ਪਾਠਕਾਂ ਦੇ ਖ਼ਤ
ਉੱਚ ਸਿੱਖਿਆ ਸੰਸਥਾਵਾਂ ਵਿੱਚ ਨਿਯੁਕਤੀਆਂ
23 ਜਨਵਰੀ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਅਕਾਦਮਿਕ ਸੰਕਟ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ’ ਪੜ੍ਹਿਆ। ਇਸ ਵਿੱਚ ਅਧਿਆਪਕਾਂ ਤੋਂ ਲੈ ਕੇ ਵਾਈਸ ਚਾਂਸਲਰ ਦੀ ਭਰਤੀ, ਤਰੱਕੀ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਗੁਣਵੱਤਾ ਦੇ ਮਾਪ-ਦੰਡ ਤੈਅ ਕਰਨ ਲਈ ਕੀਤੇ ਜਾਣ ਵਾਲੇ ਨਵੇਂ ਨਿਯਮ ਲਾਗੂ ਕਰਨ ਤੋਂ ਪਹਿਲਾਂ ਜਾਰੀ ‘ਖਰੜਾ ਨਿਯਮਾਂ’ ਦੀ ਪੜਚੋਲ ਕੀਤੀ ਗਈ ਹੈ। ਵਿਰੋਧੀ ਪਾਰਟੀਆਂ ਦੇ ਰਾਜਾਂ ਵਾਲੀਆਂ ਕੁਝ ਸਰਕਾਰਾਂ ਨੇ ਇਸ ਖਰੜੇ ਦਾ ਫੈਡਰਲਿਜ਼ਮ ਦੇ ਪੱਖ ਕਰ ਕੇ ਵਿਰੋਧ ਕੀਤਾ ਹੈ ਅਤੇ ਵਿਧਾਨ ਸਭਾਵਾਂ ਵਿੱਚ ਇਸ ਖਰੜੇ ਨੂੰ ਹੀ ਰੱਦ ਕਰਨ ਬਾਰੇ ਮਤੇ ਵੀ ਪਾਏ ਹਨ। ਇਸ ਖਰੜੇ ਵਿੱਚ ਸੋਧ ਲਈ ਮੰਗੇ ਸੁਝਾਅ ਅਤੇ ਇਤਰਾਜ਼ ਦੇਣ ਲਈ ਸਾਰੇ ਹਿੱਤ ਧਾਰਕਾਂ ਕੋਲ ਕੇਵਲ 5 ਫਰਵਰੀ ਤੱਕ ਦਾ ਹੀ ਸਮਾਂ ਹੈ।
ਨਵਜੋਤ ਸਿੰਘ, ਪਟਿਆਲਾ
ਅਮੀਰ ਪਾਰਟੀ
29 ਜਨਵਰੀ ਦੇ ਮੁੱਖ ਸਫ਼ੇ ’ਤੇ ‘ਭਾਜਪਾ ਬਣੀ ਸਭ ਤੋਂ ਅਮੀਰ ਪਾਰਟੀ’ ਖ਼ਬਰ ਪੜ੍ਹ ਕੇ ਜ਼ਿਆਦਾ ਹੈਰਾਨੀ ਨਹੀਂ ਹੋਈ। ਆਪਣੇ ਆਪ ਨੂੰ ਸਭ ਤੋਂ ਵੱਧ ਰਾਸ਼ਟਰਵਾਦੀ, ਅਨੁਸ਼ਾਸਿਤ ਅਤੇ ਦੁੱਧ ਧੋਤੀ ਸਿਆਸੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੇ ਪਿਛਲੇ ਦਸ ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਤੋਂ ਚੋਣ ਬਾਂਡ ਦੇ ਰੂਪ ਵਿੱਚ ਇੰਨਾ ਜ਼ਿਆਦਾ ਫੰਡ ਲਿਆ ਹੈ ਕਿ ਇਸ ਨੇ ਮੁਨਾਫ਼ੇ ਵਿੱਚ ਜਾ ਰਹੇ ਪਬਲਿਕ ਸੈਕਟਰ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਦੇਸ਼ ਦੀ ਇੱਕ ਅਰਬ ਆਬਾਦੀ ਨੂੰ ਭੁੱਖਮਰੀ ਬੇਰੁਜ਼ਗਾਰੀ ਅਤੇ ਖ਼ੁਦਕੁਸ਼ੀਆਂ ਦੀ ਕਗਾਰ ’ਤੇ ਪਹੁੰਚਾ ਦਿੱਤਾ ਹੈ। ਸਰਕਾਰ ਮਾਓਵਾਦ ਨੂੰ ਖ਼ਤਮ ਕਰਨ ਦੀ ਆੜ ਹੇਠ ਆਦਿਵਾਸੀ ਇਲਾਕਿਆਂ ਦੇ ਕੁਦਰਤੀ ਸੋਮਿਆਂ ਨੂੰ ਧਨਾਢਾਂ ਨੂੰ ਅੰਨ੍ਹੇਵਾਹ ਲੁਟਾਉਣ ਲਈ ਆਦਿਵਾਸੀਆਂ ਨੂੰ ਉਜਾੜ ਰਹੀ ਹੈ, ਵਿਰੋਧ ਕਰਨ ਵਾਲਿਆਂ ਨੂੰ ਮਾਓਵਾਦੀ ਕਹਿ ਕੇ ਪੁਲੀਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ।
ਦਮਨਜੀਤ ਕੌਰ, ਧੂਰੀ (ਸੰਗਰੂਰ)
ਸਮਾਜਿਕ ਪਾੜੇ ਦਾ ਸੰਤਾਪ
28 ਜਨਵਰੀ ਦਾ ਸੰਪਾਦਕੀ ‘ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ’ ਪੜ੍ਹਿਆ। ਡਾ. ਅੰਬੇਡਕਰ ਨੇ ਸਮਾਜਿਕ ਨਾ-ਬਰਾਬਰੀ ਤੇ ਵਿਤਕਰੇ ਦਾ ਜੋ ਮਾਨਸਿਕ ਸੰਤਾਪ ਝੱਲਿਆ, ਉਸ ਕਾਰਨ ਉਨ੍ਹਾਂ ਦੀ ਸੁਰਤੀ ਹਰ ਵਕਤ ਇਸ ਸਮਾਜਿਕ ਪਾੜੇ ਨੂੰ ਖ਼ਤਮ ਕਰਨ ’ਤੇ ਲੱਗੀ ਰਹਿੰਦੀ। ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਸੀ ਕਿ ਸਮਾਜਿਕ ਪਾੜੇ ਨੂੰ ਵਿੱਦਿਆ ਹਾਸਿਲ ਕਰ ਕੇ ਹੀ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਬੁੱਤ ਦੀ ਭੰਨਤੋੜ ਕਰਨਾ ਨਿੰਦਣਯੋਗ ਹੈ।
ਸੁਖਪਾਲ ਕੌਰ, ਈਮੇਲ
(2)
28 ਜਨਵਰੀ ਦਾ ਸੰਪਾਦਕੀ ‘ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ’ ਪੜ੍ਹਿਆ। ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਨਿੰਦਣਯੋਗ ਘਟਨਾ ਹੈ। ਅਕਸਰ ਮਹਾਨ ਸ਼ਖ਼ਸੀਅਤ ਦੇ ਬੁੱਤਾਂ ਨਾਲ ਛੇੜਛਾੜ ਕਰ ਕੇ ਉਨ੍ਹਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਸਲ ਵਿੱਚ ਖ਼ਤਰਾ ਬੁੱਤਾਂ ਤੋਂ ਨਹੀਂ, ਉਸ ਮਹਾਨ ਮਨੁੱਖ ਦੀ ਵਿਚਾਰਧਾਰਾ ਅਤੇ ਸਿਧਾਂਤ ਤੋਂ ਹੁੰਦਾ ਹੈ। ਡਾ. ਅੰਬੇਡਕਰ ਨੇ ਆਪਣੀ ਵਿਚਾਰਧਾਰਾ ਤੇ ਸਿਧਾਂਤ ’ਤੇ ਚੱਲ ਕੇ ਦੇਸ਼ ਅੰਦਰ ਜਾਤ-ਪਾਤ ਖ਼ਤਮ ਕਰਨ ਅਤੇ ਬਰਾਬਰੀ ਵਾਲਾ ਸਮਾਜ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
ਪੇਪਰ ਲੀਕ ਬਾਰੇ ਖ਼ਬਰ
28 ਜਨਵਰੀ ਨੂੰ ਪੰਨਾ 3 ਕਾਲਮ ’ਤੇ ‘ਪੀਐੱਮਈਟੀ ਪੇਪਰ ਲੀਕ ਮਾਮਲਾ’ ਖ਼ਬਰ ਛਪੀ ਹੈ। ਇਹ ਖ਼ਬਰ ਸਹੀ ਨਹੀਂ। ਪੀਐੱਮਈਟੀ ਦਾ 2008 ਵਿੱਚ ਕੋਈ ਪੇਪਰ ਲੀਕ ਨਹੀਂ ਸੀ ਹੋਇਆ। ਕੁਝ ਅਨਸਰਾਂ ਨੇ ਹੋਰ ਵਿਦਿਆਰਥੀ ਬਿਠਾਏ ਸਨ ਜਿਨ੍ਹਾਂ ਦੀ ਨਿਸ਼ਾਨਦੇਹੀ ਯੂਨੀਵਰਸਿਟੀ ਨੇ ਨਤੀਜਾ ਨਿਕਲਣ ਤੋਂ ਬਾਅਦ ਅਖ਼ਬਾਰਾਂ ਵਿੱਚ ਹੋਈ ਬੇਲੋੜੀ ਤਾਰੀਫ਼ ’ਤੇ ਸ਼ੰਕਾ ਕਰਦੇ ਹੋਏ ਆਪਣੀ ਪਹਿਲ ਉੱਪਰ ਉੱਚ ਪੱਧਰੀ ਕਮੇਟੀ ਰਾਹੀਂ ਰਿਕਾਰਡ ਦੇ ਆਧਾਰ ’ਤੇ ਜਾਂਚ ਕਰ ਕੇ 27 ਬੰਦੇ ਅਜਿਹੇ ਫੜੇ ਸਨ ਜਿਨ੍ਹਾਂ ਦੀ ਥਾਂ ’ਤੇ ਕਿਸੇ ਹੋਰ ਨੇ ਇਮਤਿਹਾਨ ਦਿੱਤਾ ਸੀ। ਉਨ੍ਹਾਂ ਸਾਰਿਆਂ ਦੀ ਉਮੀਦਵਾਰੀ ਕੈਂਸਲ ਕਰ ਦਿੱਤੀ ਸੀ ਅਤੇ ਫੌਜਦਾਰੀ ਕੇਸ ਦਰਜ ਕਰਵਾਏ ਸਨ, ‘ਸਿੱਟ’ ਬਣਾਈ ਸੀ ਜਿਸ ਦੇ ਮੁਖੀ ਸ੍ਰੀ ਐੱਲਕ ਯਾਦਵ ਸਨ, ਜਿਨ੍ਹਾਂ ਨੇ ਬਹੁਤ ਮਿਹਨਤ, ਮੁਹਾਰਤ ਅਤੇ ਇਮਾਨਦਾਰੀ ਨਾਲ ਪਰਦਾਫਾਸ਼ ਕੀਤਾ ਸੀ। ਇਹ ਗੱਲ ਵੱਖਰੀ ਹੈ ਕਿ ਯੂਨੀਵਰਸਿਟੀ ਦੇ ਅਗਲੇ ਅਧਿਕਾਰੀਆਂ ਅਤੇ ਪੁਲੀਸ ਨੇ ਕੇਸ ਦੀ ਪੈਰਵੀ ਕਿਵੇਂ ਕੀਤੀ।
ਡਾ. ਪਿਆਰਾ ਲਾਲ ਗਰਗ, ਚੰਡੀਗੜ੍ਹ
ਲੋਕਾਂ ਦੀ ਆਵਾਜ਼
25 ਜਨਵਰੀ ਨੂੰ ਸੰਪਾਦਕੀ ‘ਦੋ ਸੰਸਦ ਮੈਂਬਰਾਂ ਦੀ ਗ਼ੈਰ-ਹਾਜ਼ਰੀ’ ਪੜ੍ਹਿਆ। ਇਸ ਵਿੱਚ ਦੋ ਸੰਸਦੀ ਹਲਕਿਆਂ ਦੇ ਲੋਕਾਂ ਦੀ ਆਵਾਜ਼ ਚੁੱਕਣ ਦਾ ਉਪਰਾਲਾ ਕੀਤਾ ਗਿਆ ਹੈ। ਮੈਂ ਖਡੂਰ ਸਾਹਿਬ ਹਲਕੇ ਦਾ ਨਿਵਾਸੀ ਹੋਣ ਕਰ ਕੇ ਮਹਿਸੂਸ ਕਰਦਾ ਹਾਂ ਕਿ ਮੌਜੂਦਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਜ਼ਰਬੰਦ ਹੋਣ ਕਰ ਕੇ ਪਹਿਲਾਂ ਤੋਂ ਹੀ ਪਛੜਿਆ ਹਲਕਾ ਹੋਰ ਪਿੱਛੇ ਜਾ ਰਿਹਾ ਹੈ। ਇਸ ਮਸਲੇ ਦਾ ਜਲਦ ਹੱਲ ਹੋਣਾ ਜ਼ਰੂਰੀ ਹੈ ਤਾਂ ਕਿ ਸੰਸਦ ਮੈਂਬਰ ਦੇ ਅਖ਼ਤਿਆਰੀ ਫੰਡ ਦੀ ਸਹੀ ਵਰਤੋਂ ਹੋ ਸਕੇ।
ਡਾ. ਸ਼ਿਵਚਰਨ ਸਿੰਘ ਢਿੱਲੋਂ, ਤਰਨ ਤਾਰਨ
ਡਰ ਦੀ ਮਾਰ ਝੱਲਦਾ ਮਨੁੱਖ
24 ਜਨਵਰੀ ਦੇ ਨਜ਼ਰੀਆ ਪੰਨੇ ਉੱਪਰ ਪਿਆਰਾ ਸਿੰਘ ਗੁਰਨੇ ਕਲਾਂ ਦਾ ਮਿਡਲ ‘ਡਰ ਦੀ ਮਾਰ’ ਪੜ੍ਹਿਆ। ਅਤੀਤ ਤੇ ਵਰਤਮਾਨ ਦੀ ਬਾਤ ਪਾਉਂਦੀ ਇਹ ਰਚਨਾ ਅਜੋਕੇ ਦੌਰ ਵਿੱਚ ਡਰਾਂ ਦੀ ਮਾਰ ਝੱਲਦੇ ਮਨੁੱਖ ਦੀ ਦਾਸਤਾਨ ਬਿਆਨ ਕਰਦੀ ਹੈ। ਵਾਕਿਆ ਹੀ ਅੱਜ ਮਨੁੱਖ ਕਿੰਨੇ ਹੀ ਡਰ ਨਾਲ ਲੈ ਕੇ ਘਰੋਂ ਨਿਕਲਦਾ ਹੈ ਜੋ ਉਸ ਨੂੰ ਮਾਨਸਿਕ, ਆਰਥਿਕ ਅਤੇ ਸਰੀਰਕ ਪੀੜਾ ਵੀ ਦੇ ਜਾਂਦੇ ਹਨ। ਲੁੱਟ-ਖਸੁੱਟ ਤੋਂ ਬਿਨਾਂ ਅਵਾਰਾ ਜਾਨਵਰਾਂ ਦਾ ਡਰ ਵੀ ਮਨੁੱਖ ਲਈ ਕਈ ਵਾਰ ਘਾਤਕ ਹੁੰਦਾ ਹੈ। ਮਾਂ-ਬਾਪ ਦੇ ’ਕੱਲੇ-’ਕੱਲੇ ਲਾਡਲਿਆਂ ਦੇ ਅਵੱਲੇ ਸ਼ੌਕ ਵੀ ਮਨੁੱਖੀ ਮਨ ਲਈ ਹਮੇਸ਼ਾ ਡਰ ਪੈਦਾ ਕਰਦੇ ਹਨ ਜਿਵੇਂ ਖ਼ੂਨੀ ਡੋਰ ਨਾਲ ਹੁੰਦੀ ਪਤੰਗਬਾਜ਼ੀ ਨਾਲ ਜਾਨੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਕਈ ਵਾਰ ਸੜਕ ਪਾਰ ਕਰਨ ਲੱਗਿਆਂ ਵੀ ਡਰ ਵਾਲਾ ਮਾਹੌਲ ਬਣ ਜਾਂਦਾ ਹੈ।
ਐੱਸ ਮੀਲੂ ‘ਫਰੌਰ’, ਈਮੇਲ
ਮੁਸ਼ਕਿਲਾਂ ਅਤੇ ਆਮ ਲੋਕ
18 ਜਨਵਰੀ ਦੇ ਸੰਪਾਦਕੀ ‘ਕਿਸਾਨਾਂ ਖ਼ਿਲਾਫ਼ ਹੱਤਿਆ ਕੇਸ’ ਵਿੱਚ ਸਹੀ ਲਿਖਿਆ ਹੈ ਕਿ 3 ਸਾਲ ਬਾਅਦ ਮੁਜ਼ਾਹਰਾਕਾਰੀ ਕਿਸਾਨਾਂ ’ਤੇ ਸੰਗੀਨ ਧਾਰਾਵਾਂ ਨਹੀਂ ਸੀ ਲਾਉਣੀਆਂ ਚਾਹੀਦੀਆਂ। ਪ੍ਰਧਾਨ ਮੰਤਰੀ ਨੂੰ ਇੱਕ ਫੇਰੀ ਵਿੱਚ ਹੀ ਰਸਤਾ ਰੋਕਣ ਨਾਲ ਕਿੰਨੀ ਮੁਸ਼ਕਿਲ ਆ ਗਈ ਤਾਂ ਸੋਚਣਾ ਬਣਦਾ ਹੈ ਕਿ ਇੱਕ ਸਾਲ ਤੋਂ ਬੈਰੀਅਰਾਂ ਅਤੇ ਕਿਸਾਨਾਂ ਦੇ ਧਰਨਿਆਂ ਕਰ ਕੇ ਹਜ਼ਾਰਾਂ ਲੱਖਾਂ ਰਾਹਗੀਰਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਔਕੜਾਂ ਝੱਲਣ ਵਾਲੇ ਆਮ ਲੋਕ ਹਨ। ਇੰਨੇ ਲੰਮੇ ਸਮੇਂ ਤੋਂ ਆਮ ਲੋਕਾਂ ਨੂੰ ਲੰਮੇ ਗੇੜੇ ਪਾ ਕੇ ਵੱਧ ਸਮਾਂ ਅਤੇ ਤੇਲ ਖ਼ਰਚ ਕਰ ਕੇ ਲਿੰਕ ਸੜਕਾਂ ਤੇ ਤੰਗ ਰਸਤਿਆਂ ਰਾਹੀਂ ਲੰਘਣਾ ਪੈ ਰਿਹਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਮਜਬੂਰੀਆਂ ਦੀ ਦਾਸਤਾਨ
2 ਜਨਵਰੀ ਨੂੰ ਡਾ. ਗੁਰਤੇਜ ਸਿੰਘ ਦਾ ਮਿਡਲ ‘ਬੇਚੈਨ ਕਰਦੀ ਦਾਸਤਾਨ’ ਪੜ੍ਹਿਆ। ਸੋਚ ਰਹੀ ਸਾਂ ਕਿ ਵਿਆਹ ਸਮਾਗਮ ਵਿੱਚ ਨੱਚਣ ਵਾਲੀਆਂ ਕੁੜੀਆਂ ਨੂੰ ਆਰਕੈਸਟਰਾ ਦਾ ਸ਼ੌਕ ਘੱਟ ਅਤੇ ਉਨ੍ਹਾਂ ਦੀਆਂ ਮਜਬੂਰੀਆਂ ਜ਼ਿਆਦਾ ਹੁੰਦੀਆਂ ਹਨ। ਉਨ੍ਹਾਂ ਨੂੰ ਬਰਾਤੀਆਂ ਨੂੰ ਖੁਸ਼ ਕਰਨ ਲਈ ਜ਼ਹਿਰ ਦੇ ਘੁੱਟ ਭਰਨੇ ਪੈਂਦੇ ਹਨ। ਹਰ ਉਮਰ ਦਾ ਬਰਾਤੀ ਉਨ੍ਹਾਂ ਦਾ ਹੱਥ ਫੜ ਕੇ ਨੱਚਣ ਨੂੰ ਕਰਦਾ ਹੈ। ਉਹ ਇਹ ਨਹੀਂ ਸੋਚਦੇ ਕਿ ਇਹ ਕੁੜੀਆਂ ਕਿਸੇ ਦੀਆਂ ਧੀਆਂ ਜਾਂ ਭੈਣਾਂ ਹਨ।
ਅਮਰਜੀਤ ਕੌਰ, ਮਹਿਮਾ ਸਰਜਾ
ਮੁਹੱਲਾ ਕਲੀਨਿਕਾਂ ਬਾਰੇ ਸੱਚ
ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਮਗਰੋਂ ਇਹ ਦਾਅਵਾ ਬਹੁਤ ਗੱਜ ਵੱਜ ਕੇ ਕਰਦੀ ਰਹੀ ਹੈ ਕਿ ਇਹ 800 ਤੋਂ ਵਧੇਰੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੀ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਕਰੋੜਾਂ ਦੇ ਇਸ਼ਤਿਹਾਰ ਵੀ ਜਾਰੀ ਕੀਤੇ ਤੇ ਹੁਣ ਵੀ ਕੀਤੇ ਜਾ ਰਹੇ ਹਨ ਜਦੋਂਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਵਾਸਤੇ ਫੰਡ ਕੇਂਦਰ ਸਰਕਾਰ, ਅਯੁਸ਼ਮਾਨ ਅਰੋਗਿਆ ਕੇਂਦਰ ਯੋਜਨਾ ਤਹਿਤ ਦਿੰਦੀ ਹੈ। ਕੇਂਦਰ ਸਰਕਾਰ ਵੱਲੋਂ ਇਤਰਾਜ਼ ਜਤਾਉਣ ਅਤੇ ਫੰਡ ਰੋਕਣ ਮਗਰੋਂ ਹੁਣ ਪੰਜਾਬ ਸਰਕਾਰ ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਨਾਂ ਬਦਲ ਰਹੀ ਹੈ। ਮੁੱਖ ਮੰਤਰੀ ਦੀ ਫੋਟੋ ਵੀ ਇਨ੍ਹਾਂ ਕਲੀਨਿਕਾਂ ਤੋਂ ਹਟਾਈ ਜਾ ਰਹੀ ਹੈ।
ਅਜੀਤ ਖੰਨਾ, ਈਮੇਲ