ਪਾਠਕਾਂ ਦੇ ਖ਼ਤ
ਸਾਂਝ ਵਾਲੇ ਰਾਹ
ਮਦਨਦੀਪ ਸਿੰਘ ਨੇ ਆਪਣੇ ਲੇਖ ‘ਧਰਤੀ ਉੱਤੇ ਲੜਾਈ ਨਹੀਂ, ਸਾਂਝ ਪਾਓ…’ (16 ਮਈ) ਵਿੱਚ ਏਸ਼ੀਆ ਦੇ ਦੇਸ਼ਾਂ ਨੂੰ ਸਹੀ ਸਲਾਹ ਦਿੱਤੀ ਹੈ ਕਿ ਇਹ ਕੌਮਾਂਤਰੀ ਰਣਨੀਤਕ ਸਾਜ਼ਿਸ਼ਾਂ ਨੂੰ ਸਮਝਣ ਅਤੇ ਆਪਣੀ ਰੁਕੀ ਹੋਈ ਸਾਂਝੀ ਤਰੱਕੀ ਦੇ ਰਾਹ ਲੱਭਣ। ਇਸ ਖ਼ਿੱਤੇ ਦੀ ਅਰਬਾਂ ਦੀ ਆਬਾਦੀ ਅਜੇ ਤੱਕ ਧਰਮ ਦੇ ਸਿਆਸੀ ਸ਼ਿਕੰਜੇ ’ਚੋਂ ਹੀ ਨਹੀਂ ਨਿਕਲ ਸਕੀ। ਭਾਰਤੀ ਸੰਸਕ੍ਰਿਤੀ ਵਿੱਚ ਕਿਸੇ ਦੀ ਜਾਨ ਲੈਣਾ ਪਾਪ ਸਮਝਿਆ ਜਾਂਦਾ ਹੈ, ਭਾਵੇਂ ਉਹ ਜਾਨਵਰ ਹੀ ਕਿਉਂ ਨਾ ਹੋਵੇ। ਸਾਡੀ ਹਵਾਈ ਸੈਨਾ ਦਾ ਇੱਕੋ-ਇੱਕ ਮਕਸਦ ਸੀ ਸਰਹੱਦ ਪਾਰ ਅਤਿਵਾਦੀ ਸਿਖਲਾਈ ਕੈਂਪ ਤਬਾਹ ਕਰਨਾ; ਉਹ ਹੋ ਗਏ ਹਨ, ਪਰ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਅਤਿਵਾਦ ਦੀ ਪੁਸ਼ਤ ਪਨਾਹੀ ਕੌਣ ਕਰਦਾ ਹੈ? ਇਸ ਨੂੰ ‘ਆਕਸੀਜਨ’ ਕਿੱਥੋਂ ਮਿਲਦੀ ਹੈ? ਲੇਖਕ ਦੀ ਸੋਚ ’ਤੇ ਚੱਲਣ ਲਈ ਮੁੱਕ ਚੱਲੇ ਪਾਣੀ ਅਤੇ ਹੋਰ ਸਾਧਨਾਂ ਨੂੰ ਬਹੁਤ ਸੰਕੋਚ ਨਾਲ ਵਰਤਣਾ ਸਿੱਖਣਾ ਪਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਸੇ ਵੀ ਬਾਂਹ ਨਹੀਂ ਫੜਨੀ, ਸਾਂਝੀਆਂ ਸਮੱਸਿਆਵਾਂ ਦੇ ਹੱਲ ਸਾਂਝੀਆਂ ਸੋਚਾਂ ’ਚੋਂ ਨਿਕਲਣੇ ਹਨ, ਯੁੱਧਾਂ ’ਚੋਂ ਨਹੀਂ; ਅਤਿਵਾਦ ’ਚੋਂ ਵੀ ਨਹੀਂ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
ਦੋਹੀਂ ਪਾਸੀਂ ਅਮਨ-ਅਮਾਨ
15 ਮਈ ਦੇ ਸੰਪਾਦਕੀ ‘ਤਣਾਅ ਘਟਾਉਣ ਦੇ ਕਦਮ’ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਹੋ ਰਹੀ ਕਸ਼ਮਕਸ਼ ਨੂੰ ਰੋਕ ਲੱਗਣ ਦੇ ਬਾਵਜੂਦ ਤਣਾਅ ਵਾਲੀ ਸਥਿਤੀ ਹੈ। ਪਹਿਲਗਾਮ ਵਾਲੀ ਘਟਨਾ ਤੋਂ ਬਾਅਦ ਹੋਏ ਹਮਲਿਆਂ ਨਾਲ ਜੋ ਖੌਫ਼ ਬਣਿਆ ਸੀ, ਫਿਲਹਾਲ ਟਲ ਗਿਆ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਜੰਗਬੰਦੀ ਨਾਲ ਕਿੰਨਾ ਕੁ ਸੁਧਾਰ ਹੁੰਦਾ ਹੈ। ਚਿੰਤਕਾਂ ਦੇ ਵਿਚਾਰ ਅਨੁਸਾਰ, ਜੰਗ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੁੰਦਾ। ਤੋਪਾਂ ਦੇ ਮੂੰਹ ਵਿੱਚੋਂ ਨਿਕਲਿਆ ਬਾਰੂਦ ਮਨੁੱਖਤਾ ਅਤੇ ਧਰਤੀ ਦਾ ਵਿਨਾਸ਼ ਹੀ ਕਰਦਾ ਹੈ। ਮਾਨਵਤਾ ਅਤੇ ਕੁਦਰਤ ਦੇ ਘਾਣ ਤੋਂ ਇਲਾਵਾ ਭੁੱਖਮਰੀ, ਮਹਿੰਗਾਈ ਤੇ ਦਹਿਸ਼ਤ ਦਾ ਸਾਇਆ, ਜਮ੍ਹਾਂਖੋਰੀ ਆਦਿ ਸਮਾਜਿਕ ਤਾਣੇ-ਬਾਣੇ ਨੂੰ ਵੀ ਇਹ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੰਦਾ ਹੈ। ਸਰਹੱਦੀ ਪਿੰਡਾਂ ਵਿੱਚ ਵਸਦੇ ਲੋਕਾਂ ਦੇ ਸਾਹ ਸੂਤੇ ਹੋਏ ਸਨ। ਉੱਥੇ ਭੈਅ ਵਾਲਾ ਮਾਹੌਲ ਭਾਰੂ ਸੀ। ਦੋਹੀਂ ਪਾਸੀਂ ਅਮਨ-ਅਮਾਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸੁਖਦੇਵ ਸਿੰਘ ਭੁੱਲੜ, ਓਲੀਵਰ (ਬ੍ਰਿਟਿਸ਼ ਕੋਲੰਬੀਆ, ਕੈਨੇਡਾ)
ਗੱਲਾਂ ਦੀ ਗੱਲ
15 ਮਈ ਨੂੰ ਨਜ਼ਰੀਆ ਪੰਨੇ ਉੱਪਰ ਦਰਸ਼ਨ ਸਿੰਘ ਦੇ ਮਿਡਲ ‘ਗੱਲ ਕਰਾਂ ਗੱਲ ਨਾਲ’ ਵਿੱਚ ਗੱਲਾਂ ਦੇ ਪ੍ਰਭਾਵ ਨੂੰ ਕੇਂਦਰ ਬਿੰਦੂ ਬਣਾਇਆ ਗਿਆ ਹੈ। ਉਂਝ, ਇਸ ਵਿੱਚ ਜਿਸ ਤਰ੍ਹਾਂ ਦੀ ਗੱਲਬਾਤ ਚੱਲਦੀ ਹੈ ਜਾਂ ਚੱਲ ਰਹੀ ਹੁੰਦੀ ਹੈ, ਉਸ ਦੇ ਅੰਤ ਵਿੱਚ ਓਨਾ ਵਧੀਆ ਅੰਤ ਨਹੀਂ ਹੋ ਸਕਿਆ ਜਿੰਨਾ ਸ਼ੁਰੂ ਵਿੱਚ ਪ੍ਰਭਾਵਸ਼ਾਲੀ ਗੱਲਾਂ ਨਾਲ ਸਿਰਜਿਆ ਗਿਆ ਹੈ। ਸ਼ੁਰੂ ਵਿੱਚ ਜਾਪਦਾ ਸੀ ਕਿ ਇਸ ਦਾ ਅੰਤ ਸੱਚਮੁੱਚ ਖ਼ਾਸ ਹੋਵੇਗਾ।
ਜ਼ੋਰਾਵਰ ਅਨੂਪਗੜ੍ਹ, ਈਮੇਲ
(2)
15 ਮਈ ਵਾਲੇ ਮਿਡਲ ‘ਗੱਲ ਕਰਾਂ ਗੱਲ ਨਾਲ…’ ਵਿੱਚ ਦਰਸ਼ਨ ਸਿੰਘ ਨੇ ਬੜੇ ਕੰਮ ਦੀਆਂ ਗੱਲਾਂ ਕੀਤੀਆਂ ਹਨ। ਉਨ੍ਹਾਂ ਸਮਾਜ ਦੇ ਆਪ ਵਿਹਾਰ ’ਤੇ ਬੜੀ ਗੁੱਝੀ ਸੱਟ ਮਾਰਨ ਦਾ ਯਤਨ ਕੀਤਾ ਹੈ। ਅਜਿਹੇ ਬਥੇਰੇ ਲੋਕ ਹਨ ਜੋ ਰਾਈ ਦਾ ਪਹਾੜ ਬਣਾਉਣ ਵਿੱਚ ਰੁੱਝੇ ਰਹਿੰਦੇ ਹਨ। ਅਸਲ ਮਸਲਾ ਬੰਦੇ ਦਾ ਬੰਦਾ ਬਣੇ ਰਹਿਣ ਦਾ ਹੈ।
ਕੁਲਬੀਰ ਸਿੰਘ ਸੰਗਮ, ਜਲੰਧਰ
ਜ਼ਹਿਰੀਲੀ ਸ਼ਰਾਬ ਦਾ ਕਹਿਰ
14 ਮਈ ਦਾ ਸੰਪਾਦਕੀ ‘ਜ਼ਹਿਰੀਲੀ ਸ਼ਰਾਬ ਦਾ ਖ਼ਤਰਨਾਕ ਧੰਦਾ’ ਪੜ੍ਹਿਆ। ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮੁੱਦਾ ਇੱਕ ਵਾਰ ਫਿਰ ਭਖਿਆ ਹੈ। ਇਸ ਕਾਂਡ ਵਿੱਚ ਵੀ ਕੁਝ ਪੁਲੀਸ ਮੁਲਾਜ਼ਮ ਅਤੇ ਕੁਝ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਵੇਗੀ ਜਿਵੇਂ ਪਹਿਲਾਂ ਹੁੰਦਾ ਆਇਆ ਹੈ ਅਤੇ ਫਿਰ ਇਹ ਘਟਨਾ ਵੀ ਪਹਿਲਾਂ ਵਾਂਗ ਹਮਦਰਦੀਆਂ ਅਤੇ ਮੁਆਵਜ਼ਿਆਂ ਹੇਠ ਦਬ ਕੇ ਰਹਿ ਜਾਵੇਗੀ। ਅਫ਼ਸੋਸਨਾਕ ਪਹਿਲੂ ਇਹ ਹੈ ਕਿ ਇਸ ਕਾਂਡ ਵਿੱਚ ਗ਼ਰੀਬ ਘਰਾਂ ਦੇ ਲੋਕ ਮਾਰੇ ਗਏ ਹਨ, ਜਿਨ੍ਹਾਂ ਦੀ ਕਮਾਈ ਨਾਲ ਬਾਕੀ ਪਰਿਵਾਰ ਦਾ ਖਰਚਾ ਚੱਲਦਾ ਸੀ। ਅਜਿਹੀਆਂ ਘਟਨਾਵਾਂ ਲੋਕਾਂ ਵਿੱਚ ਦਹਿਸ਼ਤ ਅਤੇ ਅਸੁਰੱਖਿਆ ਵਾਲਾ ਮਾਹੌਲ ਪੈਦਾ ਕਰਦੀਆਂ ਹਨ। ਅਜਿਹੀਆਂ ਘਟਨਾਵਾਂ ਰੋਕਣ ਲਈ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਅਸਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਚਿੱਟੀਆਂ ਘੁੱਗੀਆਂ
9 ਮਈ ਦੇ ਨਜ਼ਰੀਆ ਪੰਨੇ ਉੱਤੇ ਅਭੈ ਸਿੰਘ ਦੀ ਰਚਨਾ ‘ਕਿੱਥੇ ਗਏ ਚਿੱਟੀਆਂ ਘੁੱਗੀਆਂ ਵਾਲੇ ਅਸਮਾਨੀ ਝੰਡੇ?’ ਪੜ੍ਹੀ। ਲੇਖਕ ਨੇ ਲੜਾਈਆਂ ਦੇ ਦੁਖਾਂਤ ਦੀ ਤਸਵੀਰ ਪੇਸ਼ ਕਰ ਕੇ ਮਨੁੱਖ ਨੂੰ ਲੜਾਈਆਂ ਦੇ ਮਾੜੇ ਅਸਰ ਬਾਰੇ ਖ਼ਬਰਦਾਰ ਕੀਤਾ ਹੈ। ਲੜਾਈ ਅਸਲ ਵਿੱਚ ਕਿਸੇ ਸਮੱਸਿਆ ਦਾ ਹੱਲ ਨਹੀਂ। ਉਂਝ ਵੀ ਹੁਣ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਹਨ, ਪੰਜਾਬ ਦਾ ਹੀ ਨੁਕਸਾਨ ਹੋਇਆ ਹੈ। ਬਾਰਡਰ ’ਤੇ ਰਹਿ ਰਹੇ ਲੋਕਾਂ ਨੇ ਇਹ ਸੰਤਾਪ ਦੇਖਿਆ ਹੈ। ਹੁਣ ਲੜਾਈ ਦਾ ਖ਼ਦਸ਼ਾ ਟਲਣ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਅਵਾਮ ਨੇ ਸੁੱਖ ਦਾ ਸਾਹ ਲਿਆ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਬਰਕਤ ਵਾਲੀ ਕਮਾਈ
7 ਮਈ ਨੂੰ ਨਜ਼ਰੀਆ ਪੰਨੇ ਉੱਤੇ ਕਮਲਜੀਤ ਸਿੰਘ ਬਨਵੈਤ ਦਾ ਲੇਖ ‘ਇੱਜ਼ਤ ਦਾ ਟੁੱਕ’ ਪੜ੍ਹਿਆ। ਵਧੀਆ ਲੱਗਿਆ। ਮਿਹਨਤ, ਇਮਾਨਦਾਰੀ ਅਤੇ ਹੱਕ ਦੀ ਕਮਾਈ ਦਾ ਆਪਣਾ ਹੀ ਸੁਆਦ ਹੁੰਦਾ ਹੈ। ਮਨ ਸ਼ਾਂਤ ਰਹਿੰਦਾ ਹੈ ਤੇ ਰੂਹ ਨੂੰ ਸਕੂਨ ਮਿਲਦਾ ਹੈ। ਇਸ ਤਰ੍ਹਾਂ ਕੀਤੀ ਕਮਾਈ ਵਿੱਚ ਬਰਕਤ ਹੁੰਦੀ ਹੈ।
ਸੁਖਪਾਲ ਸਿੰਘ, ਬਠਿੰਡਾ
ਖ਼ਾਮੀਆਂ ਬਾਰੇ
26 ਅਪਰੈਲ ਦੇ ਸੰਪਾਦਕੀ ‘ਤੇਵਰਾਂ ਤੋਂ ਪਾਰ’ ਵਿੱਚ ਬਿਲਕੁਲ ਸਹੀ ਸਵਾਲ ਉਠਾਏ ਗਏ ਹਨ। ਬਹੁਤ ਪਹਿਲਾਂ ਸੰਸਦ ਉੱਤੇ ਹਮਲਾ ਅਤੇ ਫਿਰ ਮੁੰਬਈ ਵਿੱਚ ਹੋਟਲ ਤਾਜ ਉੱਤੇ ਹਮਲਾ ਹੋਣ ਵੇਲੇ ਵੀ ਸੁਰੱਖਿਆ ਅਤੇ ਖ਼ੁਫ਼ੀਆ ਤੰਤਰ ਦੀਆਂ ਖ਼ਾਮੀਆਂ ਬਾਰੇ ਚਰਚਾ ਹੋਈ ਸੀ। ਉਸੇ ਤਰ੍ਹਾਂ ਪਹਿਲਗਾਮ ਦੀ ਹਾਲਤ ਹੈ। ਇਸੇ ਦਿਨ ਦੂਜਾ ਸੰਪਾਦਕੀ ‘ਨੀਰਜ ’ਤੇ ਨਿਸ਼ਾਨਾ’ ਪੜ੍ਹਿਆ। ਸੋਸ਼ਲ ਮੀਡੀਆ ਦੇ ਵਰਤੋਂਕਾਰ ਬਹੁਤ ਗ਼ਲਤ ਕੰਮ ਕਰ ਰਹੇ ਹਨ। ਆਪਸੀ ਭਾਈਚਾਰਾ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਦੀ ਬਜਾਏ ਭੜਕਾਹਟ ਤੇ ਨਫ਼ਰਤ ਫੈਲਾਅ ਰਹੇ ਹਨ ਜੋ ਬਹੁਤ ਮਾੜੀ ਗੱਲ ਹੈ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)