ਪਾਠਕਾਂ ਦੇ ਖ਼ਤ
ਪਾਕਿਸਤਾਨ ਨੂੰ ਸਮਝਣਾ ਜ਼ਰੂਰੀ
27 ਮਈ ਦੇ ਅੰਕ ਵਿੱਚ ਲੈਫ. ਜਨਰਲ ਕੇ ਜੇ ਸਿੰਘ (ਸੇਵਾਮੁਕਤ) ਦਾ ਲੇਖ ‘ਪਾਕਿ ਨੂੰ ਗ਼ੈਰ-ਪ੍ਰਸੰਗਕ ਕਰਨ ਲਈ ਸਮਝਣ ਦੀ ਲੋੜ’ ਕਈ ਪੱਖਾਂ ਤੋਂ ਸਿਧਾਂਤਕ ਸੇਧ ਦੇ ਰਿਹਾ ਹੈ। ਲੇਖਕ ਨੇ ਜਿਹੜੇ ਤਿੰਨ ਨੁਕਤੇ ਦੱਸੇ ਹਨ- ਫ਼ੌਜੀ ਸ਼ਾਸਨ, ਮੌਲਵੀ ਜਮਾਤ ਤੇ ਆਮ ਜਨਤਾ ਨੂੰ ਸਮਝਣਾ ਪਏਗਾ, ਇਸ ਪੱਖੋਂ ਅਹਿਮ ਹਨ। ਪਾਕਿਸਤਾਨ ਵਿਚਲੇ ਫ਼ੌਜੀ ਸ਼ਾਸਨ ਵਿੱਚ ਧਾਰਮਿਕ ਕੱਟੜਤਾ ਤੇ ਮੌਲਵੀ ਜਮਾਤ ਦੀ ਜੁਗਲਬੰਦੀ ਹੀ ਪੁਆੜੇ ਦੀ ਜੜ੍ਹ ਹੈ। ਦੋ ਕੌਮਾਂ ਦਾ ਸਿਧਾਂਤ ਇਤਿਹਾਸ ਦੀ ਸਭ ਤੋਂ ਵੱਡੀ ਭੁੱਲ ਮੰਨੀ ਜਾ ਸਕਦੀ ਹੈ। ਪਾਕਿਸਤਾਨੀ ਜਨਤਾ ਹਮੇਸ਼ਾ ਭਾਰਤ ਨਾਲ ਦੋਸਤੀ ਦੀ ਇੱਛੁਕ ਨਜ਼ਰ ਆਉਂਦੀ ਹੈ ਪਰ ਉੱਥੋਂ ਦੀਆਂ ਕਮਜ਼ੋਰ ਲੋਕਤੰਤਰੀ ਸੰਸਥਾਵਾਂ ਕਦੇ ਵੀ ਇਸ ਪਾਸੇ ਕਾਮਯਾਬ ਨਹੀਂ ਹੋ ਸਕੀਆਂ। ਇੰਟਰਨੈੱਟ ਰਾਹੀਂ ਦੋਹਾਂ ਮੁਲਕਾਂ ਦੇ ਅਦੀਬਾਂ, ਕਲਾਕਾਰਾਂ, ਅਕਾਦਮੀਸ਼ੀਅਨਾਂ ਵਿੱਚ ਸਾਂਝ ਦਾ ਪੁਲ ਬਣਿਆ। ਭਾਸ਼ਾਈ ਰੁਕਾਵਟਾਂ ਵੀ ਦੂਰ ਹੋ ਗਈਆਂ ਸਨ ਪਰ ਪਹਿਲਗਾਮ ਦੀ ਘਟਨਾ ਨੇ ਇਸ ਸਾਂਝ ਤੋਂ ਲੈ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੱਕ ਬਣਿਆ ਵਿਸ਼ਵਾਸ ਤੋੜ ਦਿੱਤਾ। ਅਜੇ ਵੀ ਸਮਾਂ ਹੈ ਜੇ ਹਾਕਮ ਜਮਾਤ ਫ਼ੌਜੀ ਸ਼ਾਸਨ, ਮੌਲਵੀ ਜਮਾਤ ਤੇ ਆਮ ਜਨਤਾ ਵਿੱਚ ਨਿਖੇੜਾ ਕਰ ਕੇ ਇਸ ਬਾਰੇ ਵਿਚਾਰਧਾਰਕ, ਭਾਸ਼ਾਈ, ਸਭਿਆਚਾਰਕ ਤੇ ਕੂਟਨੀਤਕ ਸਮਝ ਨੂੰ ਥਿੰਕ ਟੈਂਕ ਵਿਧੀ ਰਾਹੀਂ ਸਥਾਪਿਤ ਕਰੇ ਅਤੇ ਦੇਖੇ ਕਿ ਕਿੱਥੇ ਸਾਂਝਾਂ ਦੇ ਪੁਲ ਹਨ ਤੇ ਕਿੱਥੇ ਵਖਰੇਵਿਆਂ ਦੇ ਕੰਡੇ; ਇਉਂ ਗੁਆਂਢੀ ਬਾਰੇ ਸਮਝ ਨੂੰ ਸਾਰਥਿਕ ਬਣਾਇਆ ਜਾ ਸਕਦਾ ਹੈ। ਉਂਝ ਇਸ ਬਾਰੇ ਸਿਆਸੀ ਲਾਹਾ ਲੈਣ ਦੀ ਕਵਾਇਦ ਨੂੰ ਵਿਰਾਮ ਦੇਣਾ ਪਵੇਗਾ। ਇੱਕ ਹੋਰ ਗੱਲ ਵੀ ਹੈਰਾਨ ਕਰਨ ਵਾਲੀ ਹੈ ਕਿ ਪਹਿਲਗਾਮ ਵਿੱਚ ਭਾਰਤੀਆਂ ਦੇ ਕਤਲ ਕੀਤੇ ਜਾਂਦੇ ਹਨ ਤੇ ਮੈਦਾਨੇ-ਜੰਗ ਪੰਜਾਬ ਬਣ ਜਾਂਦਾ ਹੈ। ਭਾਰਤੀ ਸਰਹੱਦ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਹੈ ਤੇ ਜੰਗ ਇਕੱਲੀ ਪੰਜਾਬ ਦੇ ਬਾਰਡਰ ’ਤੇ ਹੀ ਲਗਦੀ ਹੈ, ਕਿਉਂ?
ਪਰਮਜੀਤ ਢੀਂਗਰਾ, ਈਮੇਲ
ਯੋਜਨਾਬੱਧ ਫਰੇਬ
ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਬੋਰਡ ਵਾਲੀਆਂ ਜਮਾਤਾਂ ਦੇ ਨਤੀਜੇ ਅਤੇ ਅਕਾਦਮਿਕ ਪੱਧਰ’ (28 ਮਈ) ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬ ਸਰਕਾਰ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਲੱਗ-ਅਲੱਗ ਪੜ੍ਹਨਾ ਅਤੇ ਇਕੱਠੇ ਬੈਠ ਕੇ ਇਸ ਯੋਜਨਾਬੱਧ ਫਰੇਬ ਬਾਰੇ ਵਿਚਾਰ ਕਰਨਾ ਚਾਹੀਦਾ ਹੈ। +2 ਸਕੂਲਾਂ ਵਿੱਚ ਖਾਲੀ ਅਸਾਮੀਆਂ ਦੇ ਬਾਵਜੂਦ ਜੇਕਰ ਨਤੀਜੇ ਪੂਰੀਆਂ ਅਸਾਮੀਆਂ ਵਾਲੇ ਸਕੂਲਾਂ ਦੇ ਨਤੀਜਿਆਂ ਦੇ ਬਰਾਬਰ ਹਨ ਤਾਂ ਇਨ੍ਹਾਂ ਨਤੀਜਿਆਂ ਨੂੰ ਫਰੇਬ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਖਾਲੀ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ ਪਰ ਇਸ ਤੋਂ ਵੀ ਵੱਡੀ ਲੋੜ ਅਧਿਆਪਕ ਦੀ ਕਿੱਤੇ ਪ੍ਰਤੀ ਪ੍ਰਤੀਬੱਧਤਾ ਦਮਦਾਰ ਬਣਾਉਣੀ ਚਾਹੀਦੀ ਹੈ। ਕਾਸ਼! ਸਾਡੇ ਅਧਿਆਪਕ ਸਮਝਣ ਕਿ ਉਹ ਸਮਾਜ ਵਿੱਚ ਸਾਧਾਰਨ ਵਿਅਕਤੀ ਨਹੀਂ, ਸਿੱਖਿਆ ਦੀ ਭਾਰਤੀ ਪਰੰਪਰਾ ਦੀ ਲਗਾਤਾਰਤਾ ਵਿੱਚ ਪ੍ਰਾਚੀਨ ਸਮਿਆਂ ਦੇ ਰਿਸ਼ੀਆਂ ਦੀ ਅਜੋਕੀ ਭੂਮਿਕਾ ਨਿਭਾਉਣ ਦਾ ਕਾਰਜ ਕਰ ਰਹੇ ਹਨ। ਪੰਜਾਬ ਦੇ ਅਧਿਆਪਕਾਂ ਦੀ ਤਾਂ ਹੋਰ ਵੀ ਵਿਲੱਖਣਤਾ ਹੈ ਕਿ ਇਹ ਅਧਿਆਪਕ ਉਸ ਭੂ-ਭਾਗ ਵਿੱਚ ਹੈ ਜਿੱਥੇ ਵੇਦ ਰਚਣ ਵਾਲੇ ਅਤੇ ਪਾਣਿਨੀ ਜਿਹੇ ਵਿਆਕਰਨਵੇਤਾ ਹੋਏ ਹਨ। ਅਧਿਆਪਕ ਨੂੰ ਇਸ ਤੋਂ ਵੱਧ ਕੀ ਚਾਹੀਦਾ ਹੈ? ਤਨਖ਼ਾਹਾਂ ਵੀ ਦੂਜੇ ਸੂਬਿਆਂ ਤੋਂ ਵੱਧ ਹਨ। ਨੈਤਿਕਤਾ ਉਮੀਦ ਕਰਦੀ ਹੈ ਕਿ ਲੇਖ ਦੇ ਆਖਿ਼ਰੀ ਫਿਕਰਿਆਂ ਵਿੱਚ ਲੇਖਕ ਨੇ ਛਲ-ਕਪਟ ਦੇ ਜਿਹੜੇ ਬਿੰਦੂਆਂ ਦੀ ਪਛਾਣ ਕੀਤੀ ਗਈ ਹੈ, ਉਹ ਹੁਣ ਦੁਹਰਾਇਆ ਨਹੀਂ ਜਾਵੇਗਾ। ਘਰ ਤੋਂ ਸਕੂਲ ਨੂੰ ਚੱਲਣ ਲੱਗਿਆਂ ਹਰ ਅਧਿਆਪਕ ਦੀ ਸੋਚ ਵਿੱਚ ਵਿਚਾਰ ਦੀ ਤਰੰਗ ਉੱਭਰਨੀ ਚਾਹੀਦੀ ਹੈ ਕਿ ਅਧਿਆਪਕ ਦੇ ਪਰਿਵਾਰ ਦਾ ਮਹਿੰਗਾਈ ਵਿੱਚ ਵੀ ਸੁਖਾਲਾ ਰਹਿਣਾ, ਰਿਸ਼ਤੇਦਾਰਾਂ ਅਤੇ ਸਮਾਜ ਵਿੱਚ ਉਸ ਦੀ ਆਦਰਯੋਗ ਥਾਂ ਉਸ ਦੇ ਅਧਿਆਪਕ ਹੋਣ ਕਰ ਕੇ ਹੈ। ਪ੍ਰਤੀਬੱਧ ਅਧਿਆਪਕਾਂ ਨੂੰ ਸਲਾਮ ਹੈ। ਅਫ਼ਸੋਸ ਕਿ ਇਨ੍ਹਾਂ ਅਧਿਆਪਕਾਂ ਦੇ ਕੰਮ ਅਤੇ ਇਨ੍ਹਾਂ ਦੇ ਵਿਦਿਆਰਥੀਆਂ ਦੇ ਮਿਆਰ ਦਾ ਉਪਰੋਕਤ ਫਰੇਬ ਵਿੱਚ ਕਤਲ ਹੋਇਆ ਹੈ। ਸਬੰਧਿਤ ਧਿਰਾਂ ਨੂੰ ਹੁਣ ਤਾਂ ਕੁਝ ਕਰਨ ਦੀ ਚਿੰਤਾ ਕਰ ਲੈਣੀ ਚਾਹੀਦੀ ਹੈ।
ਸੁੱਚਾ ਸਿੰਘ ਖੱਟੜਾ, ਈਮੇਲ
(2)
28 ਮਈ ਦੇ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਆਪਣੇ ਲੇਖ ‘ਬੋਰਡ ਵਾਲੀਆਂ ਜਮਾਤਾਂ ਦੇ ਨਤੀਜੇ ਅਤੇ ਅਕਾਦਮਿਕ ਪੱਧਰ’ ਵਿੱਚ ‘ਚੰਗੇ ਨਤੀਜਿਆਂ’ ਬਾਰੇ ਗੱਲ ਕੀਤੀ ਹੈ ਜਿਸ ਤੋਂ ਸਿੱਟਾ ਨਿਕਲਦਾ ਹੈ ਕਿ ਸਕੂਲਾਂ ਦੇ ਨਤੀਜੇ ਚੰਗੇ ਜ਼ਰੂਰ ਹੋਣ ਪਰ ਅਕਾਦਮਿਕ ਪੱਧਰ ’ਤੇ ਸਮਝੌਤਾ ਕਰ ਕੇ ਨਹੀਂ। ਹੈਰਾਨੀ ਹੈ ਕਿ ਵਿਦਿਆਰਥੀ 100 ਫ਼ੀਸਦੀ ਅੰਕ ਲੈ ਰਹੇ ਹਨ। ਇੱਕ ਸਵਾਲ ਇਹ ਵੀ ਹੈ ਕਿ ਬਰਾਬਰ ਅੰਕ (650) ਲੈਣ ਵਾਲੇ ਸੈਕਿੰਡ ਜਾਂ ਥਰਡ ਕਿਉਂ?
ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ
ਗੀਤਕਾਰ ਨੰਦ ਲਾਲ ਨੂਰਪੁਰੀ
24 ਮਈ ਦੇ ਸਤਰੰਗ ਪੰਨੇ ’ਤੇ ਇਕਬਾਲ ਸਿੰਘ ਸਕਰੌਦੀ ਨੇ ਆਪਣੇ ਲੇਖ ‘ਲੋਕ ਗੀਤਾਂ ਵਰਗੇ ਗੀਤਾਂ ਦਾ ਸਿਰਜਕ ਨੰਦ ਲਾਲ ਨੂਰਪੁਰੀ’ ਵਿੱਚ ਉਨ੍ਹਾਂ ਦੇ ਜੀਵਨ ਅਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਹੈ। ਨੂਰਪੁਰੀ ਨੇ ਭਾਵੇਂ ਨੌਕਰੀਆਂ ਵੀ ਕੀਤੀਆਂ ਪਰ ਉਨ੍ਹਾਂ ਦੀ ਸਾਹਿਤ ਅਤੇ ਸੰਗੀਤ ਵਿੱਚ ਰੁਚੀ ਹੋਣ ਕਾਰਨ ਨੌਕਰੀਆਂ ਛੱਡ ਪੰਜਾਬੀ ਗੀਤ, ਕਹਾਣੀਆਂ ਅਤੇ ਸੰਵਾਦ ਨਾਲ ਆ ਜੁੜੇ ਤੇ ਪੰਜਾਬ ਭਰ ਵਿੱਚ ਪ੍ਰਸਿੱਧ ਹੋ ਗਏ ਪਰ ਉਨ੍ਹਾਂ ਦਾ ਖ਼ੁਦਕੁਸ਼ੀ ਲਈ ਮਜਬੂਰ ਹੋਣਾ ਇਹ ਦਰਸਾਉਂਦਾ ਹੈ ਕਿ ਆਪਣੇ ਸ਼ੌਕ ਜਾਂ ਦਿਲ ਦੀ ਚਾਹਤ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਜਾ ਸਕਦੀਆਂ।
ਜਸਵੰਤ ਸਿੰਘ ਢੀਂਡਸਾ, ਖਰੜ (ਮੁਹਾਲੀ)
ਜੰਗ ਦੇ ਮਾੜੇ ਪ੍ਰਭਾਵ
26 ਮਈ ਨੂੰ ਅਵਨੀਤ ਕੌਰ ਦਾ ਮਿਡਲ ‘ਖਿੜਕੀਆਂ’ ਚੰਗਾ ਸੀ ਜਿਸ ਵਿੱਚ ਜੰਗ ਦੇ ਮਾੜੇ ਪ੍ਰਭਾਵ ਅਤੇ ਮਨੁੱਖੀ ਜੀਵਨ ’ਤੇ ਉਨ੍ਹਾਂ ਦੇ ਅਸਰ ਬਾਰੇ ਦੱਸਿਆ ਗਿਆ ਹੈ। ਇਸ ਲਿਖਤ ਦਾ ਚੰਗਾ ਸੁਨੇਹਾ ਇਹ ਹੈ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ। ਇਸ ਲਈ ਜ਼ਰੂਰੀ ਹੈ ਕਿ ਅਮਨ ਤੇ ਸ਼ਾਂਤੀ ਨਾਲ ਹੀ ਮਨੁੱਖਤਾ ਨੂੰ ਬਚਾਇਆ ਜਾਵੇ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
ਜ਼ਮੀਰ ਨੂੰ ਹਲੂਣਾ
14 ਮਈ ਦੇ ਨਜ਼ਰੀਆ ਪੰਨੇ ’ਤੇ ਡਾ. ਅਰੁਣ ਮਿੱਤਰਾ ਦਾ ਲੇਖ ‘ਭਾਰਤ ਦਾ ਵਿਚਾਰ ਬਨਾਮ ਹਿਮਾਂਸ਼ੀ ਨਰਵਾਲ ਦੀ ਟ੍ਰੋਲਿੰਗ’ ਉਨ੍ਹਾਂ ਲੋਕਾਂ ਦੀ ਜ਼ਮੀਰ ਨੂੰ ਹਲੂਣਾ ਦੇਣ ਵਾਲਾ ਹੈ, ਜਿਨ੍ਹਾਂ ਦਾ ਧੰਦਾ ਬਿਗਾਨੀ ਅੱਗ ਉੱਪਰ ਰੋਟੀਆਂ ਸੇਕਣ ਵਾਲਾ ਹੈ। ਹਿਮਾਂਸ਼ੀ ਨਰਵਾਲ ਦੀ ਫ਼ਿਰਕੂ ਸਦਭਾਵਨਾ ਕਾਇਮ ਰੱਖਣ ਵਾਲੀ ਅਪੀਲ ਵਿਰੁੱਧ ਉਸ ਨੂੰ ਟ੍ਰੋਲ ਕਰਨਾ ਅਤੇ ਆਮ ਜਨਤਾ ਵੱਲੋਂ ਕੋਈ ਹਮਦਰਦੀ ਤੇ ਰੋਸ ਭਰੀ ਪ੍ਰਤੀਕਿਰਿਆ ਨਾ ਦੇਣਾ ਬਹੁਤ ਮਾੜਾ ਵਤੀਰਾ ਹੈ। ਇੱਕ ਖ਼ਾਸ ਵਿਚਾਰਧਾਰਾ ਵਾਲੇ ਲੋਕ ਅਤੇ ਉਨ੍ਹਾਂ ਦੇ ਸਰਪ੍ਰਸਤ ਸਰਜੀਕਲ ਸਟਰਾਈਕ ਜਾਂ ਅਪਰੇਸ਼ਨ ਸਿੰਧੂਰ ਦਾ ਗੁਣਗਾਨ ਕਰਦੇ ਥੱਕ ਨਹੀਂ ਰਹੇ ਪਰ ਇਹ ਨਹੀਂ ਦੱਸ ਰਹੇ ਕਿ ਪੁਲਵਾਮਾ ਅਤੇ ਪਹਿਲਗਾਮ ਵਾਰਦਾਤਾਂ ਕਿਸ ਦੀ ਅਣਗਹਿਲੀ ਕਾਰਨ ਵਾਪਰੀਆਂ? ਹੁਣ ਵੀ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਜੇ ਫਿਰ ਕੋਈ ਅਤਿਵਾਦੀ ਹਮਲਾ ਹੋਇਆ ਤਾਂ ਭਾਰਤ ਜਵਾਬ ਦੇਵੇਗਾ। ਪ੍ਰਧਾਨ ਮੰਤਰੀ ਅਤੇ ਸਾਥੀਆਂ ਨੂੰ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਭਵਿੱਖ ਵਿੱਚ ਅਜਿਹੇ ਖ਼ੂਨੀ ਕਾਂਡ ਨਾ ਵਾਪਰਨ। ਅਜਿਹੇ ਕਾਂਡ ਵਾਪਰਨ ਤੋਂ ਬਾਅਦ ਜਾਗਣਾ ਕੋਈ ਸਿਆਣਪ ਨਹੀਂ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਜੰਮੂ ਕਸ਼ਮੀਰ ਦੀ ਅਣਦੇਖੀ
ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਸੀਟਾਂ ਲਈ ਦੋ-ਸਾਲਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਅਸਾਮ ਦੀਆਂ ਦੋ ਅਤੇ ਤਾਮਿਲਨਾਡੂ ਦੀਆਂ ਛੇ ਰਾਜ ਸਭਾ ਸੀਟਾਂ ’ਤੇ ਚੋਣ 19 ਜੂਨ ਨੂੰ ਹੋਣੀ ਹੈ ਪਰ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਦੀਆਂ ਖਾਲੀ ਪਈਆਂ ਦੋ ਰਾਜ ਸਭਾ ਸੀਟਾਂ ਬਾਰੇ ਕੋਈ ਐਲਾਨ ਨਹੀਂ ਕੀਤਾ। ਇਉਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਸ ਜਮਹੂਰੀ ਹੱਕ ਤੋਂ ਵਾਂਝੇ ਕਰ ਦਿੱਤਾ ਗਿਆ ਹੈ। ਇਹ ਪਹੁੰਚ ਦਰਸਾ ਰਹੀ ਹੈ ਕਿ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਜੰਮੂ ਕਸ਼ਮੀਰ ਨਾਲ ਵਿਤਕਰਾ ਕਰ ਰਹੀ ਹੈ।
ਐੱਸਕੇ ਖੋਸਲਾ, ਚੰਡੀਗੜ੍ਹ