For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

04:49 AM Jun 14, 2025 IST
ਪਾਠਕਾਂ ਦੇ ਖ਼ਤ
Advertisement

ਬੇਹਿਸਾਬਾ ਸ਼ਹਿਰੀਕਰਨ
13 ਜੂਨ ਨੂੰ ਜੀਕੇ ਸਿੰਘ ਦਾ ਲੇਖ ‘ਬੇਹਿਸਾਬਾ ਸ਼ਹਿਰੀਕਰਨ ਪਰ ਕਿਸ ਕੰਮ’ ਪੰਜਾਬ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਵਿਕਾਸ ਦੇ ਨਾਂ ’ਤੇ ਚੱਲ ਰਹੇ ਵਰਤਾਰੇ ਤੋਂ ਪੈਦਾ ਹੋਏ ਹਾਲਾਤ ’ਤੇ ਚਾਨਣ ਪਾਉਂਦਾ ਹੈ। ਜੇ ਦਹਾਕਿਆਂ ਤੋਂ ਸ਼ਹਿਰੀਕਰਨ ਦੇ ਨਾਂ ਉੱਤੇ ਵਿਕਸਤ ਹੋਈਆਂ ਕਲੋਨੀਆਂ ਦੇ ਪ੍ਰਮੋਟਰਾਂ, ਡਿਵੈਲਪਰਾਂ ਦੇ ਪਿਛੋਕੜ ਬਾਰੇ ਨਜ਼ਰ ਮਾਰੀ ਜਾਵੇ ਤਾਂ ਸਹਿਜੇ ਹੀ ਪਤਾ ਕੀਤਾ ਜਾ ਸਕਦਾ ਹੈ ਕਿ ਕਿਵੇਂ ਇਸ ਸਮੱਸਿਆ ਲਈ ਰਾਜਨੀਤੀ-ਅਫ਼ਸਰਸ਼ਾਹੀ ਦੇ ਗੱਠਜੋੜ ਰਾਹੀਂ ਸ਼ਹਿਰੀ ਵਿਕਾਸ ਦੀ ਨੀਤੀ ਲਾਗੂ ਕਰਨ ਦੀ ਢਿੱਲ ਦਾ ਲਾਹਾ ਲੈ ਕੇ ਇਹ ਹਾਲਾਤ ਪੈਦਾ ਹੋਣ ਦਿੱਤੇ ਗਏ। ਸ਼ਹਿਰੀਕਰਨ ਦੀ ਇਸ ਦੌੜ ਵਿੱਚ, ਮੰਗ ਦੇ ਬਾਵਜੂਦ, ਸ਼ੁਰੂ ਤੋਂ ਹੀ ਸਰਕਾਰੀ (ਪੁੱਡਾ) ਸੁਸਤ ਰਫ਼ਤਾਰੀ ਕਾਰਨ ਪ੍ਰਾਈਵੇਟ ਡਿਵੈਲਪਰਾਂ ਨੂੰ ਖੁੱਲ੍ਹ ਮਿਲੀ, ਜਿਸ ਦੀ ਤਸਦੀਕ ਹਰ ਛੋਟੇ-ਵੱਡੇ ਸ਼ਹਿਰ ਦੇ ਬਾਹਰਵਾਰ ਦੇ ਖੇਤਰਾਂ ਵਿੱਚ ਤੰਗ ਸੜਕਾਂ ਵਾਲੀਆਂ, ਪਾਣੀ, ਸੀਵਰੇਜ, ਪਾਰਕਾਂ ਜਿਹੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੀਆਂ ਅਣਗਿਣਤੀ ਰਿਹਾਇਸ਼ੀ ਕਾਲੋਨੀਆਂ ਅਤੇ ਵਪਾਰਕ ਕੰਪਲੈਕਸਾਂ ਦੀ ਹੋਈ ਉਸਾਰੀ ਕਰਦੀ ਹੈ। ਬੁਨਿਆਦੀ ਸਹੂਲਤਾਂ ਅਤੇ ਵਧੀਆ ਆਵਾਜਾਈ ਦੇ ਪ੍ਰਬੰਧ ਨਾਲ ਪਿੰਡਾਂ ਵਿੱਚ ਵਸਦੀ ਆਬਾਦੀ ਨੂੰ ਕੁਝ ਹੱਦ ਤਕ ਮਹਿੰਗੀਆਂ ਸ਼ਹਿਰੀ ਪਰ ਸਹੂਲਤਾਂ ਤੋਂ ਸੱਖਣੀਆਂ ਥਾਵਾਂ ’ਤੇ ਵਸਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਸ ਵਿਗਾੜ ਨੂੰ ਦਰੁਸਤ ਕੀਤਾ ਜਾ ਸਕਦਾ ਹੈ ਬਸ਼ਰਤੇ ਸਰਕਾਰ ਉਨ੍ਹਾਂ ਦੇ ਪਿੰਡਾਂ ਨਾਲ ਲਗਦੇ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਯੋਜਨਾਬੱਧ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰੇ।
ਪ੍ਰੋ. ਨਵਜੋਤ ਸਿੰਘ, ਪਟਿਆਲਾ

Advertisement

ਅਸੁਰੱਖਿਆ ਦਾ ਮਾਹੌਲ
13 ਜੂਨ ਦਾ ਸੰਪਾਦਕੀ ‘ਏਅਰ ਇੰਡੀਆ ਹਾਦਸਾ’ ਪੜ੍ਹਿਆ। ਇਹ ਅਜਿਹੀ ਘਟਨਾ ਹੈ ਜਿਸ ਨੇ ਮਾਨਵੀ ਸੰਵੇਦਨਾ ਅਤੇ ਮੌਤ ਦੇ ਮਨੋਵਿਗਿਆਨਕ ਪਹਿਲੂਆਂ ਨੂੰ ਉਜਾਗਰ ਕੀਤਾ ਹੈ। ਬਿਨਾਂ ਸ਼ੱਕ ਅਹਿਮਦਾਬਾਦ ਹਵਾਈ ਹਾਦਸੇ ਵਰਗੀਆਂ ਘਟਨਾਵਾਂ ਨਾ ਸਿਰਫ਼ ਵਿਛੜ ਚੁੱਕੇ ਪਰਿਵਾਰਾਂ ਨੂੰ ਸਦਮੇ ਵਿੱਚ ਪਾਉਂਦੀਆਂ ਹਨ ਸਗੋਂ ਸਮੁੱਚੇ ਸਮਾਜ ਵਿੱਚ ਅਸੁਰੱਖਿਆ ਦਾ ਮਾਹੌਲ ਪੈਦਾ ਕਰਦੀਆਂ ਹਨ। ਇੱਥੇ ਦੱਸਣਯੋਗ ਪਹਿਲੂ ਇਹ ਹੈ ਕਿ ਕੋਈ ਵੀ ਹਾਦਸਾ ਵਾਪਰਨ ਤੋਂ ਬਾਅਦ ਕੁਝ ਦਿਨਾਂ ਤਕ ਜਾਂਚ ਦੀਆਂ ਗੱਲਾਂ ਹੁੰਦੀਆਂ ਹਨ, ਅਜਿਹੇ ਦਰਦਨਾਕ ਹਾਦਸੇ ਕਿਉਂ ਵਾਪਰਦੇ ਹਨ, ਇਹ ਮਾਮਲੇ ਠੰਢੇ ਬਸਤੇ ਵਿੱਚ ਪੈ ਜਾਂਦੇ ਹਨ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਹੁਣ ਸਵਾਲ ਪੁੱਛਣਾ ਬਣਦੈ...
‘ਖ਼ੌਫ਼ ਦੇ ਮਾਹੌਲ ’ਚ ਸੁੰਗੜਦੀ ਅਕਾਦਮਿਕ ਆਜ਼ਾਦੀ’ (4 ਜੂਨ) ਲੇਖ ਵਿੱਚ ਅਵਿਜੀਤ ਪਾਠਕ ਦਾ ਇਹ ਸਵਾਲ ਕਿ ਕੀ ਹੁਣ ਅਧਿਆਪਕਾਂ ਅਤੇ ਬੁੱਧੀਜੀਵੀਆਂ ਨੂੰ ਕਲਾਸਰੂਮ ’ਚ ਆਉਣ, ਬੋਲਣ ਜਾਂ ਕੁਝ ਲਿਖਣ ਤੋਂ ਪਹਿਲਾਂ ਕਾਨੂੰਨੀ ਸਲਾਹ ਲੈਣੀ ਪਵੇਗੀ, ਅਜਿਹਾ ਸਵਾਲ ਹੈ, ਜੋ ਹਰ ਪੜ੍ਹਨ-ਲਿਖਣ ਵਾਲੇ ਦੇ ਮਨ ਨੂੰ ਪਰੇਸ਼ਾਨ ਕਰਦਾ ਹੈ। ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਵਾਲਾ ਵਾਕਿਆ ਬਹੁਤ ਦੁਖਦਾਈ ਹੈ। ਹੁਣ ਇਹ ਸਵਾਲ ਹਰ ਪਾਸਿਓਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਅਪਰੇਸ਼ਨ ਸਿੰਧੂਰ ਜਾਂ ਅੱਜ ਦੇ ਨਵੇਂ ਰਾਸ਼ਟਰਵਾਦ ਨੂੰ ਲੈ ਕੇ ਨੌਜਵਾਨ ਪ੍ਰੋਫੈਸਰ ਨੇ ਆਪਣੇ ਅੰਦਾਜ਼ ਵਿੱਚ ਜੋ ਲਿਖਿਆ, ਉਸ ਵਿੱਚ ਇਤਰਾਜ਼ ਦੀ ਗੱਲ ਕਿੱਥੇ ਸੀ? ਸਭ ਤੋਂ ਵੱਧ ਹੈਰਾਨੀ ਨਿਆਂਪਾਲਿਕਾ ਦੇ, ਪਿਛਲੇ ਕੁਝ ਸਾਲਾਂ ਤੋਂ ਖਿੱਚੀ ਜਾ ਰਹੀ ਲਕੀਰ ਦਾ ਫਕੀਰ ਹੋਣ ’ਤੇ ਹੋਈ। ਇੱਕ ਵਾਰ ਫਿਰ ਉਮੀਦ ’ਤੇ ਪਾਣੀ ਫਿਰਦਾ ਮਹਿਸੂਸ ਹੋਇਆ। ਬੀਤੇ ਦਹਾਕੇ ਤੋਂ ਬੋਲਣ-ਲਿਖਣ ਵਾਲਿਆਂ ਲਈ ਮੁਸ਼ਕਿਲ ਬਣ ਰਹੇ ਹਾਲਾਤ ਨੂੰ ਦੇਖਦਿਆਂ ਲੱਗਦਾ ਹੈ ਕਿ ਹੁਣ ਚੁੱਪ ਹੋ ਕੇ ਬੈਠਣ ਦਾ ਵੇਲਾ ਨਹੀਂ। ਅਜੋਕੇ ਮਾਹੌਲ ਵਿੱਚ ਬੁੱਧੀਜੀਵੀਆਂ ਦੇ ਮਨਾਂ ’ਤੇ ਲਗਾਤਾਰ ਪੈਣ ਵਾਲੇ ਦਬਾਵਾਂ ਨੂੰ ਆਪੋ-ਆਪਣੀ ਸਮਰੱਥਾ ਮੁਤਾਬਿਕ ਜਨਤਕ ਧਰਾਤਲ ’ਤੇ ਲਿਆਉਣਾ ਜ਼ਰੂਰੀ ਹੋ ਗਿਆ ਹੈ।
ਸ਼ੋਭਨਾ ਵਿਜ, ਪਟਿਆਲਾ
ਘੁੰਡ ਵਿੱਚ ਨਹੀਂ ਲੁਕਦੇ
24 ਮਈ ਦੇ ਸਤਰੰਗ ਪੰਨੇ ਉੱਤੇ ਛਪੇ ਲੇਖ ਵਿੱਚ ਅਸ਼ੋਕ ਬਾਂਸਲ ਮਾਨਸਾ ਨੇ ਸਾਜਨ ਰਾਏਕੋਟੀ ਦੀ ਗੀਤਕਾਰੀ ਅਤੇ ਸੰਘਰਸ਼ ਬਾਰੇ ਚਾਨਣਾ ਪਾਇਆ ਹੈ। ਉਸ ਦੇ ਲਿਖੇ ਗੀਤ ਨਾਮਵਰ ਕਲਾਕਾਰਾਂ ਜਿਵੇਂ ਹਰਚਰਨ ਗਰੇਵਾਲ, ਸੁਦੇਸ਼ ਕਪੂਰ, ਰਜਿੰਦਰ ਰਾਜਨ, ਸੁਰਿੰਦਰ ਛਿੰਦਾ, ਮਨਮੋਹਣ ਵਾਰਸ ਨੇ ਗਾਏ। ਉਸ ਦਾ ਪਹਿਲਾ ਗੀਤ ਰਮੇਸ਼ ਰੰਗੀਲਾ ਨੇ ਗਾਇਆ: ‘ਨੈਣ ਪ੍ਰੀਤੋ ਦੇ ਬਹਿਜਾ ਬਹਿਜਾ ਕਰਦੇ’। ਜਗਮੋਹਣ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਗੀਤ ‘ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ’ ਬੜਾ ਮਕਬੂਲ ਹੋਇਆ। ਉਸ ਸਮੇਂ ਇੰਦਰਜੀਤ ਹਸਨਪੁਰੀ, ਦੇਵ ਦਿਲਗੀਰ, ਬਾਬੂ ਸਿੰਘ ਮਾਨ ਮਰਾੜਾਂਵਾਲਾ ਉਸ ਦੇ ਸਮਕਾਲੀ ਗੀਤਕਾਰ ਸਨ। ਪੰਜਾਬ ਦਾ ਪ੍ਰਸਿੱਧ ਗਾਇਕ ਤੇ ਗੀਤਕਾਰ ਚਾਂਦੀ ਰਾਮ ਚਾਂਦੀ ਸਾਜਨ ਰਾਏਕੋਟੀ ਦਾ ਸ਼ਗਿਰਦ ਸੀ। ਰਾਏਕੋਟੀ ਦੇ ਲਿਖੇ ਗੀਤ ਅੱਜ ਵੀ ਲੋਕਾਂ ਵਿੱਚ ਹਰਮਨ ਪਿਆਰੇ ਹਨ। ਉਸ ਦੇ ਕਈ ਗੀਤ ਤਾਂ ਲੋਕ ਗੀਤ ਦਾ ਦਰਜਾ ਹਾਸਲ ਕਰ ਚੁੱਕੇ ਹਨ। ਇਸੇ ਦਿਨ ਇਸੇ ਪੰਨੇ ਉੱਤੇ ਲੋਕ ਗੀਤਾਂ ਵਰਗੇ ਗੀਤਾਂ ਦੇ ਸਿਰਜਕ ਨੰਦ ਲਾਲ ਨੂਰਪੁਰੀ ਬਾਰੇ ਡਾ. ਇਕਬਾਲ ਸਿੰਘ ਸਕਰੌਦੀ ਦਾ ਲੇਖ ਵੀ ਪੜ੍ਹਿਆ। ਨੂਰਪੁਰੀ ਨੇ ਦੇਸ਼ ਦੀ ਵੰਡ ਦਾ ਦਰਦ ਹੰਢਾਇਆ। ਉਸ ਦਾ ਜੀਵਨ ਬਹੁਤ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਰਿਆ। ਉਹ ਗ਼ਰੀਬੀ ਦੀ ਦਲਦਲ ਵਿੱਚੋਂ ਬਾਹਰ ਨਾ ਨਿਕਲ ਸਕਿਆ ਪਰ ਉਸ ਦੇ ਗੀਤ ਲੋਕ ਅੱਜ ਵੀ ਸੁਣਦੇ ਹਨ।
ਗੋਵਿੰਦਰ ਜੱਸਲ, ਸੰਗਰੂਰ
ਮਾਲਵੇ ਦੀ ਤਸਵੀਰ
24 ਮਈ ਦੇ ਅੰਕ ਵਿੱਚ ਰਮੇਸ਼ਵਰ ਸਿੰਘ ਦਾ ਲੇਖ ‘ਕੱਲ੍ਹ ਦਾ ਮਾਲਵਾ’ ਪੜ੍ਹਿਆ। ਇਸ ਵਿੱਚ ਪੰਜਾਬ, ਖ਼ਾਸਕਰ ਮਾਲਵੇ ਦੇ ਪੇਂਡੂ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਪੁਰਾਣੇ ਮਾਲਵੇ ਦੇ ਹੂ-ਬ-ਹੂ ਦਰਸ਼ਨ ਕਰਨ ਨੂੰ ਮਿਲੇ। ਨਵੀਂ ਪੀੜ੍ਹੀ ਲਈ ਇਹ ਲੇਖ ਵਡਮੁੱਲੀ ਜਾਣਕਾਰੀ ਦਾ ਸਰਮਾਇਆ ਹੈ।
ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)
ਲੈਂਡ ਪੂਲਿੰਗ ਨੀਤੀ
ਲੈਂਡ ਪੂਲਿੰਗ ਨੀਤੀ ਨਾ ਤਾਂ ਲੋਕ ਪੱਖੀ ਅਤੇ ਨਾ ਹੀ ਕਿਸਾਨਾਂ ਦੇ ਹਿੱਤ ਵਿੱਚ ਹੈ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਇੱਥੇ ਰੁਜ਼ਗਾਰ ਦਾ ਮੁੱਖ ਸਾਧਨ ਹੈ। ਜਦੋਂ ਕਿਸਾਨ ਲੱਖਾਂ ਕਰੋੜਾਂ ਰੁਪਏ ਵਿੱਚ ਜ਼ਮੀਨਾਂ ਵੇਚ ਦਿੰਦੇ ਹਨ ਤਾਂ ਉਨ੍ਹਾਂ ਦੇ ਪੁੱਤਰ ਵੱਡੀਆਂ ਕੋਠੀਆਂ, ਵੱਡੀਆਂ ਗੱਡੀਆਂ, ਮਹਿੰਗੇ ਰਿਵਾਲਵਰ ਆਦਿ ਰੱਖਣ ਦੇ ਸ਼ੌਕ ਪਾਲ ਲੈਂਦੇ ਹਨ। ਇਹ ਸ਼ੌਕ ਬਹੁਤ ਵਾਰ ਜਾਨਲੇਵਾ ਸਿੱਧ ਹੁੰਦੇ ਹਨ। ਕਿਸਾਨਾਂ ਨੂੰ ਹਰੇ ਭਰੇ ਖੇਤਾਂ ਵਿੱਚ ਗੇੜਾ ਮਾਰ ਕੇ ਜੋ ਤੰਦਰੁਸਤੀ ਤੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ, ਉਹ ਸ਼ਹਿਰੀ ਖੇਤਰ ਦੇ 1000 ਵਰਗ ਗਜ਼ ਜਾਂ ਵਪਾਰਕ ਸ਼ੋਅ ਰੂਮ ਦੀ ਮਾਲਕੀ ਤੋਂ ਨਹੀਂ ਮਿਲਣੀ। ਉਂਝ ਵੀ ਭੂ-ਮਾਫੀਆ, ਬਿਲਡਰ, ਪ੍ਰਾਪਰਟੀ ਡੀਲਰ ਅਜਿਹੇ ਪ੍ਰਾਜੈਕਟਾਂ ਤੋਂ ਬਹੁਤ ਮੁਨਾਫ਼ਾ ਕਮਾਉਂਦੇ ਹਨ।
ਸੋਹਣ ਲਾਲ ਗੁਪਤਾ, ਪਟਿਆਲਾ

Advertisement
Advertisement

Advertisement
Author Image

Jasvir Samar

View all posts

Advertisement