For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

04:02 AM Mar 22, 2025 IST
ਪਾਠਕਾਂ ਦੇ ਖ਼ਤ
Advertisement

ਸਮੇਂ ਦਾ ਹਾਣੀ
21 ਮਾਰਚ ਵਾਲਾ ਸੰਪਾਦਕੀ ‘ਕਿਸਾਨ ਅੰਦੋਲਨ ਦੀ ਹੋਣੀ’ ਸਮੇਂ ਦਾ ਹਾਣੀ ਹੈ ਕਿਉਂਕਿ ਦੇਸ਼ ਦੇ ਖੇਤੀ ਪ੍ਰਧਾਨ ਖਿੱਤੇ ’ਚ ਕਿਸਾਨ ਨੂੰ ਕੇਂਦਰ ਅਤੇ ਸੂਬਾ ਸਰਕਾਰ ਰਲ ਕੇ ‘ਕੁਟਲ’ (ਛੋਲਿਆਂ ਤੇ ਸਰੋਂ ਦੀ ਰਹਿੰਦ-ਖੂੰਹਦ) ਵਾਂਗ ਚਿਰੋਕਣਾ ਕੁੱਟ ਰਹੀਆਂ ਹਨ ਪਰ ਹਾਸਲ ਕੁਝ ਨਹੀਂ ਹੋਇਆ। ਕਿਸਾਨ ਹਿਤੈਸ਼ੀ ਹੋ ਕੇ ਜੋ ਹਾਕਮ ਬਣੇ ਸਨ, ਅੱਜ ਕਿਸਾਨ ਨੂੰ ਕੁੱਟ ਕੇ ਕੁਰਸੀ ਕਾਇਮ ਰੱਖਣ ਲਈ ਤਰਲੋਮੱਛੀ ਨੇ। ਸਟੇਟ ਤੇ ‘ਡੀਪ ਸਟੇਟ’ ਕੁਝ ਵੀ ਕਰੇ, ਸਾਡਾ ਕਿਸਾਨ ਹੈ ਤਾਂ ਸਖ਼ਤ ਜਾਨ, ਜੋ ਵਪਾਰੀ ਦੇ ਤਰਾਜੂ ਉੱਤੇ ਤੁਲਦਾ, ਤਸ਼ੱਦਦ ਝੱਲਦਾ ਹੋਇਆ ਵੀ ਆਪਣੇ ਅਤੇ ਅਵਾਮ ਲਈ ਅਨਾਜ ਪੈਦਾ ਕਰ ਰਿਹਾ ਹੈ। ਮਨੋਵਿਗਿਆਨਕ ਖੋਜ ਹੈ ਕਿ ਜਦੋਂ ਕਦੇ ਵੀ ਕੋਈ ਸੰਘਰਸ਼, ਲੜਾਈ ਲੰਮੀ ਹੁੰਦੀ ਹੈ ਤਾਂ ਦੋਵੇਂ ਧਿਰਾਂ ਬਰਾਬਰ ਦੀਆਂ ਕਸੂਰਵਾਰ ਹੁੰਦੀਆਂ ਹਨ। ਅਜਿਹੇ ਮਸਲਿਆਂ ਬਾਰੇ ਸਾਰੇ ਪੱਖ ਵਿਚਾਰ ਕੇ ਹੀ ਅਗਾਂਹ ਕਦਮ ਵਧਾਇਆ ਜਾਣਾ ਚਾਹੀਦਾ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ

Advertisement

ਮਾਂ-ਬੋਲੀ ਨੂੰ ਸਿਮਰਦਿਆਂ
21 ਮਾਰਚ ਨੂੰ ਸਵਰਾਜਬੀਰ ਦਾ ਲੇਖ ‘ਮਾਂ-ਬੋਲੀ ਪੰਜਾਬੀ ਨੂੰ ਸਿਮਰਦਿਆਂ’ ਪੜਿ੍ਹਆ। ਇਹ ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਹਲੂਣਦਾ ਹੈ। ਪੰਜਾਬੀ ਦੀ ਅਜੋਕੀ ਸਥਿਤੀ ਲਈ ਅਸੀਂ ਆਪ ਵੀ ਜ਼ਿੰਮੇਵਾਰ ਹਾਂ। ਅਸੀਂ ਹੋਰ ਭਾਸ਼ਾਵਾਂ ਬੋਲ ਕੇ ਵੱਧ ਪੜ੍ਹੇ-ਲਿਖੇ ਤੇ ਆਧੁਨਿਕ ਹੋਣ ਦਾ ਦਿਖਾਵਾ ਕਰਦੇ ਹਾਂ। ਸਾਡੇ ਦਿਮਾਗ਼ਾਂ ਵਿਚ ਅਜਿਹੀ ਮਾਨਸਿਕਤਾ ਕਦੋਂ ਤੇ ਕਿਸ ਨੇ ਪੈਦਾ ਕੀਤੀ? ਇਹ ਵਿਚਾਰਨ ਵਾਲੀ ਗੱਲ ਹੈ। ਅਸੀਂ ਸਭ ਤੋਂ ਪਹਿਲਾਂ ਆਪਣੇ ਦਸਤਖ਼ਤ, ਮਕਾਨਾਂ-ਦੁਕਾਨਾਂ ਦੇ ਬੋਰਡ ਤੇ ਰੋਜ਼ਾਨਾ ਜੀਵਨ ਵਿਚ ਪੰਜਾਬੀ ਭਾਸ਼ਾ ਲਾਗੂ ਕਰੀਏ, ਹਾਲਾਤ ਸਾਜ਼ਗਾਰ ਹੋ ਜਾਣਗੇ। 20 ਮਾਰਚ ਨੂੰ ਨਿਰੂਪਮਾ ਸੁਬਰਾਮਣੀਅਨ ਦਾ ਲੇਖ ‘ਭਾਸ਼ਾ ਥੋਪਣ ਦੇ ਜੋਖ਼ਿਮ’ ਜਾਣਕਾਰੀ ਭਰਪੂਰ ਹੈ। ਉੱਤਰ ਭਾਰਤ ਦੇ ਸੂਬਿਆਂ ਨਾਲੋਂ ਦੱਖਣੀ ਸੂਬੇ ਮਾਂ-ਬੋਲੀ ਬਾਰੇ ਕਿਤੇ ਵੱਧ ਸੁਹਿਰਦ ਹਨ। ਉਹ ਆਪਣੀ ਭਾਸ਼ਾ ਨੂੰ ਖ਼ਤਰਾ ਸਮਝਦੇ ਹੋਏ ਤਿੰਨ ਭਾਸ਼ਾਈ ਫਾਰਮੂਲੇ ਦਾ ਵਿਰੋਧ ਕਰ ਰਹੇ ਹਨ; ਇਕ ਅਸੀਂ ਹਾਂ- ਸਾਹਮਣੇ ਵਾਲੇ ਦਾ ਹੁਲੀਆ ਦੇਖ ਕੇ ਹੀ ਅੰਗਰੇਜ਼ੀ ਜਾਂ ਹਿੰਦੀ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਦੱਖਣ ਤੋਂ ਸਿੱਖਣ ਦੀ ਲੋੜ ਹੈ। ਭਾਸ਼ਾ ਦਾ ਸਭ ਤੋਂ ਵੱਧ ਨੁਕਸਾਨ ਹੀ ਉਦੋਂ ਹੋਇਆ ਜਦੋਂ ਭਾਸ਼ਾ ਨੂੰ ਕਿਸੇ ਨਾ ਕਿਸੇ ਧਰਮ ਨਾਲ ਜੋੜ ਦਿੱਤਾ ਗਿਆ। ਉੱਤਰੀ ਭਾਰਤ ਵਿਚ ਇਹੀ ਹੋ ਰਿਹਾ ਹੈੈ। ਦੱਖਣ ਭਾਰਤ ਅਜੇ ਇਸ ਤੋਂ ਬਚਿਆ ਹੋਇਆ ਹੈ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ
(2)
21 ਮਾਰਚ ਨੂੰ ਸਵਰਾਜਬੀਰ ਦੇ ਲੇਖ ‘ਮਾਂ-ਬੋਲੀ ਨੂੰ ਸਿਮਰਦਿਆਂ’ ਵਿਚ ਪੰਜਾਬੀ ਲੇਖਕਾਂ ਦੇ ਹਵਾਲੇ ਦੇ ਕੇ ਮਾਂ-ਬੋਲੀ ਪੰਜਾਬੀ ਬਾਰੇ ਤੇ ਹੁਣ ਦੇ ਸਮੇਂ ਵਿਚ ਪੰਜਾਬੀ ਕਿੱਥੇ ਖੜ੍ਹੀ ਹੈ, ਬਾਰੇ ਦੱਿਸਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫਰ ਦਾ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖਣਾ ਵਧੀਆ ਤੇ ਵੱਡਾ ਉਪਰਾਲਾ ਹੈ। ਸਰਕਾਰ ਨੂੰ ਇਸ ’ਤੇ ਗ਼ੌਰ ਕਰਨੀ ਚਾਹੀਦੀ ਹੈ।
ਪਰਵਿੰਦਰ ਸਿੰਘ, ਪਿੰਡ ਸੋਥਾ (ਸ੍ਰੀ ਮੁਕਤਸਰ ਸਾਹਿਬ)
ਭਾਸ਼ਾਈ ਸਿਆਸਤ
20 ਮਾਰਚ ਦੇ ਨਜ਼ਰੀਆ ਪੰਨੇ ’ਤੇ ਨਿਰੂਪਮਾ ਸੁਬਰਾਮਣੀਅਨ ਦਾ ਮਜ਼ਮੂਨ ‘ਭਾਸ਼ਾ ਥੋਪਣ ਦੇ ਜ਼ੋਖਿਮ’ ਉਨ੍ਹਾਂ ਬੁਨਿਆਦੀ ਕਾਰਨਾਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਨ੍ਹਾਂ ਕਰਕੇ ਕਿਸੇ ਖਿੱਤੇ ਦਾ ਭਾਸ਼ਾਈ ਮਾਣ-ਤਾਣ ਘੱਟਦਾ ਹੈ। ਕਿਸੇ ਵੀ ਪ੍ਰਾਂਤ ਦੀ ਭਾਸ਼ਾ ਉੱਪਰ ਕਿਸੇ ਹੋਰ ਵਿਸ਼ੇਸ਼ ਭਾਸ਼ਾ ਨੂੰ ਜਬਰੀ ਥੋਪਣਾ ਉਥੋਂ ਦੇ ਲੋਕਾਂ ਉੱਪਰ ਸੱਭਿਆਚਾਰ ਹਮਲਾ ਹੈ। ਭਾਸ਼ਾਈ ਸਿਆਸਤ ਦੀ ਖੇਡ ਮਾਨਵੀ ਕਦਰਾਂ-ਕੀਮਤਾਂ ਦਾ ਘਾਣ ਹੀ ਨਹੀਂ ਕਰਦੀ ਸਗੋਂ ਖੇਤਰੀ ਭਾਸ਼ਾਵਾਂ ਦੇ ਵਿਕਾਸ ਨੂੰ ਵੀ ਰੋਕਦੀ ਹੈ, ਸਿੱਟੇ ਵਜੋਂ ਭਾਸ਼ਾਈ ਅੰਦੋਲਨ ਜਨਮ ਲੈਂਦੇ ਹਨ।
ਡਾ. ਦਰਸ਼ਨ ਸਿੰਘ ਆਸ਼ਟ, ਪਟਿਆਲਾ
ਆਖ਼ਿਰੀ ਅਲਵਿਦਾ
19 ਮਾਰਚ ਨੂੰ ਸੁਖਜੀਤ ਸਿੰਘ ਵਿਰਕ ਦਾ ਮਿਡਲ ‘ਆਖ਼ਿਰੀ ਅਲਵਿਦਾ’ ਪੜ੍ਹ ਕੇ ਮਨ ਭਾਵੁਕ ਹੋ ਗਿਆ। ਮੈਂ ਜਿੱਥੇ ਆਪਣੀ ਜ਼ਿੰਦਗੀ ਦੇ 25 ਸਾਲ ਗੁਜ਼ਾਰੇ, ਜਦੋਂ ਸੋਚਦੀ ਹਾਂ ਕਿ ਇਕ ਦਿਨ ਮੈਨੂੰ ਵੀ ਇਸ ਜਗ੍ਹਾ ਨੂੰ ਛੱਡ ਕੇ ਜਾਣਾ ਪਵੇਗਾ ਤਾਂ ਮਨ ਬਹੁਤ ਉਦਾਸ ਹੁੰਦਾ ਹੈ। ਉਂਜ ਪੰਜਾਬ ਦੇ ਨੌਜਵਾਨ ਪੰਜਾਬ ਵਿਚ ਬਹੁਤ ਕੁਝ ਹੋਣ ਦੇ ਬਾਵਜੂਦ ਆਪਣੀ ਸੋਨੇ ਵਰਗੀ ਜਨਮ ਭੂਮੀ ਛੱਡ ਬੇਗ਼ਾਨੇ ਦੇਸ਼ਾਂ ਵਿਚ ਜਾ ਗੁਲਾਮੀ ਕਰਦੇ ਹਨ। ਇਸ ਬਾਰੇ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ।
ਨਵਪ੍ਰੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਸਮੇਂ ਦੀ ਤਬਦੀਲੀ
7 ਮਾਰਚ ਦੇ ਮਿਡਲ ‘ਸੁੱਚੇ ਮੋਤੀ’ ਵਿੱਚ ਰਸ਼ਪਿੰਦਰ ਪਾਲ ਕੌਰ ਨੇ ਮਨੁੱਖੀ ਰਿਸ਼ਤੇ ਚਿਤਰੇ ਹਨ। ਲੇਖਕਾ ਨੇ ਆਪਣੇ ਮਾਸੀ ਜੀ ਦੇ ਮੂੰਹੋਂ ਰਿਸ਼ਤਿਆਂ ਦਾ ਵਿਖਿਆਨ ਕਰਵਾਇਆ ਹੈ। ਸੱਚਮੁੱਚ ਸ਼ਹਿਰੀ ਜ਼ਿੰਦਗੀ ਮੋਬਾਈਲ ਫੋਨਾਂ ਵਿੱਚ ਖੁੱਭ ਕੇ ਰਹਿ ਗਈ। ਉਨ੍ਹਾਂ ਨੇ ਸਮੇਂ ਦੀ ਤਬਦੀਲੀ ਨੂੰ ਸਵੀਕਾਰ ਕਰਦਿਆਂ, ਕੱਕੇ ਰੇਤ ਵਾਂਗ ਮੁੱਠੀ ’ਚੋਂ ਕਿਰਦੇ ਰਿਸ਼ਤਿਆਂ ਦਾ ਚਿੰਤਨ ਅਤੇ ਚਿੰਤਾ ਵੀ ਕੀਤੀ ਹੈ। ਅਸਲ ਵਿੱਚ ਅੱਜ ਦਾ ਮਨੁੱਖ ਪਦਾਰਥਵਾਦੀ ਹੋ ਗਿਆ ਹੈ ਅਤੇ ਦਿਖਾਵੇ ਦੇ ਜਾਲ ਵਿੱਚ ਫਸ ਗਿਆ ਹੈ। ਇਨਸਾਨੀਅਤ ਖੰਭ ਲਾ ਕੇ ਉੱਡ ਗਈ ਜਾਪਦੀ ਹੈ। ਵੈਸੇ ਵੀ ਪਰਿਵਾਰਕ ਰਿਸ਼ਤੇ ਸੀਮਤ ਅਤੇ ਛੋਟੇ ਪਰਿਵਾਰਾਂ ਕਰ ਕੇ ਸੁੰਗੜ ਰਹੇ ਹਨ। ਸਚਾਈ ਇਹ ਹੈ ਕਿ ਸਭ ਕੁਝ ਪੈਸਾ ਜਾਂ ਪਦਾਰਥਵਾਦੀ ਵਸਤਾਂ ਹੀ ਨਹੀਂ ਹੁੰਦੀਆਂ। ਮਨੁੱਖੀ ਸਰੀਰ ਅਤੇ ਜ਼ਿੰਦਗੀ ਦੀਆਂ ਲੋੜਾਂ ਬਹੁਤ ਸੀਮਤ ਹਨ। ਰਿਸ਼ਤਿਆਂ ਅਤੇ ਖੁਸ਼ੀਆਂ ਨੂੰ ਦੋਸਤ ਮਿੱਤਰ ਅਤੇ ਸੱਚੇ ਰਿਸ਼ਤੇ ਹੀ ਰੰਗਲਾ ਬਣਾ ਸਕਦੇ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
(2)
7 ਮਾਰਚ ਦੇ ਅੰਕ ਵਿੱਚ ਰਸ਼ਪਿੰਦਰਪਾਲ ਕੌਰ ਦਾ ਲੇਖ ‘ਸੁੱਚੇ ਮੋਤੀ’ ਪੜ੍ਹਿਆ। ਸਮੇਂ ਅਨੁਸਾਰ ਬਹੁਤ ਕੁਝ ਬਦਲ ਜਾਂਦਾ ਹੈ। ਅੱਜ ਮਨੁੱਖੀ ਜ਼ਿੰਦਗੀ ਨੂੰ ਰੁਝੇਵਿਆਂ ਤੋਂ ਬਿਲਕੁਲ ਵਿਹਲ ਨਹੀਂ। ਕੰਮਾਂ-ਕਾਰਾਂ ਦੀ ਦੌੜ ਵਿੱਚ ਬਹੁਤ ਕੁਝ ਮਨਫ਼ੀ ਹੋ ਚੁੱਕਾ ਹੈ। ਕੋਈ ਸਮਾਂ ਸੀ, ਸਾਡੇ ਰਿਸ਼ਤਿਆਂ ਵਿੱਚੋਂ ਪਿਆਰ-ਮੁਹੱਬਤ ਦੀ ਖੁਸ਼ਬੂ ਆਉਂਦੀ ਸੀ ਪਰ ਹੁਣ ਰਿਸ਼ਤਿਆਂ ਵਿੱਚ ਅਮੀਰੀ-ਗ਼ਰੀਬੀ ਦਾ ਪਾੜਾ ਵੀ ਆਣ ਫਸਿਆ ਹੈ।
ਬੂਟਾ ਸਿੰਘ, ਚਤਾਮਲਾ (ਰੂਪਨਗਰ)

Advertisement
Advertisement

Advertisement
Author Image

Jasvir Samar

View all posts

Advertisement