ਪਾਠਕਾਂ ਦੇ ਖ਼ਤ
‘ਐਮਰਜੈਂਸੀ’ ਦੇ ਬਹਾਨੇ
20 ਜਨਵਰੀ ਦੇ ਅੰਕ ਵਿੱਚ ਜਯੋਤੀ ਮਲਹੋਤਰਾ ਨੇ ‘ਪੰਜਾਬ ’ਚ ਐਮਰਜੈਂਸੀ ਦੇ ਵਿਰੋਧ ਦੀਆਂ ਪਰਤਾਂ’ ਫੋਲੀਆਂ ਹਨ। ਨਫ਼ਰਤ ਬੰਦੇ ਦੇ ਵਿਚਾਰਾਂ ਨਾਲ ਹੁੰਦੀ ਹੈ, ਕਿਸੇ ਬੰਦੇ ਨਾਲ ਨਹੀਂ ਜਿਵੇਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਸਬੰਧੀ ਨਫ਼ਰਤੀ ਟਿੱਪਣੀਆਂ ਕੀਤੀਆਂ ਸਨ। ‘ਐਮਰਜੈਂਸੀ’ ਕੋਈ ਵਧੀਆ ਫਿਲਮ ਵੀ ਨਹੀਂ ਜਿਵੇਂ ਹੁਣ ਟਿੱਪਣੀਕਾਰਾਂ ਨੇ ਕਿਹਾ ਵੀ ਹੈ। ਦੂਜੇ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਾਲੀ ਧਿਰ ਆਪਮੁਹਾਰੀ ਚੱਲ ਰਹੀ ਹੈ। ਇਸ ਨਾਲ ਕਿਸਾਨੀ ਸੰਘਰਸ਼ ਕਮਜ਼ੋਰ ਹੋ ਰਿਹਾ ਹੈ। ਜਿੱਥੋਂ ਤਕ ਫ਼ਿਲਮ ‘ਐਮਰਜੈਂਸੀ’ ਨਾਲ ਪੰਜਾਬੀਆਂ ਦਾ ਅਕਸ ਖਰਾਬ ਹੋਣ ਦੀ ਗੱਲ ਹੈ, ਪੰਜਾਬੀ ਇਕੱਲੇ ਕੱਟੜਵਾਦੀ ਸਿੱਖ ਨਹੀਂ, ਪੰਜਾਬ ਵਿੱਚ ਵੱਖ-ਵੱਖ ਧਰਮਾਂ ਨਾਲ ਸਬੰਧਿਤ ਲੋਕ ਹਨ। ਲੋਕਾਂ ਦੀਆਂ ਸਾਂਝਾਂ ਹਨ ਭਾਵੇਂ ਸਮੇਂ-ਸਮੇਂ ਕੱਟੜਵਾਦੀਆਂ ਅਤੇ ਪੰਜਾਬ ਵਿਰੋਧੀਆਂ ਨੇ ਇਹ ਸਾਂਝਾਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਉਹ ਆਪਣੇ ਯਤਨਾਂ ਵਿੱਚ ਸਫ਼ਲ ਨਹੀਂ ਹੋਏ ਤੇ ਨਾ ਹੋਣਗੇ। ਹੁਣ ਤਾਂ ਵੈਸੇ ਵੀ ਡਿਜੀਟਲ ਦੇ ਜ਼ਮਾਨੇ ਰਾਹੀਂ ਜਾਣਕਾਰੀਆਂ, ਖ਼ਬਰਾਂ ਆਦਿ ਪਲਾਂ ਵਿੱਚ ਸਾਰੇ ਪਾਸੇ ਪਹੁੰਚ ਜਾਂਦੀਆਂ ਹਨ।
ਹਰਚੰਦ ਭਿੰਡਰ, ਧਰਮਕੋਟ (ਮੋਗਾ)
ਵਾਈਸ ਚਾਂਸਲਰ ਦੀ ਨਿਯੁਕਤੀ
ਡਾ. ਕੁਲਦੀਪ ਸਿੰਘ ਦੇ ਲੇਖ ‘ਅਕਾਦਮਿਕ ਸੰਕਟ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ’ (23 ਜਨਵਰੀ) ਨੇ ਗੰਭੀਰ ਮੁੱਦੇ ਵੱਲ ਧਿਆਨ ਖਿੱਚਿਆ ਹੈ। ਕੌਮੀ ਸਿੱਖਿਆ ਨੀਤੀ-2020 ਤਹਿਤ ਜਾਰੀ 2025 ਦੇ ਡਰਾਫਟ ਨਿਯਮ ਰਾਜਾਂ ਦੀਆਂ ਯੂਨੀਵਰਸਿਟੀਆਂ ਵਿੱਚ ਵਾਈਸ ਚਾਂਸਲਰ ਦੀ ਨਿਯੁਕਤੀ ਬਾਰੇ ਕਈ ਚਿੰਤਾਵਾਂ ਨੂੰ ਜਨਮ ਦਿੰਦੇ ਹਨ। ਨਵੇਂ ਨਿਯਮਾਂ ਅਨੁਸਾਰ ਰਾਜਪਾਲਾਂ ਨੂੰ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਅਧਿਕਾਰ ਮਿਲੇਗਾ ਜਿਸ ਦਾ ਅਰਥ ਇਹ ਹੈ ਕਿ ਕੇਂਦਰ ਸਰਕਾਰ ਪੂਰੀ ਮਰਜ਼ੀ ਕਰੇਗੀ। ਇਸ ਨਾਲ ਰਾਜਨੀਤਕ ਦਖ਼ਲ ਦੇ ਖ਼ਤਰੇ ਵਧਦੇ ਹਨ ਜੋ ਯੂਨੀਵਰਸਿਟੀ ਪ੍ਰਣਾਲੀ ਅਤੇ ਵਾਈਸ ਚਾਂਸਲਰ ਦੇ ਵਕਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਉਂ ਸਿੱਖਿਆ ਮਿਆਰ ਵਿੱਚ ਗਿਰਾਵਟ ਦਾ ਖ਼ਦਸ਼ਾ ਹੈ। ਸਿੱਖਿਆ ਦੀ ਆਜ਼ਾਦੀ ਅਤੇ ਪਾਰਦਰਸ਼ਤਾ ਲਈ ਨਿਯੁਕਤੀ ਪ੍ਰਕਿਰਿਆ ਵਿੱਚ ਅਕਾਦਮਿਕ ਮਿਆਰ ਅਤੇ ਨੈਤਿਕ ਮੁੱਲਾਂ ਨੂੰ ਪਹਿਲ ਮਿਲਣੀ ਚਾਹੀਦੀ ਹੈ। ਰਾਜਨੀਤਕ ਦਖ਼ਲਅੰਦਾਜ਼ੀ ਪੂਰੀ ਤਰ੍ਹਾਂ ਰੋਕਣ ਦੀ ਚਾਰਾਜੋਈ ਹੋਵੇ। ਇਸ ਤੋਂ ਪਹਿਲਾਂ 17 ਜਨਵਰੀ ਨੂੰ ਪੰਨਾ 10 ਉੱਤੇ ਪ੍ਰਕਾਸ਼ਿਤ ਖ਼ਬਰ ਪੜ੍ਹੀ ਜੋ ਸੜਕ ਹਾਦਸਿਆਂ ਅਤੇ ਰਿਸ਼ਵਤਖੋਰੀ ਨਾਲ ਸਬੰਧਿਤ ਹੈ। ਅੰਕੜੇ ਦੱਸਦੇ ਹਨ ਕਿ ਸੜਕਾਂ ਦੀ ਗ਼ਲਤ ਪਲਾਨਿੰਗ ਅਤੇ ਰਿਸ਼ਵਤਖ਼ੋਰੀ ਕਾਰਨ ਅਣਗਿਣਤ ਜਾਨਾਂ ਜਾ ਰਹੀਆਂ ਹਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਨਿਆ ਹੈ ਕਿ ਰਿਸ਼ਵਤਖ਼ੋਰੀ ਕਾਰਨ ਗ਼ੈਰ-ਜ਼ਿੰਮੇਵਾਰ ਠੇਕੇਦਾਰ ਅਤੇ ਇੰਜਨੀਅਰ ਗ਼ਲਤ ਤਰੀਕੇ ਨਾਲ ਸੜਕਾਂ ਦਾ ਨਿਰਮਾਣ ਕਰਦੇ ਹਨ। ਸੜਕਾਂ ਦੇ ਸਹੀ ਅਤੇ ਸੁਰੱਖਿਅਤ ਨਿਰਮਾਣ ਲਈ ਸਖ਼ਤ ਕਾਨੂੰਨ ਲਾਗੂ ਹੋਣੇ ਚਾਹੀਦੇ ਹਨ। ਇੱਕ ਮਸਲਾ ਹੋਰ, ਚੀਨੀ ਡੋਰ ਨਾਲ ਰੋਜ਼ ਘਟਨਾਵਾਂ ਹੋ ਰਹੀਆਂ ਹਨ। ਸਰਕਾਰ ਇਸ ਮਾਮਲੇ ਵਿੱਚ ਅਸਫ਼ਲ ਰਹੀ ਹੈ। ਕਾਰੋਬਾਰੀਆਂ ਨੂੰ ਚਾਹੀਦਾ ਹੈ ਕਿ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਇਨ੍ਹਾਂ ਚੀਜ਼ਾਂ ਦੀ ਵਿਕਰੀ ਬੰਦ ਕਰਨ। ਲੋਕਾਂ ਨੂੰ ਵੀ ਅਜਿਹੇ ਉਤਪਾਦਾਂ ਦੀ ਖਰੀਦਦਾਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਕੁਲਵੰਤ ਰਾਏ ਵਰਮਾ, ਈਮੇਲ
ਧੱਕੇਸ਼ਾਹੀ ਦਾ ਸਬੂਤ
22 ਜਨਵਰੀ ਨੂੰ ਸਫ਼ਾ ਤਿੰਨ ’ਤੇ ‘ਜਿਉਂਦ ਘਟਨਾ: ਉਗਰਾਹਾਂ ਸਣੇ ਤਿੰਨ ਦਰਜਨ ਕਿਸਾਨਾਂ ਖ਼ਿਲਾਫ਼ ਕੇਸ ਦਰਜ’ ਨਾਮੀ ਖ਼ਬਰ ਹਕੂਮਤਾਂ ਵੱਲੋਂ ਆਮ ਲੋਕਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਦਾ ਜਿਊਂਦਾ ਜਾਗਦਾ ਸਬੂਤ ਹੈ। ਪਿੰਡ ਦੇ ਸਮੂਹ ਕਿਸਾਨ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਕਈ ਦਹਾਕਿਆਂ ਤੋਂ ਇਨ੍ਹਾਂ ਜ਼ਮੀਨਾਂ ’ਤੇ ਕਾਬਜ਼ ਹਨ ਅਤੇ ਗਿਰਦਾਵਰੀਆਂ ਵੀ ਉਨ੍ਹਾਂ ਦੇ ਨਾਂ ਬੋਲਦੀਆਂ ਹਨ ਪਰ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਆੜ ਹੇਠ ਉਨ੍ਹਾਂ ਨੂੰ ਮਾਲਕੀ ਦੇ ਹੱਕ ਨਾ ਦੇ ਕੇ ਉਲਟਾ ਉਨ੍ਹਾਂ ਨੂੰ ਜ਼ਮੀਨਾਂ ਤੋਂ ਬੇਦਖ਼ਲ ਕਰ ਕੇ ਵੱਡੇ ਪੂੰਜੀਪਤੀਆਂ ਨੂੰ ਦੇਣਾ ਚਾਹੁੰਦੀਆਂ ਹਨ। ਇਹ ਸਿਰਫ਼ ਜਿਉਂਦ ਪਿੰਡ ਦਾ ਮਾਮਲਾ ਨਹੀਂ ਬਲਕਿ ਸਰਕਾਰ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਵੀ ਕਿਸਾਨਾਂ ਤੋਂ ਇਸੇ ਤਰਜ਼ ’ਤੇ ਜ਼ਮੀਨਾਂ ਖੋਹਣ ਦੀ ਇਹੀ ਰਣਨੀਤੀ ਲਾਗੂ ਕਰ ਰਹੀ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਰਿਸ਼ਤੇ ਅਤੇ ਨਫ਼ਾ-ਨੁਕਸਾਨ
18 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਛਪਿਆ ਗੁਰਦੀਪ ਢੁੱਡੀ ਦਾ ਲੇਖ ‘ਮਿਲ ਜਾਇਆ ਕਰ…’ ਪੜ੍ਹਿਆ। ਅੱਜ ਜਿਸ ਨੂੰ ਅਸੀਂ ਵਿਕਾਸ ਕਹਿੰਦੇ ਹਾਂ, ਉਹ ਅਸਲ ਵਿੱਚ ਰਿਸ਼ਤਿਆਂ ਦੀਆਂ ਪੀਡੀਆਂ ਗੰਢਾਂ ਨੂੰ ਖੇਰੂੰ-ਖੇਰੂੰ ਕਰਨ ਵੱਲ ਵਧਦੇ ਕਦਮ ਹਨ। ਕੋਈ ਸਮਾਂ ਸੀ ਜਦੋਂ ਲੋਕ ਰਿਸ਼ਤਿਆਂ ਖਾਤਿਰ ਆਪਣੇ ਨਫ਼ੇ-ਨੁਕਸਾਨ ਨੂੰ ਭੁੱਲ ਜਾਂਦੇ ਸਨ। ਉਹ ਜਾਣਦੇ ਸਨ ਤੇ ਕੇਵਲ ਇਹੀ ਜਾਣਦੇ ਸਨ ਕਿ ਕਿਹੜੇ ਰਿਸ਼ਤੇ ਲਈ ਉਨ੍ਹਾਂ ਦਾ ਕੀ ਫ਼ਰਜ਼ ਹੈ। ਉਦੋਂ ਰਿਸ਼ਤੇ ਇਮਾਨਦਾਰੀ ਨਾਲ ਨਿਭਾਏ ਜਾਂਦੇ ਸਨ, ਹੁਣ ਰਿਸ਼ਤਿਆਂ ’ਚ ਪਦਾਰਥਵਾਦ ਭਾਰੂ ਹੋ ਚੁੱਕਾ ਹੈ। ਕਈ ਵਾਰ ਤਾਂ ਇਨ੍ਹਾਂ ਮਜਬੂਰੀਆਂ ਅਧੀਨ ਪੁੱਤਰ ਆਪਣੇ ਮਾਂ-ਬਾਪ ਦੀ ਚਿਤਾ ਨੂੰ ਅਗਨੀ ਦੇਣ ਦੇ ਫਰਜ਼ ਤੋਂ ਵੀ ਵਾਂਝੇ ਰਹਿ ਜਾਂਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਮੋਹ-ਮੁਹੱਬਤ ਤੇ ਮਨੁੱਖਤਾ
17 ਜਨਵਰੀ ਨੂੰ ਰਾਜ ਕੌਰ ਕਮਾਲਪੁਰ ਦਾ ਮਿਡਲ ‘ਰੋਟੀ ਦੀ ਕੀਮਤ’ ਪੜ੍ਹਿਆ। ਰਚਨਾ ਵਿੱਚ ਜਿੱਥੇ ਸੱਸ-ਨੂੰਹ ਦਾ ਮੋਹ ਦੇਖਿਆ ਜਾ ਸਕਦਾ ਹੈ, ਉੱਥੇ ‘ਮਨੁੱਖਤਾ’ ਦੇ ਝਲਕਾਰੇ ਵੀ ਪੈਂਦੇ ਹਨ। ਇਹ ਰਚਨਾ ਮੋਹ, ਭਾਵਨਾ, ਮਜਬੂਰੀ ਅਤੇ ਮਾਨਵਤਾ ਦਾ ਪ੍ਰਤੱਖ ਉਦਾਹਰਨ ਹੈ।
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ (ਹਰਿਆਣਾ)
(2)
17 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਰਾਜ ਕੌਰ ਕਮਾਲਪੁਰ ਨੇ ਆਪਣੇ ਲੇਖ ‘ਰੋਟੀ ਦੀ ਕੀਮਤ’ ਵਿੱਚ ਰਿਕਸ਼ਾ ਚਾਲਕ ਦੀ ਭੁੱਖ ਅਤੇ ਬੇਵਸੀ ਦਾ ਅਜਿਹਾ ਚਿਤਰਨ ਕੀਤਾ ਕਿ ਮਨ ਕਰੁਣਾ ਨਾਲ ਭਰ ਗਿਆ। ਠੀਕ ਹੈ ਕਿ ਮਾਪਿਆਂ ਵੱਲੋਂ ਬੱਚਿਆਂ ਨੂੰ ਮੋਹ ਅਤੇ ਪਿਆਰ ਨਾਲ ਪਕਾ ਕੇ ਦਿੱਤੇ ਪਕਵਾਨ ਬੱਚਿਆਂ ਦੇ ਨੱਕ ਥੱਲੇ ਨਹੀਂ ਆਉਂਦੇ ਪਰ ਸਮੇਂ ਅਤੇ ਹਾਲਾਤ ਬਦਲਣ ਨਾਲ ਉਹੀ ਬੱਚੇ ਵਿਦੇਸ਼ੀ ਧਰਤੀ ’ਤੇ ਮਾਵਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਨੂੰ ਹਉਕਿਆਂ ਅਤੇ ਹਾਵਾਂ ਨਾਲ ਯਾਦ ਕਰਦੇ ਹਨ। ਇਹ ਮਾਪਿਆਂ ਦੇ ਮੋਹ ਦੀ ਤੰਦ ਹੀ ਹੁੰਦੀ ਹੈ ਜੋ ਉਨ੍ਹਾਂ ਨੂੰ ਗਾਹੇ-ਬਗਾਹੇ ਬੱਚਿਆਂ ਪਾਸੋਂ ਰੋਟੀ-ਟੁੱਕ ਖਾਧੇ ਹੋਣ ਬਾਰੇ ਪੁੱਛਣ ਦੀ ਖਿੱਚ ਪਾਉਂਦੀ ਹੈ। ਵਾਕਿਆ ਹੀ, ਅੰਨ ਅਤੇ ਰੋਟੀ ਦੀ ਕੀਮਤ ਦਾ ਅਹਿਸਾਸ ਭੁੱਖ ਦਾ ਸਾਹਮਣਾ ਕਰ ਕੇ ਹੀ ਹੁੰਦਾ ਹੈ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
ਉਸਾਰੀ ਕਾਮਿਆਂ ਦੇ ਹਾਲਾਤ
13 ਜਨਵਰੀ ਦੇ ਸੰਪਾਦਕੀ ‘ਕਾਮਿਆਂ ਦੀ ਸੁਰੱਖਿਆ’ ਵਿੱਚ ਉਸਾਰੀ ਕਾਮੇ ਅਤੇ ਗ਼ੈਰ-ਸੰਗਠਿਤ ਕਾਮਿਆਂ ਨੂੰ ਦਰਪੇਸ਼ ਸਮੱਸਿਆਵਾਂ ਉਭਾਰੀਆਂ ਹਨ। ਉਸਾਰੀ ਕਾਮੇ ਰਾਸ਼ਟਰ ਨਿਰਮਾਤਾ ਹਨ ਪਰ ਇਨ੍ਹਾਂ ਦੇ ਹਾਲਾਤ ਚਿੰਤਾਜਨਕ ਹਨ। ਇਨ੍ਹਾਂ ਨੂੰ ਨਾ ਕੋਈ ਛੁੱਟੀ ਮਿਲਦੀ ਹੈ ਤੇ ਨਾ ਕੋਈ ਹੋਰ ਸਹੂਲਤ। ਇਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਸਾਰੀ ਕਾਮੇ ਭਲਾਈ ਬੋਰਡ ਨੂੰ ਇਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ।
ਤਰਸੇਮ ਸਹਿਗਲ, ਪਿੰਡ ਮਹੈਣ (ਆਨੰਦਪੁਰ ਸਾਹਿਬ)
ਕਿਸਾਨ ਏਕਤਾ
11 ਜਨਵਰੀ ਨੂੰ ਸੰਪਾਦਕੀ ਪੰਨੇ ’ਤੇ ਡਾ. ਮੇਹਰ ਮਾਣਕ ਦਾ ਲੇਖ ‘ਸੱਤਾ, ਸਮਾਜ ਅਤੇ ਕਿਸਾਨ ਅੰਦੋਲਨ’ ਪੜ੍ਹਿਆ। ਇਸ ਸਮੇਂ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਕਿਸਾਨ ਵੀਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਏਕਾ ਕਰਨ ਦੀ ਲੋੜ ਹੈ। 10 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਦਰਸ਼ਨ ਸਿੰਘ ਦੀ ਰਚਨਾ ‘ਕੋਈ ਆਏਗਾ ਤਾਂ’ ਲੋਪ ਹੋ ਗਏ ਪਾਕ-ਪਵਿੱਤਰ ਰਿਸ਼ਤਿਆਂ ਦੀ ਕਹਾਣੀ ਬਿਆਨ ਕਰਦੀ ਹੈ। ਅੱਜ ਤੋਂ ਅੱਧੀ ਸਦੀ ਪਹਿਲਾਂ ਵਾਲੇ ਲੋਕ ਆਪਣੇ ਘਰ ਆਏ ਰਿਸ਼ਤੇਦਾਰਾਂ ਦੀ ਖ਼ਾਤਿਰਦਾਰੀ ਕਰਦੇ ਸੀ, ਉਨ੍ਹਾਂ ਦੇ ਹਿਰਦਿਆਂ ਵਿੱਚ ਵੀ ਸਚਾਈ ਅਤੇ ਆਪਣਾਪਨ ਸੀ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ