For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

12:36 AM Jun 15, 2023 IST
ਪਾਠਕਾਂ ਦੇ ਖ਼ਤ
Advertisement

ਅਧਿਆਤਮਕ ਸਨਅਤ

Advertisement

10 ਜੂਨ ਦੇ ਨਜ਼ਰੀਆ ਪੰਨੇ ‘ਤੇ ਅਵਿਜੀਤ ਪਾਠਕ ਦਾ ਲੇਖ ‘ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ’ ਪੜ੍ਹਿਆ। ਅਧਿਆਤਮ ਦਾ ਵਿਕਾਸ ਹਰ ਮਨੁੱਖੀ ਸਭਿਅਤਾ ਦੇ ਵਿਕਾਸ ਦੇ ਨਾਲ ਨਾਲ ਹੀ ਹੋਇਆ। ਪ੍ਰਾਚੀਨ ਭਾਰਤ ਦੇ ਆਸ਼ਰਮ, ਮੱਧਕਾਲ ਦੇ ਡੇਰਿਆਂ ਅਤੇ ਅਜੋਕੇ ਭਾਰਤ ਦੀ ਸੁਪਰ ਮਾਰਕਿਟ ਵਿਚ ਕੋਈ ਬੁਨਿਆਦੀ ਅੰਤਰ ਨਹੀਂ ਹੈ। ਮੱਧਕਾਲ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਖਿੱਤੇ ਵਿਚ ਧਾਰਮਿਕਤਾ ਦੇ ਅਡੰਬਰ ਅਤੇ ਪੁਜਾਰੀਪੁਣੇ ਨੂੰ ਸਿਰਫ਼ ਦੋ ਸ਼ਬਦਾਂ ਨਾਲ ਹੀ ਵੰਗਾਰ ਦਿੱਤਾ ਸੀ-‘ਛੋਡੀਲੇ ਪਾਖੰਡ’। ਦੂਸਰੇ ਖਿੱਤਿਆਂ ਵਿਚ ਵਿਗਿਆਨਕ ਸੋਚ ਦੇ ਉਭਾਰ ਨੇ ਬਹੁਤ ਪਹਿਲਾਂ ਧਰਮ ਦੀ ਮੰਡੀ ਤੇ ਜਨਤਕ ਵੰਗਾਰ ਦੀ ਲਗਾਮ ਕਸ ਦਿੱਤੀ। ਮੰਦਰਾਂ, ਗੁਰਦੁਆਰਿਆਂ, ਮੱਠਾਂ, ਡੇਰਿਆਂ ਕੋਲ ਅਥਾਹ ਦੌਲਤ ਦਾ ਇਕੱਠਾ ਹੋਣਾ ਤਾਂ ਇਹੋ ਦੱਸਦਾ ਹੈ ਕਿ ਧਾਰਮਿਕਤਾ ਨੂੰ ਵਪਾਰ ਬਣਾਇਆ ਗਿਆ ਹੈ/ਸੀ। ਅੱਜ ਦੇ ਯੁੱਗ ਵਿਚ ਤਾਂ ਸੁਪਰ ਮਾਰਕਿਟ ਹੀ ਖੋਲ੍ਹ ਸਕਦੇ ਹਨ ਅਤੇ ਇਸ ਵਿਚ ‘ਗੁਰੂ’ ਕਾਮਯਾਬ ਹਨ। ਅਧਿਆਤਮ ਅਤੇ ਪਦਾਰਥ ਦਾ ਸੁਮੇਲ ਕਰਨਾ ਕੀੜੀ ਦੇ ਸੁਰਖ਼ੀ ਲਾਉਣ ਬਰਾਬਰ ਹੈ। ਅਧਿਆਤਮ ਦੀ ਸਿਆਸਤ ਇਹੋ ਕਰ ਰਹੀ ਹੈ।
ਜਗਰੂਪ ਸਿੰਘ, ਲੁਧਿਆਣਾ

Advertisement


ਕੋਹਿਨੂਰ ਦਾ ਮਾਲਕ ਕੌਣ

ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਦਾ ਬਿਆਨ ਆਇਆ ਹੈ ਕਿ ਭਾਰਤ ਸਰਕਾਰ ਕੋਹਿਨੂਰ ਹੀਰਾ ਇੰਗਲੈਂਡ ਤੋਂ ਵਾਪਸ ਲਿਆਉਣ ਦੀ ਕਾਰਵਾਈ ਚੱਲ ਰਹੀ ਹੈ। ਕੋਹਿਨੂਰ ਕਿਸੇ ਜ਼ਮਾਨੇ ਇਰਾਨ ਵਿਚ ਰਿਹਾ, ਫਿਰ ਅਫਗਾਨਿਸਤਾਨ ਵਿਚ ਆਇਆ; ਨਾਦਰਸ਼ਾਹ ਅਤੇ ਅਹਿਮਦਸ਼ਾਹ ਮਾਲਕ ਰਹੇ। ਅਫਗਾਨ ਕਮਜ਼ੋਰ ਹੋਏ ਤਦ ਸ਼ਾਹ ਸ਼ੁਜਾਅ ਨੇ ਸਰਕਾਰ ਖ਼ਾਲਸਾ ਪਾਸੋਂ ਸ਼ਰਨ ਮੰਗੀ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਸ਼ਾਹ ਕੋਹਿਨੂਰ ਆਪਣੇ ਨਾਲ ਲਈ ਫਿਰਦਾ ਹੈ। ਖਾਲਸਈ ਅਸੂਲਾਂ ਅਨੁਸਾਰ ‘ਸ਼ਰਨ ਆਏ ਸੋ ਕੰਠ ਲਾਏ’ ਹੋਣਾ ਚਾਹੀਦਾ ਸੀ ਪਰ ਮਹਾਰਾਜੇ ਦੇ ਦਿਲ ਵਿਚ ਬੇਈਮਾਨੀ ਸੀ। ਉਸ ਦੇ ਜਾਸੂਸਾਂ ਨੇ ਦੱਸ ਦਿੱਤਾ ਕਿ ਸ਼ਾਹ ਕੋਹਿਨੂਰ ਨੂੰ ਦਸਤਾਰ ਵਿਚ ਲੁਕਾ ਕੇ ਰੱਖਦਾ ਹੈ। ਇਕ ਸਵੇਰ ਸੈਰ ਕਰਦਿਆਂ ਸ਼ਾਹ ਨੂੰ ਕਿਹਾ, ‘ਆਪਾਂ ਪੱਗਵਟ ਭਰਾ ਬਣੀਏ’ ਤੇ ਉਸ ਦੀ ਪੱਗ ਉਤਾਰ ਕੇ ਆਪਣੇ ਸਿਰ ਉਪਰ ਕੋਹਿਨੂਰ ਸਣੇ ਰੱਖ ਲਈ। ਇਤਿਹਾਸਕਾਰ ਵਿਲੀਅਮ ਡੇਲਰਿੰਪਲ ਤਾਂ ਲਿਖਦਾ ਹੈ, ਮਹਾਰਾਜੇ ਨੇ ਸ਼ਾਹ ਨੂੰ ਤਸੀਹੇ ਵੀ ਦਿੱਤੇ। ਜੋ ਵੀ ਹੈ, ਕੋਹਿਨੂਰ ਸ਼ਾਹ ਸ਼ੁਜਾਅ ਪਾਸੋਂ ਖੁੱਸ ਗਿਆ। ਉਮਰ ਦੇ ਅਖ਼ੀਰਲੇ ਦਿਨੀਂ ਮਹਾਰਾਜੇ ਨੇ ਕੋਹਿਨੂਰ ਜਗਨਨਾਥ ਪੁਰੀ ਦੇ ਮੰਦਰ ਨੂੰ ਦਾਨ ਕਰਨਾ ਚਾਹਿਆ ਜੋ ਧਿਆਨ ਸਿੰਘ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਤੁਸੀਂ ਖੜਕ ਸਿੰਘ ਨੂੰ ਰਾਜਸੱਤਾ ਸੌਂਪ ਚੁੱਕੇ ਹੋ ਮਹਾਰਾਜ, ਕੋਹਿਨੂਰ ਦੇ ਮਾਲਕ ਤੁਸੀਂ ਨਹੀਂ ਰਹੇ। ਆਖ਼ਰ ਦਲੀਪ ਸਿੰਘ ਸਣੇ ਹੀਰਾ ਲਾਹੌਰ ਤੋਂ ਇੰਗਲੈਂਡ ਪੁੱਜ ਗਿਆ। ਭਾਰਤ ਦਾ ਇਸ ਹੀਰੇ ਉੱਤੇ ਕਿਵੇਂ ਹੱਕ ਹੈ? ਪਾਕਿਸਤਾਨ ਦਾਅਵਾ ਕਰ ਰਿਹਾ ਹੈ ਕਿ ਹੀਰਾ ਉਸ ਪੰਜਾਬ ਦਾ ਹੈ ਜਿਹੜਾ ਹੁਣ ਪਾਕਿਸਤਾਨ ਵਿਚ ਹੈ। ਹੀਰਾ ਲਾਹੌਰੋਂ ਗਿਆ ਸੀ, ਲਾਹੌਰ ਵਾਪਸ ਆਏ। ਪਾਠਕ ਆਪ ਫ਼ੈਸਲਾ ਕਰਨ, ਹੀਰੇ ਦਾ ਅਸਲ ਮਾਲਕ ਕੌਣ ਹੈ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ


ਖਿੱਚੋਤਾਣ

13 ਜੂਨ ਦੇ ਪਹਿਲੇ ਸਫ਼ੇ ਉੱਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਕਰਾਰ ਵਧਣ ਦੀ ਖ਼ਬਰ ਹੈ। ਇਹ ਖਿੱਚੋਤਾਣ ਕਿਤੇ ਪੰਜਾਬ ਦੀ ਜਨਤਾ ਲਈ ਮੁਸੀਬਤ ਸਹੇੜਨ ਵਾਲੀ ਗੱਲ ਤਾਂ ਨਹੀਂ? ਦੋਵੇਂ ਧਿਰਾਂ ਆਪੋ-ਆਪਣੇ ਪੈਂਤੜਿਆਂ ‘ਤੇ ਅੜੀਆਂ ਹੋਈਆਂ ਹਨ। ਇਕ ਪਾਸੇ ਰਾਜਪਾਲ ਮਾਨ ਸਰਕਾਰ ਨੂੰ ਸੰਵਿਧਾਨ ਵਿਰੋਧੀ ਦੱਸ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਚਿੱਠੀਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ ਜਦੋਂਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਰਾਜਪਾਲ ਦੀ ਭੇਜੀ ਗਈ ਕਿਸੇ ਵੀ ਚਿੱਠੀ ਦਾ ਜਵਾਬ ਦੇਣਾ ਮੁੱਖ ਮੰਤਰੀ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਰਾਜਪਾਲ ਉਨ੍ਹਾਂ ਦੀ ਸਰਕਾਰ ਵੱਲੋਂ ਲੋਕ ਹਿੱਤ ਵਿਚ ਕੀਤੇ ਫ਼ੈਸਲਿਆਂ ਨਾਲ ਸਹਿਮਤ ਨਹੀਂ। ‘ਆਪ’ ਸਰਕਾਰ ਦੀ ‘ਮੁਹੱਲਾ ਕਲੀਨਿਕ ਸਕੀਮ’ ਨੇ ਪਹਿਲਾਂ ਤੋਂ ਚੱਲਦੇ ਪ੍ਰਾਇਮਰੀ ਸਿਹਤ ਕੇਂਦਰਾਂ ਦਾ ਨਾਂ ਬਦਲਣ ‘ਤੇ ਵੀ ਕੇਂਦਰੀ ਸਿਹਤ ਮੰਤਰੀ ਇਤਰਾਜ਼ ਜਤਾ ਚੁੱਕੇ ਹਨ। ਕੇਂਦਰ ਵੱਲੋਂ ਦਿੱਤੇ ਜਾਣ ਵਾਲੇ ਫੰਡਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਦਿਹਾਤੀ ਖੇਤਰ ਵਿਕਾਸ ਫੰਡ ਅਤੇ ਜੀਐੱਸਟੀ ਦੀ ਬਣਦੀ ਰਕਮ ਵੀ ਕੇਂਦਰ ਨੇ ਰੋਕ ਲਈ ਹੈ। ਅਜਿਹਾ ਰੇੜਕਾ ਜਾਰੀ ਰਹਿਣ ‘ਤੇ ਆਉਣ ਵਾਲੇ ਦਿਨ ਜਨਤਾ ਲਈ ਸੁਖਾਲੇ ਨਹੀਂ। ਇਸ ਦੀ ਉਦਾਹਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਪੰਜਾਬ ਸਰਕਾਰ ਵੱਲੋਂ ਕੀਤਾ ਵਾਧਾ ਹੈ।
ਦਰਸ਼ਨ ਸਿੰਘ ਤਨੇਜਾ, ਖੂਈਖੇੜਾ


ਜਮਹੂਰੀ ਕਦਰਾਂ ਕੀਮਤਾਂ

12 ਜੂਨ ਦਾ ਸੰਪਾਦਕੀ ‘ਜੌਹਨਸਨ ਦਾ ਅਸਤੀਫਾ’ ਵਿਚ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਜੌਹਨਸਨ ਦੇ ਅਸਤੀਫੇ ਦਾ ਜ਼ਿਕਰ ਹੈ। ਉਸ ਨੇ ਆਪਣੇ ਉਪਰ ਇਲਜ਼ਾਮ ਲੱਗਣ ਬਾਅਦ ਅਸਤੀਫਾ ਦੇ ਦਿੱਤਾ ਤੇ ਇਲਜ਼ਾਮ ਸਾਬਤ ਹੋਣ ਤੋਂ ਬਾਅਦ ਸੰਸਦ ਦੀ ਮੈਂਬਰੀ ਤੋਂ ਵੀ ਪਾਸੇ ਹੋ ਗਿਆ। ਤੇ ਇਕ ਅਸੀਂ ਹਾਂhellip;ਅਸੀਂ ਜਮਹੂਰੀਅਤ ਦੀ ਕਿੰਨੀ ਵੀ ਦੁਹਾਈ ਪਾਈ ਜਾਈਏ ਪਰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਲਾਗੂ ਕਰਨ ਵਿਚ ਕੋਹਾਂ ਪਿੱਛੇ ਹਾਂ। ਸਾਡੇ ਸ਼ਾਸਕਾਂ ‘ਤੇ ਇਲਜ਼ਾਮ ਲੱਗਣ ‘ਤੇ ਅਹੁਦਾ ਛੱਡਣਾ ਤਾਂ ਦੂਰ ਦੀ ਗੱਲ, ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਨਹੀਂ ਹੁੰਦੀ। ਇਸ ਤੋਂ ਮਾੜੀ ਗੱਲ ਸ਼ਾਇਦ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਪਾਰਟੀਆਂ ਅਜਿਹੇ ਲੋਕਾਂ ਨੂੰ ਟਿਕਟਾਂ ਦਿੰਦੀਆਂ ਹਨ ਜਿਨ੍ਹਾਂ ‘ਤੇ ਸੰਗੀਨ ਮਾਮਲਿਆਂ ਵਿਚ ਕੇਸ ਦਰਜ ਹੁੰਦੇ ਹਨ। ਸਿਸਟਮ ਨੇ ਹੀ ਦੇਸ਼ ਦੇ ਲੋਕਾਂ ਦੀ ਜੀਵਨ ਸ਼ੈਲੀ ਤੈਅ ਕਰਨੀ ਹੁੰਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਲੋਕ ਆਪਣੀ ਨਾਗਰਿਕਤਾ ਧੜਾਧੜ ਬਦਲ ਰਹੇ ਹਨ। ਜਵਾਬਦੇਹੀ ਲੋਕਤੰਤਰ ਦੀ ਬੁਨਿਆਦ ਹੈ। ਆਮ ਇਨਸਾਨ ਤੋਂ ਲੈ ਕੇ ਸ਼ਾਸਕ ਤਕ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ, ਤਦ ਹੀ ਅਸੀਂ ਆਪਣੇ ਲੋਕਾਂ ਵਿਚ ਸਮਾਜਿਕ ਨਿਆਂ ਦੀ ਭਾਵਨਾ ਪੈਦਾ ਕਰ ਸਕਾਂਗੇ।
ਕੁਲਵਿੰਦਰ ਸਿੰਘ ਦੂਹੇਵਾਲਾ, ਸ੍ਰੀ ਮੁਕਤਸਰ ਸਾਹਿਬ

Advertisement
Advertisement