ਪਾਠਕਾਂ ਦੇ ਖ਼ਤ
ਸਰਕਾਰਾਂ ਗੰਭੀਰ ਨਹੀਂ
14 ਮਈ ਦੇ ਸੰਪਾਦਕੀ ‘ਜ਼ਹਿਰੀਲੀ ਸ਼ਰਾਬ ਦਾ ਖ਼ਤਰਨਾਕ ਧੰਦਾ’ ਵਿੱਚ ਸਹੀ ਲਿਖਿਆ ਕਿ ਅਸਰਦਾਰ ਕਾਰਵਾਈ ਨਾ ਹੋਣ ਕਰ ਕੇ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਹਨ। ਅਜਿਹੀਆਂ ਘਟਨਾਵਾਂ ਕਾਰਨ ਗ਼ਰੀਬ ਅਤੇ ਮਿਹਨਤੀ ਮਜ਼ਦੂਰ ਪਰਿਵਾਰਾਂ ਦੇ ਬੱਚੇ ਯਤੀਮ ਹੋ ਜਾਂਦੇ ਹਨ, ਔਰਤਾਂ ਵਿਧਵਾ ਹੋ ਜਾਂਦੀਆਂ ਹਨ। ਪਹਿਲਗਾਮ ਵਰਗੀਆਂ ਘਟਨਾਵਾਂ ਬਾਰੇ ਗੰਭੀਰ ਅਤੇ ਗੁੱਸੇ ਹੋਣਾ ਜਾਇਜ਼ ਹੈ ਪਰ ਅਫ਼ਸੋਸ ਕਿ ਸਾਡੀਆਂ ਸਰਕਾਰਾਂ ਦੀ ਬਦਇੰਤਜ਼ਾਮੀ ਕਾਰਨ ਜ਼ਹਿਰੀਲੀ ਸ਼ਰਾਬ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਹੋ ਰਹੀਆਂ ਮੌਤਾਂ ਬਾਰੇ ਥੋੜ੍ਹੀ ਜਿਹੀ ਗੰਭੀਰਤਾ ਵੀ ਨਹੀਂ ਦਿਖਾਈ ਜਾਂਦੀ। 13 ਮਈ ਨੂੰ ਮੋਹਨ ਸ਼ਰਮਾ ਦਾ ਮਿਡਲ ‘ਜਿਊਣ ਦਾ ਚਾਅ’ ਪੜ੍ਹ ਕੇ ਸਪੱਸ਼ਟ ਹੁੰਦਾ ਹੈ ਕਿ ਜਰਦਾ, ਭੁੱਕੀ, ਅਫੀਮ, ਸ਼ਰਾਬ ਆਦਿ ਨਸ਼ੇ ਬਹੁਤ ਮਾੜੇ ਹਨ। ਪੰਜਾਬ ’ਚ ਅਫੀਮ, ਭੁੱਕੀ ਦੀ ਖੇਤੀ, ਖੇਤਾਂ ’ਚ ਜ਼ਿਆਦਾ ਕੰਮ ਕਰਨ ਜਾਂ ਰੋਗ ਭਜਾਉਣ ਲਈ ਅਫੀਮ, ਭੁੱਕੀ ਦਾ ਨਸ਼ਾ ਵਰਤਣ ਵਰਗੀਆਂ ਗੱਲਾਂ ਕਰਨੀਆਂ ਸਮਾਜ ਹਿੱਤ ਵਿੱਚ ਨਹੀਂ। ਚਿੱਟਾ ਹੀ ਨਹੀਂ ਸਗੋਂ ਸ਼ਰਾਬ, ਭੁੱਕੀ, ਅਫੀਮ ਨੂੰ ਵੀ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਬੇਚੈਨ ਕਰਨ ਵਾਲਾ ਮਸਲਾ
20 ਮਈ ਦੇ ਸੰਪਾਦਕੀ ‘ਪ੍ਰੋਫੈਸਰ ਦੀ ਗ੍ਰਿਫ਼ਤਾਰੀ’ ਅਤੇ ‘ਸਾਡੇ ਵਿੱਚ ਬੈਠੇ ਜਾਸੂਸ’ ਦੋ ਵੱਖਰੇ ਕਿਸਮਾਂ ਦੇ ਸਵਾਲਾਂ ਨਾਲ ਨਜਿੱਠਦੇ ਹਨ। ਪਹਿਲੇ ਮਾਮਲੇ ਵਿੱਚ ਗ੍ਰਿਫ਼ਤਾਰੀ ਦਾ ਫ਼ੈਸਲਾ ਹੁਣ ਸੁਪਰੀਮ ਕੋਰਟ ਹੀ ਕਰੇਗੀ, ਉਡੀਕ ਕਰਨੀ ਪਵੇਗੀ। ਦੂਜੇ ਮਾਮਲੇ ਵਿੱਚ ਮਸਲਾ ਬੇਚੈਨ ਕਰਨ ਵਾਲਾ ਹੈ। ਸਾਡੀਆਂ ਖ਼ੁਫ਼ੀਆ ਏਜੰਸੀਆਂ ਨੂੰ ਕਦੇ ਭਿਣਕ ਹੀ ਨਹੀਂ ਪਈ ਕਿ ਸਾਡੇ ਹੀ ਨਾਗਰਿਕ ‘ਘਰ ਦਾ ਭੇਤੀ ਲੰਕਾ ਢਾਹੇ’ ਦੀ ਕਹਾਵਤ ਨੂੰ ਸੱਚੀ ਸਿੱਧ ਕਰ ਰਹੇ ਹਨ। ਇਹ ਗ੍ਰਿਫ਼ਤਾਰੀਆਂ ਹੁਣ ਕੇਵਲ ਇੱਥੋਂ ਤੱਕ ਹੀ ਸੀਮਿਤ ਨਹੀਂ ਰਹਿਣੀਆਂ ਚਾਹੀਦੀਆਂ, ਲੋਕਾਂ ਨੂੰ ਅੰਤਿਮ ਸੱਚ ਦਾ ਪਤਾ ਲੱਗਣਾ ਚਾਹੀਦਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਸਾਧਨਾਂ ਦੀ ਦਰੁਸਤ ਵੰਡ
17 ਮਈ ਦੇ ਨਜ਼ਰੀਆ ਪੰਨੇ ’ਤੇ ਜਤਿੰਦਰ ਸਿੰਘ ਦਾ ਲੇਖ ‘ਬੇਗਮਪੁਰੇ ਦਾ ਸੁਫਨਾ ਤੇ ਸਾਧਨਾਂ ਦੀ ਦਰੁਸਤ ਵੰਡ’ ਵਧੀਆ ਤੇ ਸਾਰਥਿਕ ਲੱਗਾ। ਸੱਚ ਹੈ ਕਿ ਸੁਫਨੇ, ਸਫਨੇ ਹੀ ਰਹਿ ਜਾਂਦੇ। ਸੁਲਝੇ ਸੰਵੇਦਨਸ਼ੀਲ ਸਿਆਣਿਆਂ ਤੇ ਸੰਤਾਂ ਨੇ ਹੀ ਸੁਫਨੇ ਨਹੀਂ ਸਨ ਲਏ ਕਿ ਇਹੋ ਜਿਹਾ ਸ਼ਹਿਰ ਜਾਂ ਦੇਸ਼ ਹੋਵੇ ਜਿੱਥੇ ਪੱਖਪਾਤ, ਜਾਤਪਾਤ, ਨਾ-ਬਰਾਬਰੀ ਤੇ ਕਾਣੀ ਵੰਡ ਦਾ ਸਿਲਸਿਲਾ ਨਾ ਹੋਵੇ ਬਲਕਿ ਸਭ ਇਨਸਾਨ ਕਾਨੂੰਨ ’ਚ ਬਰਾਬਰ ਦੇ ਹੱਕਦਾਰ ਹੋਣ, ਸਭ ਸਚਾਈ ਤੇ ਇਮਾਨਦਾਰੀ ਨਾਲ ਚੱਲਣ, ਕੋਈ ਵੀ ਭੁੱਖਾ ਪਿਆਸਾ ਨਾ ਰਹੇ, ਅਜਿਹਾ ਸੁਫਨਾ ਅੱਜ ਵੀ ਬਹੁਤ ਸਾਰਿਆਂ ਦਾ ਹੈ ਲੇਕਿਨ ਅੱਜ ਦੇ ਨੀਤੀਵਾਨਾਂ ਅਤੇ ਰਾਜਸੀ ਸੱਤਾਧਾਰੀਆਂ ਦਾ ਆਮ ਲੋਕਾਂ ਦੀਆਂ ਮੁਸ਼ਕਿਲਾਂ ਤੇ ਜ਼ਰੂਰਤਾਂ ਵੱਲ ਕੋਈ ਧਿਆਨ ਨਹੀਂ। ਉਹ ਸਿਰਫ਼ ਆਪਣੇ ਸਵਾਰਥ ਤੇ ਹਉਮੈ ਵਿੱਚ ਜਮਹੂਰੀਅਤ ਦੀ ਥਾਂ ਤਾਨਾਸ਼ਾਹੀ ’ਤੇ ਡਟੇ ਹੋਏ ਹਨ, ਜਿੱਥੇ ਕੋਈ ਇਨਸਾਫ਼ ਨਹੀਂ ਬਲਕਿ ਮੁਜਰਮਾਂ ਬਦਮਾਸ਼ਾਂ ਦੀ ਰਾਖੀ ਤੇ ਬਚਾਓ ਕੀਤਾ ਜਾਂਦਾ ਹੈ। ਪੀੜਤਾਂ ਅਤੇ ਲੋੜਵੰਦਾਂ ਦੀ ਕੋਈ ਸੁਣਵਾਈ ਨਹੀਂ। ਹਜ਼ਾਰਾਂ ਸਾਲਾਂ ਦੀਆਂ ਘਸੀਆਂ ਪਿਟੀਆਂ ਬੇਲੋੜੀਆਂ ਰੀਤਾਂ ਨੂੰ ਅੱਜ ਦੇ ਵਿਗਿਆਨਕ ਯੁੱਗ ਵਿੱਚ ਠੋਸਿਆ ਜਾ ਰਿਹਾ ਹੈ। ਧਰਮ ਤੇ ਕੱਟੜਤਾ ਨਾਲੋਂ ਤਰਕਵਾਦੀ ਨਾਸਤਿਕ ਹੋਣਾ ਕਿਤੇ ਵਧੇਰੇ ਬਿਹਤਰ ਤੇ ਕਾਰਗਰ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਮੰਤਰੀ ਦਾ ਬਿਆਨ
ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਕੁੰਵਰ ਵਿਜੇ ਸ਼ਾਹ ਵੱਲੋਂ ਫ਼ੌਜੀ ਅਫਸਰ ਕਰਨਲ ਸੋਫੀਆ ਕੁਰੈਸ਼ੀ ਬਾਰੇ ਕੀਤੀ ਟਿੱਪਣੀ ਨਿੰਦਣਯੋਗ ਹੈ। ਸੁਪਰੀਮ ਕੋਰਟ ਨੇ ਵਿਜੇ ਸ਼ਾਹ ਨੂੰ ਰਾਹਤ ਨਾ ਦਿੰਦਿਆਂ ਬਿਲਕੁਲ ਠੀਕ ਕਿਹਾ ਹੈ ਕਿ ਜਦੋਂ ਦੇਸ਼ ਅਜਿਹੇ ਹਾਲਾਤ ਵਿੱਚੋਂ ਲੰਘ ਰਿਹਾ ਹੈ ਤਾਂ ਮੰਤਰੀ ਨੂੰ ਸੱਚਮੁੱਚ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਫ਼ੌਜੀ ਕਿਸੇ ਧਰਮ ਵਿੱਚ ਬੱਝੇ ਹੋਏ ਨਹੀਂ ਹੁੰਦੇ, ਉਹ ਦੇਸ਼ ਲਈ ਲੜਦੇ ਹਨ। ਫ਼ੌਜ ਵਿੱਚ ਧਰਮ ਦੀ ਰਾਜਨੀਤੀ ਫੈਲਾਉਣ ਵਾਲੇ ਅਤੇ ਕਿਸੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ ਮੰਤਰੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਉਹ ਸੋਚ ਸਮਝ ਕੇ ਬੋਲੇ। ਨਫ਼ਰਤ ਫੈਲਾਉਣ ਵਾਲੇ ਇਸ ਮੰਤਰੀ ਨੂੰ ਭਾਜਪਾ ਵੱਲੋਂ ਵੀ ਹੁਣ ਤੱਕ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਸੀ। ਭਾਜਪਾ ਦੀ ਚੁੱਪ ਸਾਰੇ ਮੁਲਕ ਨੂੰ ਚੁਭ ਰਹੀ ਹੈ। 14 ਮਈ ਦਾ ਸੰਪਾਦਕੀ ‘ਜ਼ਹਿਰੀਲੀ ਸ਼ਰਾਬ ਦਾ ਖ਼ਤਰਨਾਕ ਧੰਦਾ’ ਪੜ੍ਹਿਆ। ਕੀ ਉਸ ਇਲਾਕੇ ਦੇ ਸਿਆਸਤਾਨਾਂ ਅਤੇ ਆਬਕਾਰੀ ਅਧਿਕਾਰੀਆਂ ਨੂੰ ਇਸ ਫੈਕਟਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ? ਜੇਕਰ ਜਾਣਕਾਰੀ ਨਹੀਂ ਸੀ ਤਾਂ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ।
ਚਮਕੌਰ ਸਿੰਘ ਬਾਘੇਵਾਲੀਆ, ਈਮੇਲ
ਸੰਵੇਦਨਹੀਣ ਸਮਾਜ
13 ਮਈ ਦੇ ਅੰਕ ਵਿੱਚ ਪਰਵਿੰਦਰ ਸਿੰਘ ਢੀਂਡਸਾ ਆਪਣੇ ਲੇਖ ‘ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮੌਜੂਦਾ ਸਿੱਖਿਆ’ ਵਿੱਚ ਵਾਜਿਬ ਚਿੰਤਾ ਜ਼ਾਹਿਰ ਕਰਦੇ ਹਨ ਕਿ ਨੈਤਿਕ ਸਿੱਖਿਆ ਤੋਂ ਵਾਂਝੀ ਤਕਨੀਕੀ ਮੁਹਾਰਤ ਇਨਸਾਨ ਨੂੰ ਇਨਸਾਨੀਅਤ ਤੋਂ ਦੂਰ ਕਰ ਦੇਵੇਗੀ। 14 ਮਈ ਦੇ ਨਜ਼ਰੀਆ ਪੰਨੇ ’ਤੇ ਡਾ. ਅਰੁਣ ਮਿੱਤਰਾ ਆਪਣੇ ਲੇਖ ‘ਭਾਰਤ ਦਾ ਵਿਚਾਰ ਬਨਾਮ ਹਿਮਾਂਸ਼ੀ ਨਰਵਾਲ ਦੀ ਟ੍ਰੋਲਿੰਗ’ ਰਾਹੀਂ ਸ੍ਰੀ ਢੀਂਡਸਾ ਦੇ ਖਦਸ਼ੇ ਦਾ ਪ੍ਰਤੱਖ ਰੂਪ ਪਾਠਕਾਂ ਸਾਹਮਣੇ ਰੱਖਦੇ ਹਨ। ਲੇਖਕ ਨੇ ਅਜਿਹੀ ਟ੍ਰੋਲਿੰਗ ’ਤੇ ਪ੍ਰਧਾਨ ਮੰਤਰੀ ਨੂੰ ਵੀ ਖ਼ਰੀਆਂ-ਖ਼ਰੀਆਂ ਸੁਣਾਈਆਂ ਹਨ। ‘ਭਾਰਤ ਦਾ ਵਿਚਾਰ’ ਹੁਣ ਸਮਾਜਿਕ-ਆਰਥਿਕ ਨਿਆਂ, ਲਿੰਗਕ ਸਮਾਨਤਾ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਸਦਭਾਵਨਾ ਤੋਂ ਕਿਤੇ ਦੂਰ ਚਲਾ ਗਿਆ ਹੈ। ਆਪਸੀ ਭੇਦ-ਭਾਵ, ਨਫ਼ਰਤ ਅਤੇ ਹਿੰਸਕ ਪ੍ਰਵਿਰਤੀ ਭਾਰਤ ਦਾ ਨਵਾਂ ਵਿਚਾਰ ਬਣ ਕੇ ਉੱਭਰ ਰਿਹਾ ਹੈ। ਅਜਿਹੇ ਉਭਾਰ ਵਿੱਚ ਹੀ ਭਾਈਚਾਰਕ ਸਾਂਝ ਦੀ ਬਾਤ ਪਾਉਣ ਵਾਲੀ ਨਵ-ਵਿਆਹੀ ਵਿਧਵਾ, ਉਹ ਵੀ ਜਦੋਂ ਉਸ ਦਾ ਪਤੀ ਦਹਿਸ਼ਤਗਰਦਾਂ ਹੱਥੋਂ ਹਨੀਮੂਨ ’ਤੇ ਗਏ ਵੇਲੇ ਮਾਰਿਆ ਗਿਆ, ਦੀ ਟ੍ਰੋਲਿੰਗ ਸੰਭਵ ਹੈ। ਜ਼ਾਹਿਰ ਹੈ ਕਿ ਅਸੀਂ ਸੰਵੇਦਨਹੀਣ ਸਮਾਜ ਵੱਲ ਵਧ ਰਹੇ ਹਾਂ।
ਜਗਰੂਪ ਸਿੰਘ, ਉਭਾਵਾਲ (ਲੁਧਿਆਣਾ)