ਪਾਠਕਾਂ ਦੇ ਖ਼ਤ
ਚੀਨੀ ਡੋਰ ਦਾ ਵਰਤਾਰਾ
8 ਫਰਵਰੀ ਦੇ ਸਤਰੰਗ ਪੰਨੇ ’ਤੇ ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ‘ਸਾਂਝਾ ਫ਼ੈਸਲਾ’ ਪਤੰਗਬਾਜ਼ੀ ਲਈ ਚੀਨੀ ਡੋਰ ਦੇ ਖ਼ਤਰਨਾਕ ਵਰਤਾਰੇ ਬਾਰੇ ਜਾਗਰੂਕ ਕਰਦੀ ਹੈ। ਪਤੰਗਬਾਜ਼ੀ ਲਈ ਵਰਤੀ ਜਾਂਦੀ ਚੀਨੀ ਡੋਰ ਨੇ ਕਈ ਮਨੁੱਖਾਂ ਅਤੇ ਪੰਛੀਆਂ ਨੂੰ ਅਪਾਹਜ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਜਾਨ ਤੱਕ ਵੀ ਲਈ ਹੈ। ਪੰਜਾਬ ਸਰਕਾਰ ਨੇ ਭਾਵੇਂ ਇਹ ਡੋਰ ਵੇਚਣ-ਖਰੀਦਣ ’ਤੇ ਪਾਬੰਦੀ ਲਗਾਈ ਹੋਈ ਹੈ, ਫਿਰ ਵੀ ਦੁਕਾਨਦਾਰ ਸ਼ਰੇਆਮ ਇਸ ਨੂੰ ਵੇਚ ਰਹੇ ਹਨ ਅਤੇ ਪਤੰਗਬਾਜ਼ੀ ਦੇ ਸ਼ੌਕੀਨ ਖਰੀਦ ਰਹੇ ਹਨ। ਸਾਡੇ ਪ੍ਰਸ਼ਾਸਨਕ ਢਾਂਚੇ ਨੂੰ ਇਸ ਡੋਰ ਦੀ ਖਰੀਦੋ-ਫਰੋਖ਼ਤ ’ਤੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਰਵੱਈਆ ਛੱਡ ਕੇ ਨੇਕ-ਨੀਅਤ ਅਤੇ ਸਖ਼ਤੀ ਦਾ ਕਾਨੂੰਨ ਯਕੀਨੀ ਬਣਾਉਣਾ ਚਾਹੀਦਾ ਹੈ। 28 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਵਿਦਿਆਰਥੀਆਂ ਦਾ ਪਰਵਾਸ ਅਤੇ ਉੱਚ ਸਿੱਖਿਆ ਸੁਧਾਰ ਦੀ ਯੋਜਨਾ’ ਮੌਜੂਦਾ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਕਿੱਤਾਮੁਖੀ ਕਰਨ ਦੀ ਵਕਾਲਤ ਕਰਦਾ ਹੈ। ਵਿਦੇਸ਼ੀ ਸਕੂਲਾਂ/ਕਾਲਜਾਂ ਦੀ ਪੜ੍ਹਾਈ ਖੋਜ ਅਤੇ ਪ੍ਰੈਕਟੀਕਲ ਆਧਾਰਿਤ ਹੈ ਜਦੋਂਕਿ ਸਾਡੀ ਸਿੱਖਿਆ ਪ੍ਰਣਾਲੀ ਦਾ ਆਧਾਰ ਕੇਵਲ ਥਿਊਰੀ ਹੈ। ਇਸੇ ਹੀ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਬੇਬੇ ਦੀ ਆਖ਼ਰੀ ਇੱਛਾ’ ਮਾਂ ਪੁੱਤ ਦੇ ਮੋਹ ਭਿੱਜੇ ਰਿਸ਼ਤੇ ਦੀ ਖ਼ੂਬਸੂਰਤੀ ਨੂੰ ਬਿਆਨ ਕਰਦਾ ਹੈ। ਹਰ ਬੱਚੇ ਦਾ ਆਪਣੀ ਮਾਂ ਨਾਲ ਰਿਸ਼ਤਾ ‘ਆਂਦਰ ਦਾ ਸਾਕ’ ਹੁੰਦਾ ਹੈ ਜੋ ਸਾਹਾਂ ਵਿੱਚ ਸੁਗੰਧ ਵਾਂਗ ਰਮਿਆ ਹੁੰਦਾ ਹੈ।
ਤਰਸੇਮ ਸਿੰਘ, ਡਕਾਲਾ (ਪਟਿਆਲਾ)
ਅਸੀਂ ਕਿਹੜੀ ਮਿੱਟੀ ਦੇ ਬਣੇ ਹਾਂ...
12 ਫਰਵਰੀ ਨੂੰ ਪੰਨਾ 3 ਉੱਤੇ ਛਪੀ ਖ਼ਬਰ ਮੁਤਾਬਿਕ ਗੜ੍ਹਦੀਵਾਲਾ ਇਲਾਕੇ ਦੇ ਇੱਕ ਪਿੰਡ ਦੇ ਸਰਪੰਚ ਦੇ ਲੜਕੇ ਨੇ ਵਿਆਹ ਦੀ ਜਾਗੋ ਦੌਰਾਨ ਗੋਲੀਆਂ ਚਲਾਈਆਂ। ਸਰਕਾਰ ਦੀ ਸਖ਼ਤੀ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਜਾਰੀ ਹਨ। ਵਿਆਹ ਵਿੱਚ ਇਸ ਤਰ੍ਹਾਂ ਦੀ ਗੋਲੀਬਾਰੀ ਨਾਲ ਕਈ ਵਾਰ ਖ਼ੁਸ਼ੀਆਂ ਦਾ ਮਾਹੌਲ ਗ਼ਮੀ ਵਿੱਚ ਬਦਲਿਆ ਹੈ ਪਰ ਅਸੀਂ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹਾਂ ਕਿ ਗੱਲ ਸਾਡੇ ਖਾਨੇ ਨਹੀਂ ਪੈ ਰਹੀ। ਇਸ ਸਭ ਕਾਸੇ ਲਈ ਘਰ ਦੇ ਸਿਆਣੇ ਵੀ ਜ਼ਿੰਮੇਵਾਰ ਹਨ। ਛੋਟਿਆਂ ਨੂੰ ਅਜਿਹੇ ਕੰਮਾਂ ਤੋਂ ਸਖ਼ਤੀ ਨਾਲ ਵਰਜਣਾ ਚਾਹੀਦਾ ਹੈ।
ਰਵੀ ਸ਼ੇਰਗਿੱਲ, ਕੈਲੀਫੋਰਨੀਆ (ਅਮਰੀਕਾ)
ਲੋਕਾਂ ਦਾ ਏਕਾ
10 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਖੰਨਾ ਦਾ ਮਿਡਲ ‘ਇਰਾਦਾ ਕਤਲ’ ਅਜੋਕੇ ਹਾਲਾਤ ਨੂੰ ਬਿਆਨ ਕਰਦਾ ਹੈ ਪਰ ਉਹ ਸਮਾਂ ਚੰਗਾ ਸੀ, ਲੋਕਾਂ ਦਾ ਏਕਾ ਸੀ ਜਿਸ ਕਾਰਨ ਬੱਸਾਂ ਦੇ ਵਧੇ ਹੋਏ ਕਿਰਾਏ ਬਾਰੇ ਡਟ ਕੇ ਵਿਰੋਧ ਕੀਤਾ ਗਿਆ, ਭਾਵੇਂ ਲੇਖਕ ਨੂੰ ਜਬਰ ਜ਼ੁਲਮ ਸਹਿਣਾ ਪਿਆ। ਇੱਕ ਹੁਣ ਵਾਲਾ ਸਮਾਂ ਹੈ ਜਦੋਂ ਸਰਕਾਰ ਨੇ ਬੱਸਾਂ ਦਾ ਕਿਰਾਇਆ ਵਧਾ ਕੇ ਨਾਜਾਇਜ਼ ਬੋਝ ਪਾ ਦਿੱਤਾ ਪਰ ਕਿਸੇ ਯੂਨੀਅਨ, ਵਿਰੋਧੀ ਪਾਰਟੀ, ਵਿਦਿਆਰਥੀ ਜਥੇਬੰਦੀ ਜਾਂ ਹੋਰ ਸੰਸਥਾਵਾਂ ਨੇ ਵਿਰੋਧ ਕਰਨਾ ਮੁਨਾਸਿਬ ਵੀ ਨਹੀਂ ਸਮਝਿਆ। ਗੁਆਂਢੀ ਰਾਜ ਹਰਿਆਣਾ ਵਿੱਚ ਅੱਡੇ ਤੋਂ ਅੱਡੇ ਦਾ ਕਿਰਾਇਆ ਸਿਰਫ਼ ਪੰਜ ਰੁਪਏ ਹੈ, ਪੰਜਾਬ ਵਿੱਚ ਇਹ ਕਿਰਾਇਆ 15 ਰੁਪਏ ਹੈ। ਇੱਕ ਵਰਗ ਨੂੰ ਇਹ ਸਫ਼ਰ ਬਿਲਕੁੱਲ ਮੁਫ਼ਤ ਹੈ ਅਤੇ ਦੂਸਰੇ ਵਰਗ ਉੱਤੇ ਇੰਨਾ ਬੋਝ ਕਿਉਂ? ਕੀ ਇਹ ਲਿੰਗ ਦੇ ਆਧਾਰ ’ਤੇ ਵਿਤਕਰਾ ਨਹੀਂ ? ਦੂਸਰਾ ਵੱਡਾ ਸਵਾਲ, ਵਿਰੋਧ ਕਰ ਰਹੇ ਲੋਕਾਂ ਉੱਪਰ ਅੱਜ ਵੀ ਅਜਿਹੀਆਂ ਸਖ਼ਤ ਧਾਰਾਵਾਂ ਕਿਉਂ ਲੱਗਦੀਆਂ ਹਨ, ਉਹ ਤਾਂ ਸਿਰਫ਼ ਆਪਣੇ ਹੱਕ ਮੰਗ ਰਹੇ ਹੁੰਦੇ ਹਨ?
ਸਰਬਜੀਤ ਸਿੰਘ ਸਰਾਂ, ਤਲਾਬ ਵਾਲਾ (ਮਾਨਸਾ)
ਆਪਣੀ ਪੀੜ੍ਹੀ ਹੇਠ ਸੋਟਾ
ਦਿੱਲੀ ਚੋਣਾਂ ਦੇ ਨਤੀਜਿਆਂ ’ਤੇ ਵੱਖ-ਵੱਖ ਲੀਡਰਾਂ ਨੇ ‘ਆਪ’ ਦੀ ਹਾਰ ਬਾਰੇ ਵਿਚਾਰ ਜ਼ਾਹਿਰ ਕੀਤੇ ਹਨ। ਇੱਕ ਕਾਂਗਰਸੀ ਅਤੇ ਇੱਕ ਅਕਾਲੀ ਲੀਡਰ ਇਸ ਹਾਰ ਲਈ ‘ਆਪ’ ਦੇ ਘਮੰਡ, ਭ੍ਰਿਸ਼ਟਾਚਾਰ ਅਤੇ ਝੂਠ ਨੂੰ ਜ਼ਿੰਮੇਵਾਰ ਦੱਸਦੇ ਹੋਏ ਫੁੱਲੇ ਨਹੀਂ ਸਮਾਉਂਦੇ। ਕੀ ਇਨ੍ਹਾਂ ਕਾਰਨਾਂ ਕਰ ਕੇ ਹੀ ਉਨ੍ਹਾਂ ਦੀਆਂ ਆਪਣੀਆਂ ਪਾਰਟੀਆਂ ਕਦੀ ਚੋਣਾਂ ’ਚ ਨਹੀਂ ਹਾਰੀਆਂ? ਦੂਜਿਆਂ ਵਿੱਚ ਖ਼ਾਮੀਆਂ ਜ਼ਿਆਦਾ ਦਿਸਣਾ ਅਤੇ ਆਪਣੇ ਵਿੱਚ ਘੱਟ, ਉਸੇ ਤਰ੍ਹਾਂ ਹੈ ਜਿਵੇਂ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਹੋਣ ਦਾ ਭਰਮ ਹੁੰਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪੋ-ਆਪਣੀ ਪੀੜ੍ਹੀ ਹੇਠਾਂ ਸੋਟ ਫੇਰਨ ਅਤੇ ਲੋਕਾਂ ਲਈ ਨਿਰਸੁਆਰਥ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਧੀਆਂ ਦੀ ਗਿਣਤੀ
30 ਜਨਵਰੀ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਧੀਆਂ ਦੀ ਗਿਣਤੀ ਮੁੜ ਘਟਣ ਦਾ ਰੁਝਾਨ’ ਪੜ੍ਹਿਆ। ਪੁੱਤਰ ਦੀ ਚਾਹਤ ਲਈ ਧੀਆਂ ਨੂੰ ਕੁੱਖ ਵਿੱਚ ਮਾਰਨ ਦਾ ਰੁਝਾਨ ਸਦੀਆਂ ਤੋਂ ਚੱਲ ਰਿਹਾ ਹੈ। ਜਿੱਥੇ ਧੀਆਂ ਨੂੰ ਪਹਿਲਾਂ ਜੰਮਣ ਤੋਂ ਬਾਅਦ ਮਾਰ-ਮੁਕਾਉਣ ਦਾ ਰਿਵਾਜ ਸੀ, ਹੁਣ ਕੁੱਖ ਵਿੱਚ ਹੀ ਮਾਰਨ ਦਾ ਰੁਝਾਨ ਹੈ। ਪਿਛਲੇ ਕੁਝ ਸਮੇਂ ਦੌਰਾਨ ਪੁੱਤਰਾਂ ਦੇ ਮੁਕਾਬਲੇ ਧੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਪਰ ਹੁਣ ਦੁਬਾਰਾ ਧੀਆਂ ਦਾ ਅਨੁਪਾਤ ਲਗਾਤਾਰ ਘਟ ਰਿਹਾ ਹੈ। ਸਰਕਾਰ ਦੁਆਰਾ ਭਰੂਣ ਹੱਤਿਆ ਰੋਕਣ ਲਈ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਦੇਸ਼ਿਵਆਪੀ ਨਾਅਰਾ ਦਿੱਤਾ ਗਿਆ ਜਿਸ ਦਾ ਮਕਸਦ ਭਰੂਣ ਹੱਤਿਆ ਰੋਕਣਾ ਅਤੇ ਕੁੜੀਆਂ ਦੀ ਸਿੱਖਿਆ ਪ੍ਰਾਪਤੀ ਦੇ ਅਧਿਕਾਰ ਨੂੰ ਯਕੀਨੀ ਬਣਾਉਣਾ ਸੀ। ਪੰਜਾਬ ਵਿੱਚ ਭਰੂਣ ਹੱਤਿਆ ਰੋਕਣ ਲਈ ਨੰਨ੍ਹੀ ਛਾਂ, ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂੰ ਪਿਆਰ ਕਰੋ ਜਾਂ ਧੀਆਂ ਦੀ ਲੋਹੜੀ ਆਦਿ ਪ੍ਰੋਗਰਾਮ ਸ਼ਲਾਘਾਯੋਗ ਕਦਮ ਹਨ ਪਰ ਲੋੜ ਹੈ ਸਰਕਾਰ ਭਰੂਣ ਹੱਤਿਆ ਦੀ ਰੋਕਥਾਮ ਲਈ ਸਖ਼ਤ ਕਾਨੂੰਨ ਬਣਾਏ ਗਏ ਅਤੇ ਪੂਰੀ ਇਮਾਨਦਾਰੀ ਨਾਲ ਲਾਗੂ ਵੀ ਕਰੇ। ਸਰਕਾਰਾਂ ਦੇ ਨਾਲ-ਨਾਲ ਸਾਨੂੰ ਆਪ ਵੀ ਸਮਾਜਿਕ ਪੱਧਰ ’ਤੇ ਮਜ਼ਬੂਤ ਹੋਣ ਦੀ ਲੋੜ ਹੈ। ਅਜਿਹਾ ਸਿੱਖਿਆ, ਸਮਾਜਿਕ ਚੇਤਨਾ ਅਤੇ ਆਰਥਿਕ ਸੁਧਾਰਾਂ ਨਾਲ ਹੀ ਸੰਭਵ ਹੈ।
ਹਰਿੰਦਰ ਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)
ਸਕੂਲੀ ਸਿੱਖਿਆ ਦੀ ਤੰਦ-ਤਾਣੀ
18 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਲੇਖ ‘ਸਕੂਲੀ ਸਿੱਖਿਆ ਦੀ ਤੰਦ-ਤਾਣੀ’ ਸਰਕਾਰੀ ਸਕੂਲਾਂ ਦੇ ਉਲਝੇ ਹੋਏ ਤਾਣੇ-ਬਾਣੇ ਬਾਰੇ ਬਹੁਤ ਭਾਵਪੂਰਤ ਵਿਚਾਰ ਪੇਸ਼ ਕਰਦਾ ਹੈ। ਇਸ ਉਲਝਣ ਲਈ ਨਾ ਸਿਰਫ਼ ਸਰਕਾਰਾਂ ਬਲਕਿ ਅਧਿਆਪਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਪੁਰਾਣੇ ਸਮੇਂ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਦੇ ਮੁਕਾਬਲੇ ਅਜੋਕੀ ਸਿੱਖਿਆ ਪ੍ਰਣਾਲੀ ਦਾ ਮਿਆਰ ਬਹੁਤ ਗਿਰ ਚੁੱਕਾ ਹੈ। ਉਦੋਂ ਅਧਿਆਪਕ ਸਿਰਫ਼ ਅਧਿਆਪਕ ਹੁੰਦਾ ਸੀ ਜੋ ਆਪਣੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਸੀ ਅਤੇ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਗੁਰੂ ਮੰਨਦੇ ਸਨ ਪਰ ਅੱਜ ਦੋਵੇਂ ਲਾਲਚ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਤੇ ਸਿੱਖਿਆ ਦੇ ਮਿਆਰ ਵਿੱਚ ਤਾਂ ਹੀ ਸੁਧਾਰ ਆ ਸਕਦਾ ਹੈ ਜੇ ਅਧਿਆਪਕਾਂ ਨੂੰ ਫਾਲਤੂ ਦੇ ਕੰਮਾਂ ਵਿੱਚ ਉਲਝਾਉਣ ਦੀ ਥਾਂ ਕੇਵਲ ਅਧਿਆਪਨ ਨਾਲ ਜੋੜਿਆ ਜਾਵੇ ਅਤੇ ਵਿਦਿਆਰਥੀਆਂ ਨੂੰ ਖਾਣ-ਪੀਣ ਦੇ ਲਾਲਚਾਂ ਦੀ ਥਾਂ ਮਿਹਨਤ ਨਾਲ ਸਿੱਖਿਆ ਪ੍ਰਾਪਤ ਕਰਨ ਨਾਲ ਜੋੜਿਆ ਜਾਵੇ। 18 ਜਨਵਰੀ ਨੂੰ ਹੀ ਸੰਪਾਦਕੀ ‘ਪੰਜਾਬ ਯੂਨੀਵਰਸਿਟੀ ਦਾ ਪ੍ਰਸਤਾਵ’ ਪੜ੍ਹ ਕੇ ਬਹੁਤ ਖੁਸ਼ੀ ਹੋਈ। ‘ਕਿਸਾਨਾਂ ਖ਼ਿਲਾਫ਼ ਹੱਤਿਆ ਕੇਸ’ ਸੰਪਾਦਕੀ ਪੜ੍ਹ ਕੇ ਦੁੱਖ ਹੋਇਆ। ਕਿਸਾਨਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਨਾ ਸ਼ਰੇਆਮ ਬਦਲਾਖੋਰੀ ਦੀ ਭਾਵਨਾ ਹੈ। ਇਸੇ ਦਿਨ ਗੁਰਦੀਪ ਢੁੱਡੀ ਦਾ ਮਿਡਲ ‘ਮਿਲ ਜਾਇਆ ਕਰ’ ਰਿਸ਼ਤਿਆਂ ਦੀ ਮਹੱਤਤਾ ਦਰਸਾਉਣ ਵਿੱਚ ਕਾਮਯਾਬ ਰਿਹਾ। ਸਤਰੰਗ ਪੰਨੇ ’ਤੇ ਰੁਪਿੰਦਰ ਰੁਪਾਲ ਦੀ ਬਾਲ ਕਹਾਣੀ ‘ਜੱਟ ਦਾ ਰਜਿਸਟਰ’ ਵੀ ਚੰਗੀ ਲੱਗੀ ਜਿਸ ਨੇ ਨਿਬੇੜਾ ਕਰ ਦਿੱਤਾ ਕਿ ਚੋਰ, ਚਲਾਕ ਅਤੇ ਚਤੁਰ ਲੋਕਾਂ ਤੋਂ ਕੇਵਲ ਸਿਆਣਪ ਹੀ ਬਚਾ ਸਕਦੀ ਹੈ।
ਡਾ. ਤਰਲੋਚਨ ਕੌਰ, ਪਟਿਆਲਾ