ਪਾਠਕਾਂ ਦੇ ਖ਼ਤ
ਸਾਂਝ ਦੇ ਸੁਨੇਹੇ
ਨਜ਼ਰੀਆ ਪੰਨੇ ’ਤੇ ਲੇਖ ‘ਧਰਤੀ ਉੱਤੇ ਲੜਾਈ ਨਹੀਂ, ਸਾਂਝ ਪਾਓ’ (16 ਮਈ) ਵਿੱਚ ਮਦਨਦੀਪ ਸਿੰਘ ਦੇ ਵਿਚਾਰ ਪੜ੍ਹੇ ਤਾਂ ਦਿਮਾਗ ਦੇ ਕੈਨਵਸ ’ਤੇ ਮੁਲਕ ਦੇ ਵਰਤਮਾਨ ਅਤੇ ਪੰਜਾਬ ਦੇ ਤਿੰਨ ਦਹਾਕੇ ਪਹਿਲਾਂ ਦੇ ਹਾਲਾਤ ਆ ਗਏ। ਪੇਕੇ-ਸਹੁਰੇ ਦੇ ਮਿਲੇ-ਜੁਲੇ ਪਰਿਵਾਰਾਂ ਤੋਂ ਹੋਣ ਕਾਰਨ ਮੇਰੇ ਮਨ ’ਤੇ ਧਰਮਾਂ ਦੇ ਨਾਂ ’ਤੇ ਹੋਣ ਵਾਲੇ ਵਿਤਕਰਿਆਂ ਦਾ ਅਲੱਗ ਤਰ੍ਹਾਂ ਦਾ ਅਸਰ ਹੁੰਦਾ ਹੈ। ਮੈਨੂੰ ਆਪਣੀ ਸਿੱਖ ਅਤੇ ਹਿੰਦੂ ਪਿਛੋਕੜ ਵਾਲੀ ਤਾਈ ਅਤੇ ਮਾਂ ਦਾ ਦਰਦ ਚੇਤੇ ਆ ਗਿਆ। ਪੰਜਾਬ ਦੇ ਕਾਲੇ ਦੌਰ ਵਿੱਚ ਸੱਤਰ-ਅੱਸੀ ਪਾਰ ਇਹ ਦੋਵੇਂ ਬਜ਼ੁਰਗ ਕਿਵੇਂ ਆਪਸ ਵਿੱਚ ਦਰਜ ਸਾਂਝਾਂ ਕਰਦੀਆਂ- ਬਈ ਰੱਬ ਜਾਣੇ, ਅਸੀਂ ਇਹੋ ਕੁਝ ਦੇਖਣ ਨੂੰ ਜਿਊਂਦੀਆਂ ਹਾਂ। ਅੱਜ ਮੁਲਕ ਦੇ ਲੀਡਰਾਂ ਵੱਲੋਂ ਹਿੰਦੂ-ਮੁਸਲਮਾਨ ਦਾ ਅਲਾਪ ਅਤੇ ਜੰਗ ਨੂੰ ਉਕਸਾਉਣ ਵਾਲੇ ਬੋਲ ਸੁਣਦੀ ਹਾਂ, ਤਾਂ ਮੈਂ ਵੀ ਇਹੋ ਸੋਚਣ ਲੱਗ ਪੈਂਦੀ ਹਾਂ। ਇਤਿਹਾਸ ਦੇ ਹਰ ਦੌਰ ਵਿੱਚ ਸਾਡੇ ਮਹਾਂਪੁਰਖ ਸਾਂਝ ਦਾ ਸੁਨੇਹਾ ਦਿੰਦੇ ਹਨ। ਕਮੀ ਸ਼ਾਇਦ ਸਾਡੀ ਹੀ ਸੋਚ ਵਿੱਚ ਰਹਿ ਗਈ ਕਿ ਅਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਪੜ੍ਹਦਿਆਂ-ਸੁਣਦਿਆਂ ਵੀ ਅਮਲ ਵਿੱਚ ਨਹੀਂ ਲਿਆ ਸਕੇ। ਹੁਣ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣਾ ਛੱਡ ਕੇ ਸਾਨੂੰ ਗ਼ਰੀਬੀ, ਸਿੱਖਿਆ, ਸਿਹਤ ਅਤੇ ਸਮਾਜਿਕ ਵਿਤਕਰੇ ਜਿਹੇ ਗੰਭੀਰ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਸ਼ੋਭਨਾ ਵਿੱਜ, ਪਟਿਆਲਾ
ਕੁਦਰਤਘਾਤ ਬੰਦ ਹੋਵੇ
ਅੱਠ ਅਰਬ ਤੱਕ ਵਧ ਚੁੱਕੀ ਅਤੇ ਵਧ ਰਹੀ ਆਬਾਦੀ ਪ੍ਰਦੂਸ਼ਣ ਕਾਰਨ ਵਧ ਰਹੀ ਤਪਸ਼ ਅਤੇ ਦੂਜੇ ਪਾਸੇ ਦਿਨ-ਬ-ਦਿਨ ਘਟਦੇ ਜਾਂਦੇ ਸਰੋਤ ਅਤੇ ਜੰਗਲਾਂ ਦੀ ਅੰਧਾਧੁੰਦ ਕਟਾਈ ਵਿਸ਼ਵ ਪੱਧਰੀ ਸੋਚ ਦੀ ਮੰਗ ਕਰਦੇ ਹਨ। ਅਵਯ ਸ਼ੁਕਲਾ ਨੇ ਆਪਣੇ ਲੇਖ ‘ਕੁਦਰਤਘਾਤ ਮਾਨਵਤਾ ਖ਼ਿਲਾਫ਼ ਸਭ ਤੋਂ ਮਾੜਾ ਅਪਰਾਧ’ (29 ਮਈ) ਵਿੱਚ ਇਸ ਸੰਕਟ ਨੂੰ ਨਜਿੱਠਣ ਲਈ ਜਿਹੜਾ ਸੁਝਾਅ ਦਿੱਤਾ ਹੈ ਕਿ ਇਸ ਕੁਦਰਤਘਾਤ ਨੂੰ ਸਭ ਤੋਂ ਮਾੜਾ ਅਪਰਾਧ ਸਮਝਣਾ ਚਾਹੀਦਾ ਹੈ ਅਤੇ ਇਸ ਅਧੀਨ ਭਾਵੇਂ ਕੋਈ ਵੀ ਕਾਰਪੋਰੇਟ ਹੋਵੇ ਜਾਂ ਸਰਕਾਰ, ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ, ਸਾਡੇ ਸਾਰਿਆਂ ਦੇ, ਖ਼ਾਸ ਕਰ ਕੇ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਦੇ ਐਸ਼ੋ-ਇਸ਼ਰਤ ਵਾਲੇ ਖਾਣ ਪੀਣ ਅਤੇ ਰਹਿਣ-ਸਹਿਣ ਦੇ ਢੰਗ ਬਦਲਣੇ ਪੈਣਗੇ। ਘੱਟ ਨਾਲ ਗੁਜ਼ਾਰਾ ਕਰਨ ਦੀ ਜਾਚ ਸਿੱਖਣੀ ਪਵੇਗੀ। ਧਰਤੀ ਇੱਕੋ ਹੀ ਹੈ, ਇਹੀ ਹੈ ਅਤੇ ਜੋ ਕੁਝ ਹੈ, ਇਸੇ ਵਿੱਚ ਗੁਜ਼ਾਰਾ ਕਰਨਾ ਪੈਣਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇਹੋ ਜਿਹੇ ਹਾਲਾਤ ਵਿੱਚ ਯੁੱਧਾਂ ਦਾ ਕੋਈ ਕੰਮ ਨਹੀਂ। ਪਰਮਾਣੂ ਹਥਿਆਰਾਂ ਦੀ ਕੋਈ ਧਮਕੀ ਨਹੀਂ ਹੋਣੀ ਚਾਹੀਦੀ। ਅਸੀਂ ਹੀਰੋਸ਼ੀਮਾ/ਨਾਗਾਸਾਕੀ ਭੁੱਲੇ ਨਹੀਂ ਹਾਂ। ਬੋਰਡ ਵਾਲੀਆਂ ਜਮਾਤਾਂ ਦੇ ਹੈਰਾਨਕੁਨ ਨਤੀਜਿਆਂ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਆਪਣੇ ਲੇਖ ‘ਬੋਰਡ ਵਾਲੀਆਂ ਜਮਾਤਾਂ ਦੇ ਨਤੀਜੇ ਅਤੇ ਅਕਾਦਮਿਕ ਪੱਧਰ’ (28 ਮਈ) ਵਿੱਚ ਬੜੀ ਵਿਗਿਆਨਕ ਆਲੋਚਨਾ ਕੀਤੀ ਹੈ ਕਿ ਇਹ ਪ੍ਰੀਖਿਆਰਥੀਆਂ ਦੀ ਬੌਧਿਕ ਸਮਰੱਥਾ ਦੇ ਪ੍ਰਤੀਕ ਨਹੀਂ ਕਹੇ ਜਾ ਸਕਦੇ। ਹਿਸਾਬ ਵਰਗੇ ਵਿਸ਼ੇ ਵਿੱਚ ਤਾਂ ਪੂਰੇ ਨੰਬਰ ਲੈ ਸਕਣੇ ਸਮਝ ’ਚ ਆਉਂਦਾ ਹੈ ਪਰ ਅੰਗਰੇਜ਼ੀ ਵਰਗੇ ਵਿਸ਼ੇ ਵਿੱਚ ਯੋਗਤਾ ਦਾ ਪਤਾ ਤਾਂ ਕਿਸੇ ਆਇਲੈੱਟਸ ਵਰਗੇ ਪਰਚੇ ਨਾਲ ਹੀ ਲੱਗ ਸਕਦਾ ਹੈ। ਬੌਧਿਕ ਯੋਗਤਾ ਜਾਂ ਸਮਰੱਥਾ ਮਾਪਣਾ ਬੜਾ ਹੀ ਮੁਹਾਰਤ ਵਾਲਾ ਕਾਰਜ ਹੈ। ਇਉਂ ਲੱਗਦਾ ਹੈ ਕਿ ਇਸ ਦੀ ਗੰਭੀਰਤਾ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। 21 ਮਈ ਨੂੰ ਪਰਮਾਣੂ ਜੰਗ ਦੇ ਵਧਦੇ ਹੋਏ ਖਤਰੇ ਤੋਂ ਜਾਣੂ ਕਰਾਉਂਦਾ ਮਨੋਜ ਜੋਸ਼ੀ ਦਾ ਲੇਖ ਪੜ੍ਹਿਆ। ਇਸ ਖ਼ਤਰੇ ਦੀ ਅਸਲੀਅਤ ਅਤੇ ਸੰਭਾਵਨਾ ਬਾਰੇ ਜਿੰਨੀ ਸੰਜੀਦਗੀ ਕਿਸੇ ਸਮੇਂ ਸੀ, ਉਹ ਹੁਣ ਦੇਖਣ ਨੂੰ ਨਹੀਂ ਮਿਲਦੀ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
ਇਹ ਹਕੀਕਤ ਨਹੀਂ…
23 ਮਈ ਨੂੰ ਸੰਪਾਦਕੀ ‘ਨਕਸਲੀ ਖ਼ਤਰੇ ਦਾ ਟਾਕਰਾ’ ਪੜ੍ਹਿਆ; ਲਿਖਿਆ ਹੈ- ‘ਦਹਾਕਿਆਂ ਤੋਂ ਮਾਓਵਾਦੀ ਬਾਗੀ ਦੇਸ਼ ਦੇ ਕਬਾਇਲੀ ਇਲਾਕਿਆਂ ਨੂੰ ਘਾਤਕ ਹਮਲਿਆਂ, ਜਬਰੀ ਵਸੂਲੀ ਅਤੇ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਨਾਲ ਪ੍ਰੇਸ਼ਾਨ ਕਰਦੇ ਰਹੇ ਹਨ। ਉਹ ਹਾਸ਼ੀਏ ’ਤੇ ਧੱਕੇ ਆਦਿਵਾਸੀਆਂ ਦੀਆਂ ਸ਼ਿਕਾਇਤਾਂ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਬੰਦੂਕ ਨਾਲ ਅਸਹਿਮਤੀ ਨੂੰ ਕੁਚਲਦੇ ਹਨ’। ਇਹ ਹਕੀਕਤ ਨਹੀਂ। ਜਿਹੜੇ ਵੀ ਬੁੱਧੀਜੀਵੀ ਜਾਂ ਕਲਮਕਾਰ ਇਨ੍ਹਾਂ ਇਲਾਕਿਆਂ ਵਿੱਚ ਗਏ, ਉਨ੍ਹਾਂ ਨੇ ਪੜਤਾਲ ਵਿੱਚ ਇਹ ਲੱਭਿਆ ਕਿ ਉੱਥੋਂ ਦੇ ਆਦਿਵਾਸੀ ਜਲ, ਜੰਗਲ ਅਤੇ ਜ਼ਮੀਨ ਕਿਸੇ ਵੀ ਕੀਮਤ ’ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਦੇਣਾ ਚਾਹੁੰਦੇ। ਉੱਥੇ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਖਾਤਰ ਵੱਡੇ ਪੱਧਰ ’ਤੇ ਪੁਲੀਸ, ਨੀਮ ਫ਼ੌਜੀ ਦਸਤੇ ਅਤੇ ਅਨੇਕ ਤਰ੍ਹਾਂ ਦੀਆਂ ਫੋਰਸਾਂ ਲਗਾ ਕੇ ਆਦਿਵਾਸੀਆਂ ਦਾ ਉਜਾੜਾ ਕਰ ਰਹੀਆਂ ਹਨ। ਉੱਘੇ ਗਾਂਧੀਵਾਦੀ ਹਿਮਾਂਸ਼ੂ ਕੁਮਾਰ ਜੋ ਆਦਿਵਾਸੀਆਂ ਦੇ ਹੱਕਾਂ ਦੀ ਆਵਾਜ਼ ਲਗਾਤਾਰ ਬੁਲੰਦ ਕਰ ਰਹੇ ਹਨ, ਕਹਿੰਦੇ ਹਨ ਕਿ ਹਕੂਮਤ ਨੇ ਆਪਣੇ ਹੀ ਲੋਕਾਂ ਵਿਰੁੱਧ ਨਸਲਕੁਸ਼ੀ ਦੀ ਜੰਗ ਵਿੱਢੀ ਹੋਈ ਹੈ।
ਸੰਜੀਵ ਮਿੰਟੂ, ਈਮੇਲ
ਚਾਨਣ ਦੀ ਬਾਤ
22 ਮਈ ਨੂੰ ਰਾਮ ਸਵਰਨ ਲੱਖੇਵਾਲੀ ਦੀ ਰਚਨਾ ‘ਚਾਨਣ ਦੀ ਬਾਤ’ ਮਨ ਨੂੰ ਟੁੰਬ ਗਈ। ਰਚਨਾ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਜਿਵੇਂ ਪਾਠਕ ਕੁਦਰਤ ਦੇ ਅੰਗ-ਸੰਗ ਹੋ ਤੁਰਿਆ ਹੈ। ਨਦੀ ਦੇ ਵਗਦੇ ਪਾਣੀ ਦੀਆਂ ਮਧੁਰ ਆਵਾਜ਼ਾਂ, ਤਲ ’ਤੇ ਰੁੜ੍ਹਦੇ ਪੱਥਰਾਂ, ਨਦੀ ਕਿਨਾਰੇ ਖੜ੍ਹੇ ਦਰਖ਼ਤਾਂ ਅਤੇ ਉਨ੍ਹਾਂ ਦੀਆਂ ਛਾਵਾਂ ਦੀ ਨਦੀ ਨਾਲ ਸਾਂਝ ਦੇ ਰਿਸ਼ਤੇ ਬਿਲਕੁਲ ਮਨੁੱਖੀ ਰਿਸ਼ਤਿਆਂ ਦੀ ਗਵਾਹੀ ਭਰਦੇ ਹਨ। ਜਿਵੇਂ ਸੌ ਮੁਸੀਬਤਾਂ ਝੱਲ ਕੇ ਨਦੀ ਦਾ ਪਾਣੀ ਆਪਣੀ ਮੰਜ਼ਿਲ ’ਤੇ ਪਹੁੰਚਦਾ ਹੈ, ਤਿਵੇਂ ਹੀ ਮਿਹਨਤਕਸ਼ ਤੇ ਸੰਘਰਸਸ਼ੀਲ ਮਨੁੱਖ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਹੈ। ਚਾਨਣ ਦੀ ਬਾਤ ਦਾ ਹੋਕਾ ਸੁਣਦਿਆਂ ਸਰਮਾਏਦਾਰੀ ਤੇ ਮੁਨਾਫ਼ੇਖ਼ੋਰੀ ਦੇ ਇਸ ਦੌਰ ਵਿੱਚ ਜਲ, ਜੰਗਲ ਤੇ ਕੁਦਰਤੀ ਸੋਮਿਆਂ ਨੂੰ ਬਚਾਉਣਾ ਸਚਮੁੱਚ ਸਮੇਂ ਦੀ ਵੱਡੀ ਲੋੜ ਹੈ।
ਬੂਟਾ ਬਰਨਾਲਾ, ਬਰਨਾਲਾ
ਪੜ੍ਹਾਈ ਬਨਾਮ ਹੁਨਰ
17 ਮਈ ਨੂੰ ਡਾ. ਜੱਜ ਸਿੰਘ ਦੇ ਮਿਡਲ ‘…ਨਹੀਂ ਤਾਂ ਹੁਨਰ ਮਰ ਜਾਣਾ ਸੀ’ ਵਿੱਚ ਮਾਪਿਆਂ ਨੂੰ ਵਧੀਆ ਸੁਨੇਹਾ ਦਿੱਤਾ ਗਿਆ ਹੈ। ਅੱਜ ਦੇ ਦੌਰ ਵਿੱਚ ਪੜ੍ਹਾਈ ਨੂੰ ਹੀ ਸਭ ਕੁਝ ਸਮਝਿਆ ਜਾਂਦਾ ਹੈ। ਬੱਚੇ ਦੀ ਜ਼ਿੰਦਗੀ ਨੂੰ ਕਿਤਾਬੀ ਗਿਆਨ ਨਾਲ ਹੀ ਭਵਿੱਖ ਵਿੱਚ ਚੰਗਾ ਹੋਣਾ ਸਮਝਿਆ ਜਾਂਦਾ ਹੈ ਪਰ ਕੁਝ ਗੁਣ ਮਨੁੱਖ ਅੰਦਰ ਘਰ ਕਰ ਕੇ ਬੈਠੇ ਹੁੰਦੇ ਹਨ ਜਿਨ੍ਹਾਂ ਨੂੰ ਪਛਾਣ ਕੇ ਆਦਮੀ ਸਫਲ ਹੋ ਸਕਦਾ ਹੈ। ਇਸ ਲਈ ਗੁਣਾਂ ਨੂੰ ਪਛਾਨਣਾ ਜ਼ਰੂਰੀ ਹੈ।
ਜ਼ੋਰਾਵਰ ਅਨੂਪਗੜ੍ਹ, ਈਮੇਲ
ਬੇਮੁੱਖ ਹੋ ਰਿਹਾ ਵਿਦੇਸ਼ੀ ਨਿਵੇਸ਼
15 ਮਈ ਦੇ ਅੰਕ ਵਿੱਚ ਸੁਭਾਸ਼ ਚੰਦਰ ਗਰਗ ਦਾ ਲੇਖ ‘ਭਾਰਤ ਤੋਂ ਬੇਮੁਖ ਕਿਉਂ ਹੋ ਰਿਹਾ ਵਿਦੇਸ਼ੀ ਨਿਵੇਸ਼’ ਪੜ੍ਹਿਆ। ਸਭ ਤੋਂ ਪਹਿਲਾਂ ਜੋ ਨਿਵੇਸ਼ ਵਾਪਸ ਜਾ ਰਿਹਾ ਹੈ, ਉਸ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਹੈ। ਸਰਕਾਰ ਨੂੰ ਇਸ ਦੇ ਕਾਰਨਾਂ ਦਾ ਪਤਾ ਲਗਾ ਕੇ ਜੇਕਰ ਸੰਭਵ ਹੋਵੇ ਤਾਂ ਨੀਤੀ ਬਦਲਣੀ ਚਾਹੀਦੀ ਹੈ। ਸਰਕਾਰੀ ਕੰਪਨੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ। ਇਨ੍ਹਾਂ ਕੰਪਨੀਆਂ ਦੇ ਪ੍ਰਬੰਧਕੀ ਢਾਂਚੇ ਵਿੱਚ ਲੋੜੀਂਦੇ ਸੁਧਾਰ ਕੀਤੇ ਜਾਣ। ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਭਾਰਤ ਨੂੰ ਵਿਦੇਸ਼ੀ ਨਿਵੇਸ਼ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਪੂੰਜੀ ਦੀ ਘਾਟ ਹੈ।
ਬਿੱਕਰ ਸਿੰਘ ਮਾਨ, ਬਠਿੰਡਾ