ਪਾਠਕਾਂ ਦੇ ਖ਼ਤ
ਕਿਸਾਨਾਂ ਬਾਰੇ ਬੇਰੁਖ਼ੀ
31 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਡਾ. ਮੋਹਨ ਸਿੰਘ ਦੇ ਲੇਖ ‘ਅੰਨਦਾਤੇ ਬਾਰੇ ਬੇਰੁਖ਼ੀ ਵਾਲੀ ਪਹੁੰਚ’ ਵਿੱਚ ਅੰਨਦਾਤੇ ਦੀ ਸਹੀ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੰਨਦਾਤਾ ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਆਰਥਿਕ ਮੰਦਹਾਲੀ ਦੀ ਦਲਦਲ ਵਿੱਚ ਧਸ ਰਿਹਾ ਹੈ; ਇਸ ਦੇ ਉਲਟ ਵਿਹਲੜ ਕਾਰਪੋਰੇਟ ਘਰਾਣੇ ਦਿਨ-ਬ-ਦਿਨ ਹੋਰ ਅਮੀਰ ਹੋ ਰਹੇ ਹਨ। ਕਿਸਾਨਾਂ ਮਜ਼ਦੂਰਾਂ ਦੀ ਨਿੱਘਰਦੀ ਹਾਲਤ ਨੂੰ ਅੱਖੋਂ ਪਰੋਖੇ ਕਰ ਕੇ ਸਰਕਾਰ ਉੱਚ ਘਰਾਣਿਆਂ ਨੂੰ ਫ਼ਾਇਦਾ ਪਹੁੰਚਾ ਰਹੀ ਹੈ। ਛੋਟੇ ਕਿਸਾਨਾਂ ਦੀਆਂ ਨਿਗੂਣੀਆਂ ਮੰਗਾਂ ਨੂੰ ਨਾ ਮੰਨਣ ਅਤੇ ਫ਼ਸਲਾਂ ਦੇ ਬਣਦੇ ਭਾਅ ਨਾ ਦੇਣ ਕਾਰਨ ਹੀ ਕਿਸਾਨਾਂ ਨੂੰ ਸੜਕਾਂ ’ਤੇ ਧਰਨੇ ਲਾਉਣੇ ਪੈਂਦੇ ਹਨ। ਜਿਨਸਾਂ ਦੇ ਸਹੀ ਭਾਅ ਨਾ ਮਿਲਣ ਕਰ ਕੇ ਅੰਨਦਾਤਾ ਦਿਨੋ-ਦਿਨ ਕਰਜ਼ਈ ਹੋ ਰਿਹਾ ਹੈ। ਉਸ ਨੂੰ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਵੀ ਕਰਜ਼ਾ ਚੁੱਕਣਾ ਪੈਂਦਾ ਹੈ। ਸਰਕਾਰਾਂ ਵੱਡੇ ਘਰਾਣਿਆਂ ਦੇ ਤਾਂ ਲੱਖਾਂ-ਕਰੋੜਾਂ ਦੇ ਕਰਜ਼ੇ ਚੁੱਪ-ਚੁਪੀਤੇ ਮੁਆਫ਼ ਕਰ ਦਿੰਦੀ ਹੈ ਪਰ ਛੋਟੇ ਕਿਸਾਨਾਂ ਦੇ ਕਰਜ਼ੇ ਜਿਉਂ ਦੇ ਤਿਉਂ ਖੜ੍ਹੇ ਰਹਿੰਦੇ ਹਨ। ਛੋਟੇ ਕਿਸਾਨਾਂ ਲਈ ਦਿੱਤੀਆਂ ਸਬਸਿਡੀਆਂ ਵੀ ਵੱਡੇ ਸਰਮਾਏਦਾਰ ਰਲਮਿਲ ਕੇ ਹੜੱਪ ਜਾਂਦੇ ਹਨ। ਅੰਨਦਾਤੇ ਦੀ ਵਿਗੜੀ ਹਾਲਤ ਸੁਧਾਰਨ ਲਈ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)
ਬਿਸ਼ਪ ਦਾ ਸੰਦੇਸ਼
30 ਜਨਵਰੀ ਦੇ ਲੇਖ ‘ਬਿਸ਼ਪ ਦਾ ਟਰੰਪ ਨੂੰ ਸੰਦੇਸ਼’ ਪੜ੍ਹ ਕੇ ਪਤਾ ਲੱਗਦਾ ਹੈ ਕਿ ਬਿਸ਼ਪ ਨੇ ਭਾਵੁਕ ਸ਼ਬਦਾਂ ਵਿੱਚ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਯਾਦ ਕਰਵਾਇਆ ਹੈ ਕਿ ਜੇ ਇਹ ਸਰਵਉੱਚ ਅਹੁਦਾ ਮਿਲਣ ’ਤੇ ਉਹ ਸੱਚਮੁੱਚ ਹੀ ਪਿਆਰੇ ਰੱਬ ਦਾ ਮਿਹਰ ਭਰਿਆ ਹੱਥ ਆਪਣੇ ਸਿਰ ’ਤੇ ਮਹਿਸੂਸ ਕਰਦੇ ਹਨ ਤਾਂ ਅਪੀਲ ਕਰਦੀ ਹਾਂ ਕਿ ਉਹ ਉਨ੍ਹਾਂ ਲੋਕਾਂ ’ਤੇ ਰਹਿਮ ਕਰਨ ਜਿਹੜੇ ਇਸ ਵੇਲੇ ਡਰੇ ਹੋਏ ਹਨ। ਇਹ ਅਪੀਲ ਕਰਦੇ ਸਮੇਂ ਬਿਸ਼ਪ ਨੇ ਰਾਸ਼ਟਰਪਤੀ ਨੂੰ ਦੇਸ਼ ਦੇ ਨਿਰਮਾਣ ਵਿੱਚ ਇਨ੍ਹਾਂ ਲੋਕਾਂ ਦੇ ਯੋਗਦਾਨ ਬਾਰੇ ਵੀ ਯਾਦ ਕਰਵਾਇਆ। ਇਸ ਅਪੀਲ ਤੋਂ ਇਸ ਗੱਲ ਦੀ ਵੀ ਝਲਕ ਪੈਂਦੀ ਹੈ ਕਿ ਵਿਦੇਸ਼ੀ ਲੋਕ ਅਮਰੀਕਾ ਪਹੁੰਚ ਕੇ ਕੋਈ ਉੱਚ ਅਹੁਦਿਆਂ ’ਤੇ ਨਹੀਂ ਬੈਠੇ; ਉਹ ਤਾਂ ਪੰਜਾਬ ਵਿੱਚ ਰਹਿੰਦੇ ਪਰਵਾਸੀਆਂ ਵਾਂਗ ਉੱਥੇ ਜਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ-ਕਮਾਉਂਦੇ ਉਸ ਦੇਸ਼ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਇਸ ਲਈ ਉਹ ਸਚਮੁੱਚ ਹੀ ਕਿਰਪਾ ਦੇ ਪਾਤਰ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਪਿਤਰੀ ਪ੍ਰਧਾਨ ਸਮਾਜ ਦੀ ਮਾਰ
30 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਪ੍ਰੋ. ਕੰਵਲਜੀਤ ਕੌਰ ਗਿੱਲ ਦਾ ਲੇਖ ‘ਧੀਆਂ ਦੀ ਗਿਣਤੀ ਮੁੜ ਘਟਣ ਦਾ ਰੁਝਾਨ’ ਭਖਦੀ ਸਮਾਜਿਕ ਸਮੱਸਿਆ ਦੀ ਨਿਸ਼ਾਨਦੇਹੀ ਕਰਦਾ ਹੈ। ਕੁਦਰਤ ਨੇ ਮਨੁੱਖੀ ਨਸਲ ਦੇ ਵਾਧੇ ਦੀ ਵਡਿਆਈ ਕੇਵਲ ਔਰਤ ਨੂੰ ਦਿੱਤੀ ਹੈ, ਇਸ ਲਈ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘਟਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਭਾਰਤ, ਖ਼ਾਸ ਕਰ ਕੇ ਪੰਜਾਬ ਵਿੱਚ ਇਸ ਦਾ ਮੁੱਖ ਕਾਰਨ ਭਾਰਤੀ ਸੱਭਿਆਚਾਰ ਦਾ ਪਿਤਰੀ ਪ੍ਰਧਾਨ ਖਾਸਾ ਹੈ; ਹੋਰ ਵੱਡੇ-ਛੋਟੇ ਕਾਰਨ ਵੀ ਇਸ ਨਾਲ ਜੁੜੇ ਹੋਏ ਹਨ ਕਿਉਂਕਿ ਸਾਰੇ ਧਾਰਮਿਕ ਗ੍ਰੰਥਾਂ, ਲੋਕ ਗੀਤਾਂ, ਸਮਾਜਿਕ ਰੀਤੀ ਰਿਵਾਜਾਂ ਅਤੇ ਕਰਮਕਾਂਡਾਂ ਵਿੱਚ ਮਰਦ ਨੂੰ ਹੀ ਮੁੱਖ ਸਥਾਨ ਦਿੱਤਾ ਜਾਂਦਾ ਹੈ। ਮਰਦ ਆਪਣੀ ਫੋਕੀ ਮਾਣ ਮਰਯਾਦਾ ਲਈ ਔਰਤ ਨੂੰ ਵਸਤੂ ਵਜੋਂ ਵਰਤਦਾ ਆਇਆ ਹੈ।
ਅਜਮੇਰ ਸਿੰਘ (ਡਾ.), ਰੂਪਨਗਰ
ਤਰਾਸਦੀ ਲਈ ਕਸੂਰਵਾਰ ਕੌਣ ?
30 ਜਨਵਰੀ ਦੇ ਸੰਪਾਦਕੀ ‘ਮਹਾ ਤਰਾਸਦੀ’ ਵਿੱਚ ਬਿਲਕੁਲ ਸਹੀ ਕਿਹਾ ਹੈ ਕਿ ਕਰੋੜਾਂ ਲੋਕਾਂ ਦੀ ਆਮਦ ਦੇ ਬਾਵਜੂਦ ਮਾੜੇ ਪ੍ਰਬੰਧਾਂ ਕਾਰਨ ਹੀ ਦੁਖਾਂਤ ਵਾਪਰਿਆ। ਸੰਗਮ ਵਿੱਚ ਅੰਮ੍ਰਿਤ ਇਸ਼ਨਾਨ ਲਈ ਇੰਨਾ ਪ੍ਰਚਾਰ ਕੀਤਾ ਗਿਆ ਕਿ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਪਹੁੰਚ ਗਏ। ਅਸਲ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਤੇਜਿਤ ਕਰ ਕੇ ਵੱਡੀਆਂ ਭੀੜਾਂ ਇਕੱਠੀਆਂ ਕਰ ਲੈਂਦੀਆਂ ਹਨ ਤਾਂ ਕਿ ਉਨ੍ਹਾਂ ਲਈ ਵੋਟ ਬੈਂਕ ਬਣ ਜਾਵੇ। ਇਸ ਦੁਖਾਂਤ ਲਈ ਸਿੱਧੇ ਰੂਪ ਵਿੱਚ ਸਰਕਾਰ ਦੋਸ਼ੀ ਹੈ।
ਗੁਰਬਿੰਦਰ ਸਿੰਘ ਮਾਣਕ, ਖਰਲ ਕਲਾਂ (ਜਲੰਧਰ)
(2)
30 ਜਨਵਰੀ ਦਾ ਸੰਪਾਦਕੀ ‘ਮਹਾ ਤਰਾਸਦੀ’ ਪੜ੍ਹਿਆ। ਬਹੁਤੀਆਂ ਥਾਵਾਂ ’ਤੇ ਇਹੋ ਦੇਖਿਆ ਗਿਆ ਹੈ ਕਿ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਜਾਂਦੇ ਹਨ। ਇਉਂ ਪ੍ਰਬੰਧਾਂ ਦੀ ਕਮੀ ਹੋ ਜਾਂਦੀ ਹੈ। ਕੁਝ ਲੋਕ ਅਫ਼ਵਾਹਾਂ ਵੀ ਫੈਲਾਅ ਦਿੰਦੇ ਹਨ ਅਤੇ ਭਗਦੜ ਨਾਲ ਹਾਦਸਾ ਵਾਪਰ ਜਾਂਦਾ ਹੈ। ਪ੍ਰਯਾਗਰਾਜ ਵਿੱਚ ਵੀ ਇਹੀ ਹੋਇਆ ਹੈ।
ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ
(3)
30 ਜਨਵਰੀ ਦਾ ਸੰਪਾਦਕੀ ‘ਮਹਾ ਤਰਾਸਦੀ’ ਪੜ੍ਹਿਆ। ਇਸ ਹਾਦਸੇ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਪੰਜਾਬ ਦੀ ਵਿੱਤੀ ਹਾਲਤ
26 ਜਨਵਰੀ ਨੂੰ ਪੰਨਾ 3 ਉੱਤੇ ‘ਵਿੱਤੀ ਇੰਡੈਕਸ ’ਚ ਪੰਜਾਬ’ ਖ਼ਬਰ ਪੜ੍ਹੀ। ਪੰਜਾਬ ਨੂੰ ਕੈਲੀਫੋਰਨੀਆ, ਰੰਗਲਾ ਅਤੇ ਹੋਰ ਕਈ ਕੁਝ ਬਣਾਉਣ ਵਾਲੀਆਂ ਸਾਡੀਆਂ ਸਰਕਾਰਾਂ ਨੇ ਇਹ ਕੀ ਗੁਲ ਖਿਲਾਏ ਹਨ? ਕਰਜ਼ੇ ਦੇ ਭਾਰ ਹੇਠ ਦਬ ਰਹੇ ਪੰਜਾਬ ਦੀ ਹਾਲਤ ਉਸ ਕੰਬਲ ਵਰਗੀ ਹੋ ਗਈ ਹੈ ਜਿਹੜਾ ਹੁਣ ਜਕੜੇ ਹੋਏ ਪੰਜਾਬ ਨੂੰ ਨਹੀਂ ਛੱਡ ਰਿਹਾ। ਪੰਜਾਬ ਦੀ ਦਸ਼ਾ ਸੁਧਾਰਨ ਲਈ ਕਿਸੇ ਦਿਸ਼ਾ ਵਿੱਚ ਕੰਮ ਨਹੀਂ ਹੋ ਰਿਹਾ। ਕਦੇ ਇਸ ਚਿੰਤਾ ਬਾਰੇ ਅਸੈਂਬਲੀ ’ਚ, ਸਰਬ ਪਾਰਟੀ ਮੀਟਿੰਗ ’ਚ ਜਾਂ ਆਰਥਿਕ ਮਾਹਿਰਾਂ ਦੇ ਪੱਧਰ ’ਤੇ ਕੋਈ ਵਿਚਾਰ ਚਰਚਾ ਨਹੀਂ ਹੁੰਦੀ; ਬੱਸ ਵਿਰੋਧੀਆਂ ’ਤੇ ਤੰਜ ਕੱਸਣ ਤੋਂ ਅੱਗੇ ਪੰਜਾਬ ਦੀ ਕਿਸੇ ਵੀ ਪਾਰਟੀ ਦੀ ਸਿਆਸਤ ਨਹੀਂ ਹੋ ਰਹੀ। ਹਰ ਪਾਰਟੀ ਸਿਰਫ਼ ਵੋਟ ਬਟੋਰਨ ਲਈ ਪੰਜਾਬ ਦੀ ਕੁੱਖ ਵਿੱਚ ਵਿੱਤੀ ਛੁਰਾ ਮਾਰਨ ’ਤੇ ਲੱਗੀ ਰਹਿੰਦੀ ਹੈ। ਖ਼ਬਰ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦਾ ਬੁਲਾਰਾ ਇਸ ਨੂੰ 2014-15 ਤੋਂ 2022-23 ਤਕ ਦੀ ਰਿਪੋਰਟ ਦੱਸ ਕੇ ਪੱਲਾ ਛੁਡਾਉਣਾ ਚਾਹੁੰਦਾ ਹੈ ਜਦੋਂਕਿ ਕਰਜ਼ੇ ਦੀ ਪੰਡ ਇਸ ਸਰਕਾਰ ਸਮੇਂ ਵੀ ਭਾਰੀ ਹੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਇਸ ਜ਼ਿੰਮੇਵਾਰੀ ਨੂੰ ਓਟਣ ਦੀ ਥਾਂ ਮੌਜੂਦਾ ਸਰਕਾਰ ਤੋਂ ਅਸਤੀਫ਼ਾ ਮੰਗ ਰਿਹਾ ਹੈ। ਕੀ ਉਹ ਇਹ ਭੁੱਲ ਗਏ ਹਨ ਕਿ ਪੰਜਾਬ ਨੂੰ ਨੰਗ ਕਰਨ ਵਿੱਚ ਉਨ੍ਹਾਂ ਨੇ ਖ਼ੁਦ ਕੋਈ ਕਸਰ ਨਹੀਂ ਛੱਡੀ। ਤੀਜੀ ਪਾਰਟੀ ਦਾ ਇਸ ਮੁੱਦੇ ’ਤੇ ਚੁੱਪ ਰਹਿਣਾ ਵੀ ਰੜਕਦਾ ਹੈ। ਇਨ੍ਹਾਂ ਲੀਡਰਾਂ ਤੇ ਸਿਆਸੀ ਪਾਰਟੀਆਂ ਦੀਆਂ ਜੋ ਨੀਤੀਆਂ ਹਨ, ਜਾਪਦਾ ਹੈ ਕਿ ਪੰਜਾਬ ਦਾ ਇਸ ਦਲਦਲ ਵਿੱਚੋਂ ਨਿਕਲਣਾ ਨੇੜਲੇ ਭਵਿੱਖ ਵਿੱਚ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ 18 ਜਨਵਰੀ ਵਾਲੇ ਸੰਪਾਦਕੀ ‘ਕਿਸਾਨਾਂ ਖ਼ਿਲਾਫ਼ ਹੱਤਿਆ ਕੇਸ’ ਵਿੱਚ ਸਾਰੀ ਘਟਨਾ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ। ਕੇਂਦਰ ਸਰਕਾਰ ਖ਼ਾਰ ਕਾਰਨ ਹੀ ਬੇਦੋਸ਼ੇ ਕਿਸਾਨਾਂ ਨੂੰ ਉਲਝਾ ਰਹੀ ਹੈ, ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਚੁੰਗਲ ਵਿੱਚ ਫਸ ਗਈ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ