ਪਾਠਕਾਂ ਦੇ ਖ਼ਤ
ਸ਼ਹੀਦਾਂ ਦਾ ਅਪਮਾਨ
20 ਫਰਵਰੀ ਦੇ ਸੰਪਾਦਕੀ ‘ਜੰਗੀ ਨਾਇਕ ਦਾ ਅਪਮਾਨ’ ਵਿੱਚ ਸਾਡੇ ਦੇਸ਼ ਵਿੱਚ ਫੈਲ ਰਹੀ ਧਾਰਮਿਕ ਸਹਿਣਸ਼ੀਲਤਾ ਦਾ ਗੰਭੀਰ ਮੁੱਦਾ ਚੁੱਕਿਆ ਗਿਆ ਹੈ। ਸਹੀ ਕਿਹਾ ਗਿਆ ਹੈ ਕਿ ਸ਼ਹੀਦਾਂ ਦੇ ਨਾਂ ’ਤੇ ਅਜਿਹੀਆਂ ਘਟਨਾਵਾਂ ਸੋਭਦੀਆਂ ਨਹੀਂ। ਸ਼ਹੀਦ ਕਿਸੇ ਖ਼ਾਸ ਫ਼ਿਰਕੇ ਜਾਂ ਧਰਮ ਨਾਲ ਸਬੰਧਿਤ ਨਹੀਂ ਹੁੰਦੇ ਬਲਕਿ ਉਨ੍ਹਾਂ ਦਾ ਬਲੀਦਾਨ ਭਾਰਤ ਨੂੰ ਧਰਮ ਨਿਰਪੱਖਤਾ ਦੀ ਲੜੀ ਵਿੱਚ ਪਰੋ ਕੇ ਸਾਡੇ ਦੇਸ਼ ਦਾ ਮਾਣ ਵਧਾਉਂਦਾ ਹੈ। ਅਬਦੁਲ ਹਮੀਦ ਵਰਗੇ ਨਾਇਕ ਬਾਰੇ ਪਾਠ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਵਿੱਚੋਂ ਕੱਢਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਵਾਪਰੀ ਘਟਨਾ ਸਚਮੁੱਚ ਨਿੰਦਣਯੋਗ ਹੈ। ਉਹ ਦੇਸ਼ ਭਗਤ, ਜਿਸ ਨੇ ਪਾਕਿਸਤਾਨ ਦੇ ਪੈਟਨ ਟੈਂਕਾਂ ਦਾ ਮੁਕਾਬਲਾ ਕਰਦਿਆਂ ਆਪਣਾ ਬਲੀਦਾਨ ਦਿੱਤਾ ਸੀ, ਦੇ ਪਰਿਵਾਰ ਨੂੰ ਉਸ ਦੇ ਨਾਂ ’ਤੇ ਸਕੂਲ ਦਾ ਨਾਂ ਕਾਇਮ ਰੱਖਣ ਲਈ ਸੰਘਰਸ਼ ਕਰਨਾ ਪਵੇ, ਇਹ ਵੱਡੀ ਤ੍ਰਾਸਦੀ ਹੈ। ਜ਼ਿੰਮੇਵਾਰ ਲੋਕਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਹੋਰ ਲੋਕਾਂ ਨੂੰ ਵੀ ਕੰਨ ਹੋ ਜਾਣ।
ਚਮਕੌਰ ਸਿੰਘ ਬਾਘੇਵਾਲੀਆ, ਈਮੇਲ
ਅਹਿਮ ਤੱਥਾਂ ਦੀ ਨਿਸ਼ਾਨਦੇਹੀ
19 ਫਰਵਰੀ ਦੇ ਅੰਕ ’ਚ ਸੁੱਚਾ ਸਿੰਘ ਖੱਟੜਾ ਦੇ ਲੇਖ ‘ਲੋਕਤੰਤਰ, ਚੋਣਾਂ ਅਤੇ ਸੰਵਿਧਾਨ’ ਵਿੱਚ ਲੋਕਰਾਜ ਦੀ ਮਜ਼ਬੂਤੀ ਲਈ ਬਹੁਤ ਅਹਿਮ ਤੱਥਾਂ ਅਤੇ ਸਵਾਲਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਦਰਅਸਲ ਭਾਰਤੀ ਲੋਕਤੰਤਰ ਸਿਰਫ਼ ਨਾਮ ਦਾ ਹੀ ਲੋਕਤੰਤਰ ਰਹਿ ਗਿਆ ਹੈ। ਭਾਰਤੀ ਹੁਕਮਰਾਨ ਅਤੇ ਗੋਦੀ ਮੀਡੀਆ ਪੰਜ ਸਾਲ ਬਾਅਦ ਚੋਣਾਂ ਕਰਵਾਉਣ ਨੂੰ ਹੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਪ੍ਰਚਾਰ ਰਹੇ ਹਨ। ਭ੍ਰਿਸ਼ਟ ਅਤੇ ਅਪਰਾਧੀ ਸਿਆਸਤਦਾਨਾਂ ਵੱਲੋਂ ਚੋਣਾਂ ਵਿੱਚ ਪੈਸੇ, ਬਾਹੂਬਲ, ਲਾਲਚ ਅਤੇ ਨਸ਼ਿਆਂ ਦਾ ਇਸਤੇਮਾਲ ਕਰ ਕੇ ਸੱਤਾ ਉੱਤੇ ਕਾਬਜ਼ ਹੋਣ ਨੂੰ ਲੋਕਤੰਤਰ ਨਹੀਂ ਕਿਹਾ ਜਾ ਸਕਦਾ। ਕੇਂਦਰੀ ਹਕੂਮਤ ਨੇ ਚੀਨ ਦੀ ਆਰਥਿਕਤਾ, ਵਿਗਿਆਨਕ ਸੋਚ, ਸਿੱਖਿਆ, ਖੇਡਾਂ, ਤਕਨਾਲੋਜੀ, ਪ੍ਰਗਤੀਸ਼ੀਲ ਸਮਾਜ, ਅਗਾਂਹਵਧੂ ਸੱਭਿਆਚਾਰ, ਨੈਤਿਕ ਕਦਰਾਂ ਕੀਮਤਾਂ ਅਤੇ ਭ੍ਰਿਸ਼ਟਾਚਾਰ ਰਹਿਤ ਅਨੁਸ਼ਾਸਿਤ ਸਿਆਸਤ ਅਪਣਾਉਣ ਦੀ ਥਾਂ ਪਿਛਲੇ ਗਿਆਰਾਂ ਸਾਲਾਂ ਵਿੱਚ ਸਿਰਫ਼ ਪਾਕਿਸਤਾਨ ਵਿਰੁੱਧ ਠੰਢੀ ਜੰਗ ਛੇੜੀ ਰੱਖੀ ਹੈ ਅਤੇ ਸਾਮਰਾਜਵਾਦ ਤੇ ਫ਼ਿਰਕੂ ਫਾਸ਼ੀਵਾਦ ਦੀ ਲੋਕ ਵਿਰੋਧੀ ਭ੍ਰਿਸ਼ਟ ਸਿਆਸਤ ਰਾਹੀਂ ਲੋਕਤੰਤਰ, ਚੋਣ ਕਮਿਸ਼ਨ, ਸੰਵਿਧਾਨ, ਫੈਡਰਲ ਢਾਂਚੇ, ਨਿਆਂਪਾਲਿਕਾ, ਜਨਤਕ ਅਦਾਰਿਆਂ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਭਾਜਪਾ ਅੰਧ- ਵਿਸ਼ਵਾਸ, ਰੂੜੀਵਾਦ ਅਤੇ ਫ਼ਿਰਕੂ ਨਫ਼ਰਤ ਦੀ ਰਾਜਨੀਤੀ ਰਾਹੀਂ ਸਿੱਖਿਆ, ਸਿਹਤ ਅਤੇ ਸੱਭਿਆਚਾਰਕ ਢਾਂਚਿਆਂ ਦਾ ਭਗਵਾਕਰਨ ਅਤੇ ਵਪਾਰੀਕਰਨ ਕਰ ਕੇ ਦੇਸ਼ ਨੂੰ ਤਬਾਹੀ ਵੱਲ ਲਿਜਾ ਰਹੀ ਹੈ। ਭਾਰਤੀ ਸੰਵਿਧਾਨ ਨੂੰ ਭਾਜਪਾ ਤੋਂ ਬਚਾਉਣ ਦੇ ਨਾਲ-ਨਾਲ ਆਮ ਲੋਕਾਂ ਦੇ ਬੁਨਿਆਦੀ ਜਮਹੂਰੀ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਲਈ ਇਸ ਵਿੱਚ ਮੁੱਢਲੀਆਂ ਲੋਕ ਪੱਖੀ ਤਬਦੀਲੀਆਂ ਕਰਨ ਦੀ ਲੋੜ ਹੈ ਜਿਸ ਲਈ ਚੇਤਨ ਵਰਗਾਂ ਦੇ ਲੋਕਾਂ ਨੂੰ ਅੱਗੇ ਆਉਣਾ ਪਵੇਗਾ।
ਸੁਮੀਤ ਸਿੰਘ, ਅੰਮ੍ਰਿਤਸਰ
ਤੱਥ ਕੁਝ ਹੋਰ ਹਨ...
19 ਫਰਵਰੀ ਦੇ ਪਹਿਲੇ ਸਫ਼ੇ ’ਤੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਖ਼ਿਲਾਫ਼ ਪੁਲੀਸ ਦੀ ਸ਼ਿਕਾਇਤ ਬਾਰੇ ਖ਼ਬਰ ਪੜ੍ਹੀ। ਸ਼ਿਕਾਇਤ ਦਰਜ ਕਰਵਾਉਣ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਉਸ ਨੇ ਆਪਣੇ ਸ਼ੋਅ ਦੌਰਾਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦੇ ਅੰਤਿਮ ਸਸਕਾਰ ਲਈ ਜ਼ਮੀਨ ਦੇਣ ਵਾਲੇ ਦੀਵਾਨ ਟੋਡਰ ਮੱਲ ਦਾ ਮਜ਼ਾਕ ਉਡਾਇਆ ਹੈ। ਇਸ ਸ਼ਿਕਾਇਤ ਦਾ ਆਧਾਰ ਇਤਿਹਾਸ ਦੀ ਜਾਣਕਾਰੀ ਨਾ ਹੋਣਾ ਹੈ। ਅਸਲ ਵਿੱਚ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਵਿੱਚ ਅਕਬਰ ਕਾਲ ਦੇ ਟੋਡਰ ਮੱਲ ਦਾ ਜ਼ਿਕਰ ਕੀਤਾ ਹੈ। ਇਹ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਖ਼ਜ਼ਾਨਾ ਮੰਤਰੀ ਸੀ। ਅਕਬਰ ਦਾ ਰਾਜਕਾਲ (1556-1605) ਤੱਕ ਦਾ ਹੈ; ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਦੇ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਦੀ ਘਟਨਾ ਦਸੰਬਰ 1705 ਦੀ ਹੈ। ਕਿਸੇ ਵੀ ਮਸਲੇ ਨੂੰ ਚੁੱਕਣ ਤੋਂ ਪਹਿਲਾਂ ਉਸ ਦੇ ਇਤਿਹਾਸਕ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਕਿਉਂਕਿ ਧਾਰਮਿਕ ਜਾਂ ਭਾਵਨਾਤਮਕ ਮਸਲਿਆਂ ਕਾਰਨ ਕਈ ਵਾਰ ਅਣਜਾਣਪੁਣੇ ਵਿੱਚ ਬੇਵਜ੍ਹਾ ਗੜਬੜ ਹੋ ਜਾਂਦੀ ਹੈ। ਸੰਵੇਦਨਸ਼ੀਲ ਮਸਲਿਆਂ ਸਬੰਧੀ ਜੋਸ਼ ਨਾਲੋਂ ਹੋਸ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ।
ਕੁਲਵੰਤ ਰਿਖੀ, ਪਾਤੜਾਂ (ਪਟਿਆਲਾ)
ਪੰਜਾਬੀਅਤ ਦੀ ਝਲਕ
ਗੁਰਦੀਪ ਢੁੱਡੀ ਨੇ ਆਪਣੇ ਮਿਡਲ ‘ਬਿਗਾਨੀ ਧਰਤੀ ਆਪਣਾ ਦੇਸ਼’ (19 ਫਰਵਰੀ) ਰਾਹੀਂ ਸਭਿਆਚਾਰ ਨੂੰ ਬਾਖ਼ੂਬੀ ਦਰਸਾਇਆ ਹੈ। ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ, ਭਾਵੇਂ ਉਨ੍ਹਾਂ ਵਿੱਚ ਕਾਫ਼ੀ ਗਿਣਤੀ ਪੂਰਬੀਆਂ ਦੇ ਬੱਚਿਆਂ ਦੀ ਹੈ, ਵਿੱਚੋਂ ਪੰਜਾਬੀਅਤ ਦੀ ਝਲਕ ਆਉਂਦੀ ਹੈ ਪਰ ਸਾਡੇ ਖਾਂਦੇ ਪੀਂਦੇ ਪੰਜਾਬੀਆਂ ਦੇ ਬੱਚੇ, ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਕਾਰਨ, ਮਾਂ-ਬੋਲੀ ਦੀ ਲਿਪੀ ਤੋਂ ਸੱਖਣੇ ਹਨ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਮੁਫ਼ਤ ਸਹੂਲਤਾਂ ਵਾਲੇ ਪ੍ਰੋਗਰਾਮ
13 ਫਰਵਰੀ ਦੇ ਮੁੱਖ ਸਫ਼ੇ ਦੀ ਖ਼ਬਰ ਅਨੁਸਾਰ ਸੁਪਰੀਮ ਕੋਰਟ ਨੇ ਕਿਹਾ ਹੇ ਕਿ ਚੋਣਾਂ ਵੇਲੇ ਸਿਆਸੀ ਪਾਰਟੀਆਂ ਦੇ ਮੁਫ਼ਤ ਸਹੂਲਤਾਂ ਦੇ ਲਾਲਚ ਵਾਲੇ ਪ੍ਰੋਗਰਾਮ ਬੰਦ ਹੋਣੇ ਚਾਹੀਦੇ ਹਨ। ਚੋਣ ਕਮਿਸ਼ਨ ਨੂੰ ਲੋਕ ਲੁਭਾਊ ਸਕੀਮਾਂ ਬਾਰੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਦਾ ਜੀਵਨ ਪੱਧਰ ਉੱਚਾ ਅਤੇ ਤਰੱਕੀ ਵਾਲਾ ਬਣਾਉਣ ਲਈ ਉਸਾਰੂ ਪਲਾਨ ਹੋਣੇ ਚਾਹੀਦੇ ਹਨ ਤਾਂ ਕਿ ਹਰੇਕ ਦੀ ਖਰੀਦ ਸ਼ਕਤੀ ਵਧੇ ਤੇ ਲੋਕ ਆਪਣੇ ਪੈਰਾਂ ਸਿਰ ਖੜ੍ਹੇ ਹੋਣ। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਮਨਦੀਪ ਦਾ ਲੇਖ ‘ਪਰਵਾਸੀਆਂ ਦਾ ਦੇਸ਼ ਨਿਕਾਲਾ ਅਤੇ ਅਮਰੀਕੀ ਨੀਤੀ’ ਪੜ੍ਹਿਆ। ਪਰਵਾਸੀਆਂ ਬਾਰੇ ਅੱਜ ਕੱਲ੍ਹ ਸੰਪਾਦਕੀਆਂ, ਖ਼ਬਰਾਂ ਅਤੇ ਲੇਖ ਛਪ ਰਹੇ ਹਨ। ਮੈਂ ਇਹ ਕਿਤੇ ਵੀ ਨਹੀਂ ਪੜ੍ਹਿਆ ਕਿ ਡਿਪੋਰਟ ਹੋਣ ਵਿੱਚ ਸਾਡੇ ਲੋਕਾਂ ਦੀ ਵੀ ਗ਼ਲਤੀ ਹੈ। ਅਮਰੀਕਾ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਲੋਕਾਂ ਨੂੰ ਡਿਪੋਰਟ ਕਰ ਰਿਹਾ ਹੈ, ਕੀ ਕਿਸੇ ਦੇਸ਼ ਵਿੱਚ ਗ਼ਲਤ ਢੰਗ ਨਾਲ ਦਾਖ਼ਲ ਹੋਣਾ ਜੁਰਮ ਨਹੀਂ? ਏਜੰਟ ਧੋਖੇ ਨਾਲ ਗ਼ਲਤ ਥਾਵਾਂ ’ਤੇ ਲੋਕਾਂ ਨੂੰ ਫਸਾ ਦਿੰਦੇ ਹਨ ਪਰ ਬਾਹਰਲੇ ਦੇਸ਼ਾਂ ਨੂੰ ਜਾਣ ਵਾਲੇ ਬਹੁਤੇ ਲੋਕਾਂ ਨੂੰ ਆਪਣੇ ਗ਼ੈਰ-ਕਾਨੂੰਨੀ ਰਸਤੇ ਦਾ ਪਤਾ ਹੁੰਦਾ ਹੈ, ਫਿਰ ਵੀ ਉਹ ਗ਼ਲਤੀ ਕਰਦੇ ਹਨ। 7 ਫਰਵਰੀ ਦੇ ਅੰਕ ਵਿੱਚ ਸਫ਼ਾ 9 ਉੱਤੇ ਫਤਿਹਗੜ੍ਹ ਪੰਜਤੂਰ ਨਿਵਾਸੀ ਅਵੰਤਿਕਾ ਬਾਰੇ ਖ਼ਬਰ ਪੜ੍ਹੀ ਜੋ ਪੇਂਡੂ ਕੁੜੀਆਂ ਨੂੰ ਮੁਫ਼ਤ ਕਿੱਤਾਮੁਖੀ ਸਿਖਲਾਈ ਦੇ ਕੇ ਰੁਜ਼ਗਾਰ ਹਾਸਿਲ ਕਰਨ ਦੇ ਮੌਕੇ ਦੇ ਰਹੇ ਹਨ। ਖੁਸ਼ੀ ਦੀ ਗੱਲ ਹੈ ਕਿ ਉਹ ਵਿਦੇਸ਼ ਛੱਡ ਕੇ ਲੋਕ ਭਲਾਈ ਦਾ ਕਾਰਜ ਕਰ ਰਹੇ ਹਨ। ਕੁੜੀਆਂ ਦੇ ਆਉਣ ਜਾਣ ਦਾ ਪ੍ਰਬੰਧ ਵੀ ਆਪਣੇ ਖਰਚੇ ’ਤੇ ਕਰ ਰਹੇ ਹਨ। ਅਜਿਹੇ ਕਾਰਜਾਂ ਨੂੰ ਹੁਲਾਰਾ ਮਿਲਣਾ ਚਾਹੀਦਾ ਹੈ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)