁਜ ’ਚ ਮਿਲ ਕੇ ਵੱਡੇ ਪੱਧਰ ’ਤੇ ਪਾਣੀ ਪ੍ਰਦੂਸ਼ਿਤ ਕਰ ਰਿਹਾ ਹੈ, ਜੋ ਦੱਖਣੀ ਪੰਜਾਬ ਦੇ ਮਾਲਵੇ ਤੋਂ ਰਾਜਸਥਾਨ ਤੱਕ ਕੈਂਸਰ, ਕਾਲਾ ਪੀਲੀਆ, ਹੈਪੇਟਾਈਟਸ ਸੀ ਅਤੇ ਚਮੜੀ ਦੀਆਂ ਬਿਮਾਰੀਆਂ ਸਮੇਤ ਅਨੇਕਾਂ ਭਿਆਨਕ ਰੋਗਾਂ ਦਾ ਕਾਰਨ ਬਣ ਰਿਹਾ ਹੈ। ਬੁੱਢੇ ਨਾਲੇ ਦੇ ਆਸੇ-ਪਾਸੇ ਦੇ ਖੇਤਰ ਦਾ ਜ਼ਮੀਨਦੋਜ਼ ਪਾਣੀ ਵੀ ਏਨਾ ਦੂਸ਼ਿਤ ਹੋ ਚੁੱਕਿਆ ਹੈ ਕਿ ਪੀਣਯੋਗ ਤਾਂ ਕੀ, ਸਿੰਜਾਈ ਯੋਗ ਵੀ ਨਹੀਂ ਰਿਹਾ। ਇੱਥੋਂ ਦੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਪਿਛਲੇ ਕੁਝ ਸਮੇਂ ਤੋਂ ਵਾਤਾਵਰਣ ਪ੍ਰੇਮੀ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ‘ਕਾਲੇ ਪਾਣੀ ਦਾ ਮੋਰਚਾ’ ਨਾਂ ਥੱਲੇ ਮੁਹਿੰਮ ਚਲਾਈ ਹੋਈ ਹੈ। ਦਸੰਬਰ ਦੇ ਸ਼ੁਰੂ ਵਿੱਚ ਮੋਰਚੇ ਵੱਲੋਂ ਇਸ ਮੁਹਿੰਮ ਤਹਿਤ ਜਲ ਪ੍ਰਦੂਸ਼ਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਪੰਜਾਬ ਭਰ ਦੇ ਲੋਕਾਂ ਨੂੰ ਲੁਧਿਆਣੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਸ ਤੋਂ ਘਬਰਾ ਕੇ ਕੱਪੜਾ ਰੰਗਣ ਵਾਲੀਆਂ ਫੈਕਟਰੀਆਂ ਦੇ ਪ੍ਰਬੰਧਕਾਂ ਨੇ ਸਹਿਯੋਗ ਕਰਨ ਦੀ ਬਜਾਏ ਹਮਲਾਵਰ ਰੁਖ਼ ਅਖਤਿਆਰ ਕਰਦਿਆਂ ਸਮਾਜਸੇਵੀ ਮੋਰਚੇ ਦੇ ਆਗੂਆਂ ’ਤੇ ਬਲੈਕਮੇਲਰ ਹੋਣ ਤੱਕ ਦੇ ਦੋਸ਼ ਲਾ ਧਰੇ। ਪ੍ਰਸ਼ਾਸਨ ਨੇ ਭੜਕਾਊ ਤਕਰੀਰਾਂ ਕਰਨ ਵਾਲੇ ਉਦਯੋਗਪਤੀਆਂ ’ਤੇ ਬਣਦੀ ਕਾਰਵਾਈ ਨਹੀਂ ਕੀਤੀ। ਦੂਜੇ ਬੰਨੇ, ਪੰਜਾਬ ਭਰ ਤੋਂ ਪੀੜਤ ਲੋਕਾਂ ਅਤੇ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਕੁਚਲਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਗਿਆ। ਇਉਂ ਲੋਕਾਂ ਨੂੰ ਜ਼ਹਿਰ ਦੇ ਘੁੱਟ ਭਰਨ ਲਈ ਮਜਬੂਰ ਵੀ ਕੀਤਾ ਜਾ ਰਿਹਾ ਤੇ ਰੋਣ ਵੀ ਨਹੀਂ ਦਿੱਤਾ ਜਾ ਰਿਹਾ। ਮੁੱਕਦੀ ਗੱਲ ਇਹ ਹੈ ਕਿ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਅਜਿਹਾ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਹੋਰ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਵਿਰੁੱਧ ਸਮਾਜਸੇਵੀ ਤੇ ਵਾਤਾਵਰਨ ਬਚਾਓ ਜਥੇਬੰਦੀਆਂ ਲੰਮੇ ਸਮੇਂ ਤੋਂ ਆਪਣੀ ਆਵਾਜ਼ ਬੁਲੰਦ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੰਘਰਸ਼ ਦੇ ਰਾਹ ਪਈਆਂ ਹੋਈਆਂ ਹਨ।ਪਾਣੀ ਪਲੀਤ ਕਰਨ ਲਈ ਜ਼ਿੰਮੇਵਾਰ ਤੰਤਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕਦੀ। ਲੋਕ ਬੋਤਲ ਬੰਦ ਪਾਣੀ ਪੀਣ ਅਤੇ ਘਰ ਘਰ ਆਰ.ਓ. ਸਿਸਟਮ ਲਗਾ ਕੇ ਪਾਣੀ ਪੀਣਯੋਗ ਬਣਾਉਣ ਲਈ ਮਜਬੂਰ ਹਨ, ਬੇਸ਼ੱਕ ਇਸ ਲਈ ਉਨ੍ਹਾਂ ਨੂੰ ਭਾਰੀ ਕੀਮਤ ਹੀ ਕਿਉਂ ਨਾ ਤਾਰਨੀ ਪੈਂਦੀ ਹੋਵੇ। ਅੱਜ ਕੋਈ ਵੀ ਨਲਕਿਆਂ, ਘੜਿਆਂ, ਖੂਹਾਂ ਜਾਂ ਟੂਟੀਆਂ ਦਾ ਪਾਣੀ ਨਹੀਂ ਪੀ ਸਕਦਾ, ਨਹਿਰਾਂ ਜਾਂ ਕੱਸੀਆਂ ਤੋਂ ਓਕ ਲਾ ਕੇ ਪਾਣੀ ਪੀਣਾ ਤਾਂ ਦੂਰ ਦੀ ਗੱਲ ਹੈ। ਆਰ.ਓ. ਸਿਸਟਮ ਅਤੇ ਬੰਦ ਬੋਤਲ ਪਾਣੀ ਦਾ ਵੀ ਇੱਕ ਵੱਖਰਾ ਉਦਯੋਗ ਹੋਂਦ ’ਚ ਆ ਗਿਆ ਹੈ।
ਘੜੇ, ਨਲਕੇ ਅਤੇ ਦਰਿਆ ਨਮੋਸ਼ੀ ਵਿੱਚ ਡੁੱਬੇ ਨੇ,
ਜਦੋਂ ਦਾ ਬੋਤਲਾਂ ਵਿੱਚ ਬੰਦ ਹੋ ਕੇ ਵਿਕ ਰਿਹਾ ਪਾਣੀ।
ਇਹ ਵਰਤਾਰਾ ਵੀ ਅੱਖੀਂ ਦੇਖ ਸਾਨੂੰ ਪੈ ਰਿਹਾ ਜੀਣਾ,
ਵਿਕੇ ਮੰਡੀ ’ਚ ਸਸਤਾ ਖ਼ੂਨ, ਮਹਿੰਗਾ ਵਿਕ ਰਿਹਾ ਪਾਣੀ। ਸੁਰਿੰਦਰਪ੍ਰੀਤ ਘਣੀਆ
ਉਪਰੋਕਤ ਸਤਰਾਂ ਦੇ ਸ਼ਾਇਰ ਨੇ ਅੱਜ ਦੇ ਦੌਰ ਦੀ ਸਪੱਸ਼ਟ ਤਸਵੀਰ ਪੇਸ਼ ਕਰ ਦਿੱਤੀ ਹੈ। ਜੇ ਅਸੀਂ ਹੁਣ ਵੀ ਪਾਣੀਆਂ ਦੀ ਸੰਭਾਲ ਨਾ ਕੀਤੀ ਤਾਂ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ। ਇਹ ਗੱਲ ਸੁਣਦੇ ਆਏ ਹਾਂ ਕਿ ਆਉਂਦੇ ਸਮਿਆਂ ’ਚ ਤੀਜੀ ਵਿਸ਼ਵ ਜੰਗ ਪਾਣੀ ਲਈ ਲੱਗੇਗੀ। ਜੇ ਅਸੀਂ ਹੁਣ ਵੀ ਨਾ ਸੰਭਲੇ ਅਤੇ ਪਾਣੀ, ਹਵਾ ਤੇ ਧਰਤੀ ਨੂੰ ਦੂਸ਼ਿਤ ਹੋਣੋਂ ਨਾ ਬਚਾਇਆ ਤਾਂ ਇਹ ਗੱਲ ਸੱਚ ਹੋਣ ’ਚ ਸ਼ਾਇਦ ਬਹੁਤੀ ਦੇਰ ਨਹੀਂ ਲੱਗਣੀ।
ਇਸ ਲਈ ਹੁਣ ਚਾਹੀਦਾ ਇਹ ਹੈ ਕਿ ਆਲਮੀ ਪੱਧਰ ’ਤੇ ਪਾਣੀਆਂ ਦੀ ਸੰਭਾਲ ਵਾਸਤੇ ਦੁਨੀਆ ਭਰ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਪੂਰੀ ਸੰਜੀਦਗੀ ਨਾਲ ਜਲ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ। ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਲਈ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਜਾਣ, ਉਦਯੋਗਿਕ ਖੇਤਰਾਂ ਵਿੱਚ ਵੱਡੀ ਸਮਰੱਥਾ ਵਾਲੇ ਕਾਮਨ ਐਫਲੂਏਂਟ ਟਰੀਟਮੈਂਟ ਪਲਾਂਟ ਸਥਾਪਤ ਕੀਤੇ ਜਾਣ, ਲੋੜ ਮੁਤਾਬਿਕ ਉਦਯੋਗਿਕ ਇਕਾਈਆਂ ਕੈਪਟਿਵ ਐਫਲੂਏਂਟ ਟਰੀਟਮੈਂਟ ਪਲਾਂਟ ਵੀ ਲਗਾਉਣ ਅਤੇ ਇਨ੍ਹਾਂ ਦੀ ਸਮੇਂ ਸਮੇਂ ਜਾਂਚ ਕਰਨੀ ਯਕੀਨੀ ਬਣਾਈ ਜਾਵੇ। ਪੁਰਾਣੇ ਟਰੀਟਮੈਂਟ ਪਲਾਂਟਸ ਨੂੰ ਲੋੜ ਮੁਤਾਬਿਕ ਮੁੜ ਨਵਿਆਇਆ ਜਾਵੇ ਤਾਂ ਕਿ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਬਣੀ ਰਹੇ। ਇਸ ਤੋਂ ਇਲਾਵਾ ਮਾਹਿਰ ਵਾਤਾਵਰਨ ਵਿਗਿਆਨੀਆਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਨਵੀਆਂ ਤਕਨੀਕਾਂ ਅਮਲ ’ਚ ਲਿਆਂਦੀਆਂ ਜਾਣ ਅਤੇ ਪੂਰੀ ਸੁਹਿਰਦਤਾ ਨਾਲ ਪਾਣੀ ਦੀ ਸੁਧਾਈ ਯਕੀਨੀ ਬਣਾਈ ਜਾਵੇ। ਜੇ ਹੋ ਸਕੇ ਤਾਂ ਸੋਧੇ ਹੋਏ ਪਾਣੀਆਂ ਦੀ ਮੁੜ ਵਰਤੋਂ ਖੇਤੀਬਾੜੀ ਤੇ ਉਦਯੋਗਿਕ ਕਾਰਜਾਂ ਵਿੱਚ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਭ ਲਈ ਯੋਜਨਾਬੱਧ ਪ੍ਰੋਜੈਕਟ ਤਿਆਰ ਕੀਤੇ ਜਾਣ। ਇਸ ਤਰ੍ਹਾਂ ਦੇ ਪ੍ਰਬੰਧ ਤੇ
ਕੋਸ਼ਿਸ਼ ਕੀਤੀ ਜਾਵੇ ਕਿ ਸੋਧੇ ਹੋਏ ਪਾਣੀ ਵੀ ਪੀਣ ਵਾਲੇ ਪਾਣੀਆਂ ਦੇ ਕੁਦਰਤੀ ਜਲ ਸਰੋਤਾਂ ’ਚ ਮੁੜ ਨਾ ਰਲ ਸਕਣ।
ਸਰਕਾਰਾਂ, ਪ੍ਰਸ਼ਾਸਨ ਅਤੇ ਉਦਯੋਗਪਤੀਆਂ ਦੇ ਨਾਲ-ਨਾਲ ਪੂਰੀ ਦੁਨੀਆ ਦੇ ਲੋਕ ਵੀ ਜਾਗਰੂਕ ਹੋਣ। ਉਹ ਅਜੋਕੀ ਤਰੱਕੀ-ਦੌੜ ਅਤੇ ਵਾਤਾਵਰਨ ’ਚ ਏਨਾ ਕੁ ਸੰਤੁਲਨ ਬਣਾਈ ਰੱਖਣ ਕਿ ਜ਼ਿੰਦਗੀ ਮਾਣਨ ਯੋਗ ਬਣੀ ਰਹੇ। ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਮਨੁੱਖ ਤਰੱਕੀ-ਦੌੜ ’ਚ ਏਨਾ ਗਲਤਾਨ ਹੋ ਗਿਆ ਹੈ ਕਿ ਉਹ ਆਪਣੀ ਮੌਤ ਦਾ ਸਾਮਾਨ ਆਪ ਤਿਆਰ ਕਰੀ ਜਾ ਰਿਹਾ ਹੈ। ਚੰਗੀ ਜ਼ਿੰਦਗੀ ਜਿਊਣ ਦਾ ਸਭਨਾਂ ਨੂੰ ਬਰਾਬਰ ਹੱਕ ਹੈ। ਇਹ ਗੱਲ ਹਰੇਕ ਇਨਸਾਨ ਨੂੰ ਸਮਝ ਲੈਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਤੁਹਾਡੀ ਤਰੱਕੀ ਦੇ ਰਾਹ ’ਚ ਆਉਣ ਵਾਲੇ ਲੋਕਾਂ ਨੂੰ ਤੁਸੀਂ ਕੀੜੇ ਮਕੌੜੇ ਸਮਝ ਕੇ ਦਰੜਦੇ ਜਾਓ। ਸੋਹਣੀ ਜ਼ਿੰਦਗੀ ਜੀਓ, ਦੂਸਰਿਆਂ ਨੂੰ ਜਿਊਣ ਦਿਓ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਅਸੀਂ ਗੁਰੂਆਂ, ਪੀਰਾਂ ਅਤੇ ਸਾਡੇ ਰਹਿਬਰਾਂ ਦੇ ਕਥਨਾਂ ’ਤੇ ਅਮਲ ਕਰਕੇ ਸਬਰ-ਸੰਤੋਖ ਵਾਲੀ ਜੀਵਨ ਜਾਚ ਅਪਨਾ ਲਈਏ, ਸਿਰਫ਼ ਪਾਣੀ ਨੂੰ ਹੀ ਨਹੀਂ ਸਗੋਂ ਪੂਰੇ ਵਾਤਾਵਰਨ ਨੂੰ ਸਵੱਛ ਰੱਖੀਏ ਅਤੇ ਗੁਰਬਾਣੀ ਦੇ ਸ਼ਬਦਾਂ ’ਤੇ ਪਹਿਰਾ ਦਿੰਦਿਆਂ ਕੁਦਰਤ ਦੇ ਨਿਯਮਾਂ ਨੂੰ ਸਮਝੀਏ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।।
ਸੰਪਰਕ: 94172-87122