ਪਾਠਕਾਂ ਦੇ ਖ਼ਤ
ਖ਼ੁਦ ਨਾਲ ਲੜਾਈ
13 ਮਈ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦੀ ਰਚਨਾ ‘ਜਿਊਣ ਦਾ ਚਾਅ’ ਚੰਗੀ ਹੈ। ਸਚਮੁੱਚ, ‘ਜਦੋਂ ਜਾਗੋ, ਉਦੋਂ ਹੀ ਸਵੇਰਾ ਹੁੰਦਾ ਹੈ’। ਜਦੋਂ ਕੋਈ ਵੀ ਬੰਦਾ ਆਪਣੇ ਮਨ ਵਿੱਚੋਂ ਕਿਸੇ ਵੀ ਬੁਰੀ ਆਦਤ ਜਾਂ ਕੋਈ ਵੀ ਨਸ਼ਾ ਛੱਡਣ ਦੀ ਧਾਰ ਲੈਂਦਾ ਹੈ ਤਾਂ ਭੈੜੀ ਤੋਂ ਭੈੜੀ ਅਲਾਮਤ ਤੋਂ ਵੀ ਛੁਟਕਾਰਾ ਪਾਉਣਾ ਕੋਈ ਮੁਸ਼ਕਿਲ ਨਹੀਂ ਹੁੰਦਾ। ਮਨੁੱਖ ਦੀ ਅਸਲ ਲੜਾਈ ਆਪਣੇ ਅੰਦਰ ਦੇ ਮਨ ਨਾਲ ਹੈ। ਕਈ ਲੋਕ ਨਸ਼ਾ ਛੱਡਣ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰ ਕਈ ਵਾਰ ਹਾਰ ਜਾਂਦੇ ਹਨ। ਇਸ ਹਾਰ ਪਿੱਛੇ ਮੁੱਖ ਕਾਰਨ ਮਨ ਦੀ ਕਮਜ਼ੋਰੀ ਜਾਂ ਮਨ ਵਿੱਚੋਂ ਕਿਸੇ ਦ੍ਰਿੜ੍ਹ ਇੱਛਾ ਸ਼ਕਤੀ ਦੀ ਘਾਟ ਹੀ ਹੁੰਦਾ ਹੈ। ਇਸ ਲਈ ਹਰ ਸ਼ਖ਼ਸ ਨੂੰ ਆਪਣੇ ਅੰਦਰਲੀ ਤਾਕਤ ਨੂੰ ਜਗਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਨਸ਼ਾ-ਮੁਕਤ ਜੀਵਨ ਦੀ ਚੋਣ ਕਰ ਸਕੀਏ।
ਬਿਕਰਮਜੀਤ ਸਿੰਘ, ਪਟਿਆਲਾ
ਮੁਕੰਮਲ ਜਾਂਚ ਹੋਵੇ
ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਹਲਕੇ ਦੇ ਪਿੰਡ ਭੰਗਾਲੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰ ਕੇ ਵੀਹ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਗ਼ਰੀਬ ਦਿਹਾੜੀਦਾਰ ਸਨ। ਕਿੰਨੇ ਹੱਸਦੇ ਵੱਸਦੇ ਘਰ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੇ ਉਜਾੜ ਦਿੱਤੇ। ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ ਨਸ਼ਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਸਖ਼ਤੀ ਕੀਤੀ ਹੋਈ ਹੈ, ਇਹ ਨਸ਼ੇ ਖ਼ਤਮ ਕਰਨ ਬਾਰੇ ਵੱਡੇ-ਵੱਡੇ ਦਾਅਵੇ ਵੀ ਕਰਦੀ ਹੈ ਪਰ ਇਸ ਘਟਨਾ ਨੇ ਸਰਕਾਰ ਦੀ ਸਾਰੀ ਪੋਲ ਖੋਲ੍ਹ ਦਿੱਤੀ ਹੈ। ਹੁਣ ਸ਼ਰਾਬ ਦੇ ਇਸ ਕਾਰੋਬਾਰ ਬਾਰੇ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਕਾਂਡ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਗੁਰਤੇਜ ਸਿੰਘ ਖੁਡਾਲ, ਬਠਿੰਡਾ
ਅਪਰਾਧ ਕਿਵੇਂ ਹੋਇਆ?
ਕਾਂਗਰਸ ਆਗੂ ਰਾਹੁਲ ਗਾਂਧੀ ਦਾ ਭਗਵਾਨ ਰਾਮਚੰਦਰ ਨੂੰ ਮਿਥਿਹਾਸਕ ਅਤੇ ਕਾਲਪਨਿਕ ਕਹਿਣਾ ਅਪਰਾਧ ਕਿਵੇਂ ਹੋਇਆ? ਲਗਭੱਗ ਅੱਧੀ ਸਦੀ ਪਹਿਲਾਂ ਤਰਕਸ਼ੀਲ ਸੁਸਾਇਟੀ ਇਹ ਪਹਿਲਾਂ ਹੀ ਕਹਿ ਚੁੱਕੀ ਹੈ। ਇਸ ਤੋਂ ਪਹਿਲਾਂ, 10 ਮਈ ਦੇ ਸੰਪਾਦਕੀ ‘ਸੁਪਰੀਮ ਕੋਰਟ ਦਾ ਸੰਜਮ’ ਵਿੱਚ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਭਾਰਤ ਦੇ ਚੀਫ ਜਸਟਿਸ ਖ਼ਿਲਾਫ਼ ਬੇਹੂਦਾ ਟਿੱਪਣੀਆਂ ਕਾਰਨ ਸੁਪਰੀਮ ਕੋਰਟ ਵੱਲੋਂ ਮਾਣਹਾਨੀ ਨਾ ਕਰਨ ਨੂੰ ਸੁਪਰੀਮ ਕੋਰਟ ਦਾ ਸੰਜਮ ਆਖਿਆ ਗਿਆ ਹੈ ਲੇਕਿਨ ਸੁਪਰੀਮ ਕੋਰਟ ਦੀ ਰਾਸ਼ਟਰਪਤੀ ਨੂੰ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਨੂੰ ਤਿੰਨ ਮਹੀਨਿਆਂ ਅੰਦਰ ਲੋੜਵੰਦ ਕਾਰਵਾਈ ਦੇ ਹੁਕਮ ਨਹੀਂ, ਸਲਾਹ ਨੂੰ ਅਤੇ ਸੰਵਿਧਾਨ ਦੀ ਧਾਰਾ 142 (ਜਿਸ ਅਨੁਸਾਰ ਨਿਆਂਪਾਲਿਕਾ ਆਪਣੇ ਕੋਲ ਚੱਲ ਰਹੇ ਕੇਸ ਬਾਰੇ ਨਿਆਂ ਕਰਨ ਲਈ ਕੋਈ ਤਾਂ ਫ਼ੈਸਲਾ ਕਰੇਗੀ ਹੀ) ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਪਰਮਾਣੂ ਮਿਜ਼ਾਈਲ ਕਹਿਣਾ ਅਤੇ ਸੁਪਰੀਮ ਕੋਰਟ ਨੂੰ ਸੁਪਰ ਪਾਰਲੀਮੈਂਟ ਆਖਣਾ ਦੂਬੇ ਤੋਂ ਵੀ ਬੇਹੂਦਾ ਸੀ। ਯੂਪੀ ਦੇ ਸਾਬਕਾ ਮੰਤਰੀ ਦਿਨੇਸ਼ ਕੁਮਾਰ ਨੇ ਵੀ ਸੁਪਰੀਮ ਕੋਰਟ ਦੀ ਅਜਿਹੀ ਸਲਾਹ ਨੂੰ ਨਿੰਦਿਆ ਸੀ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਸਰਲ ਸ਼ਬਦਾਂ ’ਚ ਬਿਆਨ
8 ਮਈ ਦੇ ਅੰਕ ਵਿੱਚ ਤਿਲਕ ਦੇਵਾਸ਼ਰ ਦੀ ਲਿਖਤ ‘ਪਾਕਿਸਤਾਨੀ ਪ੍ਰਤੀਕਿਰਿਆ ’ਤੇ ਨਜ਼ਰ’ ਪੜ੍ਹੀ। ਲੇਖਕ ਨੇ ਬਹੁਤ ਸਰਲ ਸ਼ਬਦਾਂ ਵਿੱਚ ਸਾਰੀ ਸਮੱਸਿਆ ਬਿਆਨ ਕੀਤੀ ਹੈ। ਚੰਗਾ ਤਾਂ ਇਹ ਹੁੰਦਾ ਕਿ ਅਤਿਵਾਦੀਆਂ ਦੇ ਜੋ ਟਿਕਾਣੇ ਭਾਰਤ ਨੇ ਤਬਾਹ ਕੀਤੇ ਹਨ, ਇਹ ਟਿਕਾਣੇ ਪਾਕਿਸਤਾਨ ਆਪ ਤਬਾਹ ਕਰਦਾ ਅਤੇ ਸੁਨੇਹਾ ਦਿੰਦਾ ਕਿ ਉਹ ਅਤਿਵਾਦ ਨੂੰ ਖ਼ਤਮ ਕਰੇਗਾ ਅਤੇ ਅਤਿਵਾਦ ਨੂੰ ਮੁੜ ਤੋਂ ਸਿਰ ਨਹੀਂ ਚੁੱਕਣ ਦੇਵੇਗਾ। ਇਸ ਤਰ੍ਹਾਂ ਦੋਵੇਂ ਦੇਸ਼ ਹੋਰ ਵੀ ਤਰੱਕੀ ਕਰਦੇ।
ਬਿੱਕਰ ਸਿੰਘ ਮਾਨ, ਬਠਿੰਡਾ
ਯੂਨੀਵਰਸਿਟੀ ਦਾ ਹਾਲ
30 ਅਪਰੈਲ ਨੂੰ ਡਾ. ਨਿਵੇਦਤਾ ਸਿੰਘ ਦੇ ਲੇਖ ‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ…’ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੰਦਹਾਲੀ ਦੇ ਕਾਰਨ ਵਿਸਥਾਰ ਵਿੱਚ ਗਿਣਾਏ ਗਏ ਹਨ। ਇਸ ਮੰਦਹਾਲੀ ਲਈ ਸਪਸ਼ਟ ਤੌਰ ’ਤੇ ਜ਼ਿੰਮੇਵਾਰ ਸਮੇਂ-ਸਮੇਂ ਦੀਆਂ ਸਰਕਾਰਾਂ ਹਨ ਜਿਨ੍ਹਾਂ ਨੇ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਯੂਨੀਵਰਸਿਟੀ ਦੇ ਪ੍ਰਬੰਧ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਮਸਲਾ ਬਹੁਤ ਗੰਭੀਰ ਹੈ। ਮੌਜੂਦਾ ਸਰਕਾਰ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਬੜੇ ਜ਼ੋਰ-ਸ਼ੋਰ ਨਾਲ ਚਲਾ ਰਹੀ ਹੈ। ਇਸ ਦੇ ਸਨਮੁੱਖ ਇਸ ਸ਼ਾਨਾਮੱਤੀ ਯੂਨੀਵਰਸਿਟੀ ਦੀ ਸ਼ਾਨ ਬਹਾਲ ਕਰਨ ਲਈ ਪਹਿਲ ਦੇ ਆਧਾਰ ’ਤੇ ਕਾਬਲ ਸਿੱਖਿਆ ਮਾਹਿਰ ਨੂੰ ਵਾਈਸ ਚਾਂਸਲਰ ਨਿਯੁਕਤ ਕਰਨਾ ਚਾਹੀਦਾ ਹੈ।
ਮਾਸਟਰ ਕਰਮ ਸਿੰਘ, ਪਿੰਡ ਫੂਲ (ਬਠਿੰਡਾ)
ਸਰਕਾਰੀ ਸਕੂਲ
6 ਮਈ ਦੇ ਅੰਕ ਵਿੱਚ ਕਰਮਜੀਤ ਸਿੰਘ ਚਿੱਲਾ ਦਾ ਲੇਖ ‘ਸੁਣਾਂ ਮੇਰੀ ਬਾਤ’ ਪੜ੍ਹਿਆ। ਕੋਈ ਸਮਾਂ ਸੀ ਜਦੋਂ ਅਮੀਰ-ਗ਼ਰੀਬ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸੀ। ਜਦੋਂ ਤੋਂ ਪ੍ਰਾਈਵੇਟ ਸਕੂਲ ਖੁੰਭਾਂ ਵਾਂਗ ਉੱਗ ਪਏ, ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਹੀ ਗਈ। ਅੱਜ ਸਿਰਫ਼ ਗ਼ਰੀਬਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਅਸੀਂ ਸਭ ਰੀਸੋ-ਰੀਸ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀਆਂ ਉੱਚੀਆਂ ਬਿਲਡਿੰਗਾਂ ਦੇਖ ਕੇ ਦਾਖ਼ਲ ਕਰਵਾਈ ਜਾਂਦੇ ਹਾਂ। 29 ਅਪਰੈਲ ਨੂੰ ਸੁਖਜੀਤ ਕੌਰ ਦੇ ਮਿਡਲ ‘ਸਿੱਲ੍ਹੀਆਂ ਅੱਖਾਂ ’ਚ ਤੈਰਦੇ ਸਵਾਲ’ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਵਾਪਰੇ ਦੁਖਾਂਤ ਦੀ ਦਾਸਤਾਨ ਬਿਆਨ ਕੀਤੀ ਗਈ ਹੈ। 23 ਅਪਰੈਲ ਵਾਲਾ ਸੁਰਿੰਦਰ ਕੈਲੇ ਦਾ ਮਿਡਲ ‘ਸਰਪੰਚੀ ਦਾ ਉਹ ਦਿਨ’ ਪ੍ਰੇਰਨਾ ਦੇਣ ਵਾਲਾ ਹੈ। ਜੇਕਰ ਬੰਦੇ ਕੋਲ ਕੋਈ ਅਹੁਦਾ ਹੈ ਤਾਂ ਉਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
ਇਤਿਹਾਸ ਦੀ ਅਣਦੇਖੀ
22 ਅਪਰੈਲ ਦੇ ਖ਼ਬਰਨਾਮਾ ਪੰਨੇ ’ਤੇ ‘ਕੇਸਰੀ ਚੈਪਟਰ 2’ ਬਾਰੇ ਖ਼ਬਰ ਪੜ੍ਹ ਕੇ ਚੰਗਾ ਲੱਗਿਆ ਕਿ ਇਸ ਫਿਲਮ ਨੇ ਤਿੰਨ ਦਿਨਾਂ ਵਿੱਚ 29.62 ਕਰੋੜ ਰੁਪਏ ਕਮਾਏ ਹਨ ਪਰ ਜਦੋਂ ਫਿਲਮ ਦੇਖੀ ਤਾਂ ਨਿਰਾਸ਼ਾ ਹੋਈ ਕਿਉਂਕਿ ਇਸ ਵਿੱਚ ਜੱਲਿਆਂਵਾਲਾ ਬਾਗ ਦੀ ਅਸਲ ਕਹਾਣੀ ਅਤੇ ਉਸ ਦੇ ਅਸਲ ਹੀਰੋ ਨੂੰ ਅਣਦੇਖਿਆ ਕੀਤਾ ਗਿਆ ਹੈ। ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਇਹ ਫਿਲਮ ਜੱਲਿਆਂਵਾਲਾ ਬਾਗ ਹੱਤਿਆ ਕਾਂਡ ਦੀ ਅਣਕਹੀ ਕਹਾਣੀ ਉਜਾਗਰ ਕਰਦੀ ਹੈ। ਅਸਲ ਵਿੱਚ, ਇਹ ਫਿਲਮ ਵਕੀਲ ਸੀ ਸ਼ੰਕਰਨ ਨਾਇਰ ਬਾਰੇ ਹੈ ਜਿਸ ਨੇ 1920 ਦੇ ਦਹਾਕੇ ਦੌਰਾਨ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਕਾਨੂੰਨੀ ਲੜਾਈ ਲੜੀ ਸੀ। ਇਹ ਫਿਲਮ ਨਾਇਰ ਦੇ ਪੜਪੋਤੇ ਰਘੂ ਪਲਟ ਅਤੇ ਉਸ ਦੀ ਪਤਨੀ ਪੁਸ਼ਪਾ ਪਲਟ ਦੀ ਪੁਸਤਕ ‘ਦਿ ਕੇਸ ਦੈਟ ਸ਼ੂਕ ਦਿ ਐਂਪਾਇਰ’ ਉੱਤੇ ਆਧਾਰਿਤ ਹੈ। ਜਿੱਥੋਂ ਤਕ ਅਕਸ਼ੈ ਕੁਮਾਰ, ਅਨੰਨਿਆ ਪਾਂਡੇ ਅਤੇ ਮਾਧਵ ਦੀ ਅਭਿਨੈ ਕਲਾ ਦਾ ਸਵਾਲ ਹੈ, ਉਹ ਸਲਾਹੁਣਯੋਗ ਹੈ ਪਰ ਫਿਲਮ ਦੇ ਅਸਲੀ ਮਕਸਦ, ਸਹੀ ਇਤਿਹਾਸਕਾਰੀ ਨੂੰ ਹਰਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਧੁੰਦਲਾ ਨਾ ਕੀਤਾ ਜਾ ਸਕੇ।
ਡਾ. ਤਰਲੋਚਨ ਕੌਰ, ਪਟਿਆਲਾ