ਪਾਠਕਾਂ ਦੇ ਖ਼ਤ
ਸਵਾਰਥ ਨੂੰ ਪਹਿਲ ਵਾਲੀ ਸਿਆਸਤ
22 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਛਪੇ ਲੇਖ ਵਿੱਚ ਅਭੈ ਸਿੰਘ ਨੇ ਰਾਜਨੀਤੀ ਵਿੱਚੋਂ ਲੁਪਤ ਹੋ ਰਹੀ ਨੀਤੀ ਬਾਰੇ ਦੱਸਿਆ ਹੈ। ਸਚਮੁੱਚ ਨੀਤੀ ਲੁਪਤ ਹੀ ਨਹੀਂ ਹੋ ਰਹੀ ਬਲਕਿ ਬਹੁਤ ਸਾਰੇ ਮੈਂਬਰ ਦਲ ਬਦਲੀ ਰਾਹੀਂ ਪੂਰੀ ਉਲਟ ਨੀਤੀ ਵਾਲੀ ਪਾਰਟੀ ਵਿੱਚ ਜਾ ਰਹੇ ਹਨ; ਭਾਵ, ਨੀਤੀ ਦੀ ਬਜਾਇ ਸਵਾਰਥ ਨੂੰ ਪਹਿਲ ਦਿੱਤੀ ਜਾ ਰਹੀ ਹੈ। ਰੀਟਾ ਬਹੁਗੁਣਾ, ਜਯੋਤਿਰਦਿਤਿਆ ਸਿੰਧੀਆ, ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ, ਰਵਨੀਤ ਬਿੱਟੂ, ਕੇਵਲ ਢਿੱਲੋਂ, ਸੁਨੀਲ ਜਾਖੜ ਆਦਿ ਅਨੇਕ ਲੀਡਰ ਹਨ ਜੋ ਦਲ ਦਬਲੀ ਕਰ ਗਏ। ਇਸੇ ਤਰ੍ਹਾਂ ਕਈ ਅਕਾਲੀ ਲੀਡਰਾਂ ਨੇ ਬਾਦਲ ਅਕਾਲੀ ਦਲ ਨੂੰ ਨੀਤੀ ਦੇ ਆਧਾਰ ’ਤੇ ਨਹੀਂ ਸੀ ਛੱਡਿਆ। ਜਗਮੀਤ ਬਰਾੜ ਕਾਂਗਰਸ ਛੱਡ ਕੇ ਉਸ ਦਲ ’ਚ ਆਇਆ ਜਿਸ ਖ਼ਿਲਾਫ਼ ਸਾਰੀ ਉਮਰ ਲੜਦਾ ਰਿਹਾ। ਮਤਲਬ ਸਵਾਰਥ ਹੀ ਸਭ ਕੁਝ ਹੈ। 18 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਨੇ ਆਪਣੇ ਲੇਖ ‘ਸਕੂਲੀ ਸਿੱਖਿਆ ਦੀ ਤੰਦ-ਤਾਣੀ’ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਸੋਕਾ ਪੈਣ ਅਤੇ ਸਿੱਖਿਆ ਦੀ ਬਦਹਾਲੀ ਲਈ ਸਰਕਾਰਾਂ ਅਤੇ ਅਧਿਆਪਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ ਲੇਕਿਨ ਇਸ ਤੋਂ ਵੀ ਵੱਧ ਜ਼ਿੰਮੇਵਾਰ ਮਾਪੇ ਅਤੇ ਵਿਦਿਆਰਥੀ ਹਨ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਟਰੰਪ ਦਾ ਨਵਾਂ ਕਾਰਜਕਾਲ
22 ਜਨਵਰੀ ਦਾ ਸੰਪਾਦਕੀ ‘ਬੇਲਗਾਮ ਟਰੰਪ’ ਪੜ੍ਹ ਕੇ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਹਨ। ਟਰੰਪ ਆਪਣੇ ਨਵੇਂ ਕਾਰਜਕਾਲ ਨੂੰ ਸੁਨਹਿਰੀ ਯੁੱਗ ਗਰਦਾਨਦਾ ਹੈ ਜਿਹੜਾ ਸੰਪਾਦਕੀ ਅਨੁਸਾਰ, ਭਾਰਤ ਵਿੱਚ ਚੱਲ ਰਹੇ ਅੰਮ੍ਰਿਤ ਕਾਲ ਨਾਲ ਮੇਲ ਖਾਂਦਾ ਹੈ। ਬੁਝਾਰਤ ਤਾਂ ਇਹ ਨਹੀਂ ਬੁੱਝੀ ਜਾ ਰਹੀ ਕਿ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸੱਦਾ ਨਹੀਂ ਦਿੱਤਾ ਜਦੋਂ ਕਿ ਅਣਬਣ ਵਾਲੇ ਚੀਨ ਦੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਹੈ। ਜਲਵਾਯੂ ਸਮਝੌਤੇ ਵਿੱਚੋਂ ਅਮਰੀਕਾ ਨੂੰ ਬਾਹਰ ਕਰਨ ਦਾ ਭਾਵ ਹੈ- ਦੁਨੀਆ ਖੂਹ ’ਚ ਜਾਏ, ਅਮਰੀਕਾ ਦੀ ਤੂਤੀ ਬੋਲਣੀ ਚਾਹੀਦੀ ਹੈ। ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ਼ ਕਰਨਾ ਸਿੱਧ ਕਰਦਾ ਹੈ ਕਿ ਕਾਨੂੰਨ ਇਨਸਾਫ਼ ਪਸੰਦ ਨਹੀਂ ਸਗੋਂ ਰਾਜਨੀਤਕ ਹੈ। ਲੋਕ ਅਕਸਰ ਅਮਰੀਕਾ ਵਿੱਚ ਕਾਨੂੰਨ ਦੇ ਰਾਜ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ, ਫਿਰ ਇੱਕ ਕਰੋੜ ਤੋਂ ਵੱਧ ਗ਼ੈਰ-ਕਾਨੂੰਨੀ ਲੋਕ ਕਿਵੇਂ ਅਮਰੀਕਾ ਵਿੱਚ ਆ ਵੜੇ? ਹੁਣ ਅਮਰੀਕਾ ਨੂੰ ਬਰਿਕਸ ਤੋਂ ਖ਼ਤਰਾ ਮਹਿਸੂਸ ਹੋ ਰਿਹਾ ਲੱਗਦਾ ਹੈ। ਸੋਵੀਅਤ ਸੰਘ ਟੁੱਟਣ ਪਿੱਛੋਂ ਵਾਰਸਾ ਧੜਾ ਖ਼ਤਮ ਹੋ ਗਿਆ ਅਤੇ ਦੁਨੀਆ ਇੱਕ ਧਰੁਵੀ ਬਣ ਗਈ। ਹੁਣ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫ਼ਰੀਕਾ ਅਤੇ ਹੋਰ ਦੇਸ਼ਾਂ ਦਾ ਸਮੂਹ ਬਣਨ ਕਾਰਨ ਦੁਨੀਆ ਬਹੁ-ਧਰੁਵੀ ਬਣ ਰਹੀ ਹੈ ਜਿਸ ਵਿੱਚ ਪ੍ਰਮੁੱਖ ਸਥਾਨ ਰੂਸ ਦੀ ਬਜਾਇ ਚੀਨ ਦਾ ਹੈ। ਬਿਨਾਂ ਸ਼ੱਕ, ਟਰੰਪ ਦਾ ਇਹ ਦੂਜਾ ਕਾਰਜਕਾਲ ਧਮਾਕਾਖੇਜ਼ ਹੋਵੇਗਾ; ਦੇਖਾਂਗੇ ਕਿ ਕੈਨੇਡਾ ਅਮਰੀਕਾ ਦਾ ਸੂਬਾ ਬਣਦਾ ਹੈ? ਪਨਾਮਾ ਉੱਤੇ ਅਮਰੀਕੀ ਕਬਜ਼ਾ ਹੁੰਦਾ ਹੈ? ਗਰੀਨਲੈਂਡ ਨੂੰ ਵੀ ਟਰੰਪ ਆਪਣੇ ਅਧੀਨ ਕਰਦਾ ਹੈ? ਸਭ ਤੋਂ ਅਹਿਮ, ਕੀ ਟਰੰਪ ਰੂਸ-ਯੂਕਰੇਨ ਯੁੱਧ ਸਮਾਪਤ ਕਰਵਾ ਸਕੇਗਾ?
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
‘ਐਮਰਜੈਂਸੀ’ ਦਾ ਟੀਚਾ
20 ਜਨਵਰੀ ਨੂੰ ਜਯੋਤੀ ਮਲਹੋਤਰਾ ਨੇ ਆਪਣੇ ਲੇਖ ‘ਪੰਜਾਬ ’ਚ ਐਮਰਜੈਂਸੀ’ ਦੇ ਵਿਰੋਧ ਦੀਆਂ ਪਰਤਾਂ’ ਵਿੱਚ ਸੂਬੇ ਦੇ ਸਨਾਤਨ ਸੁਭਾਅ ਨੂੰ ਝੰਜੋੜਿਆ ਹੈ ਕਿ ‘ਇੱਕ ਵਾਰ ਜੋ ਨਜ਼ਰ ’ਚੋਂ ਡਿੱਗ ਗਿਆ, ਮੁੜ ਕੇ ਉੱਚਾ ਉੱਠ ਨਹੀਂ ਸਕਿਆ।’ ‘ਐਮਰਜੈਂਸੀ’ ਸੋਚ ਸਮਝ ਕੇ ਟੀਚੇ ਸਰ ਕਰਨ ਲਈ ਬਣਾਈ ਗਈ ਹੈ ਅਤੇ ਐਕਟਰ ਡਾਇਰੈਕਟਰ ਕੰਗਨਾ ਰਣੌਤ ਹਾਕਮ ਧਿਰ ਦੀ ਝੰਡਾਬਰਦਾਰ ਹੈ। ਸਵੈਮ ਸੋਚੋ: ਸਿੱਖੀ ਦੇ ਸਦੀਆਂ ਪੁਰਾਣੇ ਸਿਦਕ, ਸ਼ਾਨਾਂਮੱਤੇ ਇਤਿਹਾਸ ਨੂੰ ਕੋਈ ਝੁਠਲਾ ਸਕਦਾ ਹੈ? ਦੇਸ਼ ਦੇ ਅੰਦਰ ਵੀ ਤੇ ਬਾਹਰ ਵੀ ਸਾਡੀ ਸੋਚ ਸਵੈਮ ਉੱਭਰੇਗੀ ਅਤੇ ਕੰਗਨਾ ਰਣੌਤ ਵੀ ਸਾਧਵੀ ਪ੍ਰਗਿਆ ਠਾਕੁਰ, ਮੀਨਾਕਸ਼ੀ ਲੇਖੀ, ਸ੍ਰਿਮਤੀ ਇਰਾਨੀ ਵਾਲਾ ਸਿਆਸੀ ਹਸ਼ਰ ਹੰਢਾਏਗੀ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਸਕੂਲ ਸਿੱਖਿਆ ਦੀ ਤਾਣੀ
18 ਜਨਵਰੀ ਨੂੰ ਸੁੱਚਾ ਸਿੰਘ ਖੱਟੜਾ ਦਾ ਲੇਖ ‘ਸਕੂਲੀ ਸਿੱਖਿਆ ਦੀ ਤੰਦ-ਤਾਣੀ’ ਪੜ੍ਹ ਕੇ ਤਸੱਲੀ ਹੋਈ ਕਿ ਸਿੱਖਿਆ ਵਿਭਾਗ ਵਿੱਚ ਲੰਮੇ ਸਮੇਂ ਤੱਕ ਸ਼ਿੱਦਤ ਨਾਲ ਆਪਣੇ ਫਰਜ਼ ਨਿਭਾਅ ਕੇ ਰਿਟਾਇਰਡ ਹੋਏ ਸਾਥੀ ਖੱਟੜਾ ਅੱਜ ਵੀ ਸਿੱਖਿਆ ਢਾਂਚੇ ਬਾਰੇ ਫ਼ਿਕਰਮੰਦ ਹਨ। ਲੇਖਕ ਨੇ ਜਿੱਥੇ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ, ਉੱਥੇ ਸਿੱਖਿਆ ਪ੍ਰਤੀ ਸੁਹਿਰਦਤਾ ਨਾਲ ਡਿਊਟੀ ਨਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਵੀ ਸਿੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਵਚਨਬੱਧਤਾ ਨੂੰ ਪੂਰੀ ਸੰਜੀਦਗੀ ਨਾਲ ਨਿਭਾਉਣ ਲਈ ਕਿਹਾ ਹੈ। ਸੱਚ ਤਾਂ ਇਹ ਹੈ ਕਿ ਸਿੱਖਿਆ ਅਤੇ ਸਿਹਤ ਜਿਹੇ ਵਿਭਾਗ ਕੇਵਲ ਸਰਕਾਰੀ ਹੱਥਾਂ ਵਿੱਚ ਹੀ ਹੋਣੇ ਚਾਹੀਦੇ ਹਨ। ਜਦੋਂ ਤੋਂ ਸਰਕਾਰਾਂ ਨੇ ਸਿੱਖਿਆ ਖੇਤਰ ਤੋਂ ਆਪਣਾ ਹੱਥ ਪਿਛਾਂਹ ਖਿੱਚਿਆ ਹੈ, ਨਿੱਜੀਕਰਨ ਨੂੰ ਅੱਗੇ ਤੋਂ ਅੱਗੇ ਵਧਣ ਦਾ ਮੌਕਾ ਮਿਲਦਾ ਰਿਹਾ ਹੈ। ਹੁਣ ਜਦੋਂ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਦਿੱਤਾ ਗਿਆ ਹੈ, ਤਦ ਵੀ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੀ ਹਾਲਤ ਸੰਤੋਖਜਨਕ ਨਹੀਂ ਹੋ ਸਕੀ। ਬਿਨਾਂ ਸ਼ੱਕ, ਹੁਣ ਅਧਿਆਪਕਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਬਣਦੀ ਹੈ। ਇਸ ਤੋਂ ਇਲਾਵਾ ਸੱਤਾਧਾਰੀ ਰਾਜਸੀ ਪਾਰਟੀ ਦੇ ਕਾਰਕੁਨ ਸਮੇਂ-ਸਮੇਂ ਸਕੂਲੀ ਪ੍ਰਬੰਧ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰ ਕੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਲਈ ਸੰਕਟ ਖੜ੍ਹੇ ਕਰ ਰਹੇ ਹਨ। ਵੱਖ-ਵੱਖ ਸਕੂਲਾਂ ਵਿੱਚ ਖਾਲੀ ਪਈਆਂ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਦੀਆਂ ਆਸਾਮੀਆਂ ਸਿੱਖਿਆ ਨੂੰ ਪੈਰਾਂ ਸਿਰ ਨਹੀਂ ਹੋਣ ਦੇ ਰਹੀਆਂ। ਸਮਾਜ ਸੇਵੀ ਸੰਸਥਾਵਾਂ, ਪਿੰਡਾਂ ਤੇ ਸ਼ਹਿਰਾਂ ਦੇ ਪਤਵੰਤਿਆਂ, ਸਿੱਖਿਆ ਸ਼ਾਸਤਰੀਆਂ, ਸਮਾਜ ਵਿਗਿਆਨੀਆਂ ਨੂੰ ਸਾਂਝੇ ਉੱਦਮ ਕਰ ਕੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ
ਕਰਜ਼ੇ ਦਾ ਜਾਲ
15 ਜਨਵਰੀ ਨੂੰ ਪਹਿਲੇ ਪੰਨੇ ਉੱਤੇ ਖ਼ਬਰ ਪੜ੍ਹੀ: ‘ਕਰਜ਼ੇ ਦਾ ਜਾਲ: ਮੋਇਆਂ ਨੂੰ ਚੈਨ ਨਾ ਆਵੇ…!’ ਪਿਛਲੇ ਦਿਨੀਂ ਅਖ਼ਬਾਰ ਵਿੱਚ ਇਹ ਖ਼ਬਰ ਵੀ ਲੱਗੀ ਸੀ ਕਿ ਕਰਜ਼ੇ ਕਾਰਨ ਕੋਆਪਰੇਟਿਵ ਬੈਂਕ ਅਤੇ ਖੇਤੀਬਾੜੀ ਵਿਕਾਸ ਬੈਂਕ ਦੀ ਹਾਲਤ ਮਾੜੀ ਹੋ ਗਈ ਹੈ ਜਿਸ ਲਈ ਸਰਕਾਰ ਵੀ ਜ਼ਿੰਮੇਵਾਰ ਹੈ। ਨਵਾਂ ਕਰਜ਼ਾ ਮਿਲ ਨਹੀਂ ਰਿਹਾ ਅਤੇ ਪੁਰਾਣਾ ਵਾਪਸ ਨਹੀਂ ਹੋ ਰਿਹਾ। ਇਹ ਵੀ ਠੀਕ ਹੈ ਕਿ ਰਸੂਖ਼ਵਾਨਾਂ ਵੱਲ ਵੀ 366.96 ਕਰੋੜ ਰੁਪਏ ਬਕਾਇਆ ਖੜ੍ਹਾ ਹੈ।
ਗੋਵਿੰਦਰ ਜੱਸਲ, ਸੰਗਰੂਰ
ਟਰੰਪ ਦੀ ਆਮਦ
15 ਜਨਵਰੀ ਨੂੰ ਮਨਦੀਪ ਦਾ ਲੇਖ ‘ਟਰੰਪ ਦੀ ਆਮਦ ’ਤੇ ਵਿਸ਼ਵਵਿਆਪੀ ਅਸਰ’ ਪੜ੍ਹਿਆ। ਲੇਖਕ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਕਈ ਪੱਖਾਂ ਤੋਂ ਚਰਚਾ ਕੀਤੀ ਹੈ। ਵਾਕਈ, ਟਰੰਪ ਦੀਆਂ ਨੀਤੀਆਂ ਸੰਸਾਰ ਨੂੰ ਮਾੜੇ ਰੁਖ਼ ਪ੍ਰਭਾਵਿਤ ਕਰਨ ਵਾਲੀਆਂ ਹਨ। ਇਸ ਦਾ ਖਮਿਆਜ਼ਾ ਸੰਸਾਰ ਭਰ ਦੇ ਲੋਕਾਂ ਨੂੰ ਭੁਗਤਣਾ ਪਵੇਗਾ। ਅਜੇ ਕਿਸੇ ਨੂੰ ਖ਼ਬਰ ਹੀ ਨਹੀਂ ਕਿ ਇਹ ਸ਼ਖ਼ਸ ਸਮੁੱਚੇ ਸੰਸਾਰ ਨੂੰ ਕਿਸ ਪਾਸੇ ਲਿਜਾਏਗਾ।
ਰੇਸ਼ਮ ਸਿੰਘ, ਹੁਸ਼ਿਆਰਪੁਰ
ਪ੍ਰੇਰਨਾਦਾਇਕ ਹੱਡਬੀਤੀ
9 ਜਨਵਰੀ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਛਿੰਝ ਦੀ ਕਮਾਈ’ ਪੜ੍ਹਿਆ। ਇਹ ਲੇਖ ਜਿੱਥੇ ਭਾਵੁਕ ਕਰਨ ਵਾਲਾ ਸੀ, ਉੱਥੇ ਸੰਘਰਸ਼ਸ਼ੀਲ ਬਾਲਕ ਦੀ ਪ੍ਰੇਰਨਾਦਾਇਕ ਤੇ ਉਤਸ਼ਾਹ ਵਧਾਊ ਹੱਡਬੀਤੀ ਹੈ।
ਸੁਖਜਿੰਦਰ ਸਿੰਘ ਸਿੱਧੂ, ਈਮੇਲ