ਇਹ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ ਪਾਕਿਸਤਾਨ ਨਾਲੋਂ ਜ਼ਿਆਦਾ ਹੈ ਪਰ ਜਦੋਂ ਅਸਦੂਦੀਨ ਓਵਾਇਸੀ ਜਿਹੇ ਭਾਰਤ ਦੇ ਕਿਸੇ ਮੋਹਰੀ ਮੁਸਲਿਮ ਸਿਆਸਤਦਾਨ ਵੱਲੋਂ ਇਸ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਇਹ ਤੱਥ ਹੋਰ ਜ਼ਿਆਦਾ ਅਹਿਮੀਅਤ ਅਖ਼ਤਿਆਰ ਕਰ ਲੈਂਦਾ ਹੈ ਅਤੇ ਪਾਕਿਸਤਾਨ ਨੂੰ ਕਸੂਤੀ ਜਗ੍ਹਾ ਚੋਟ ਲਾਉਂਦਾ ਹੈ। ਓਵਾਇਸੀ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ ਦੇ ਸਰਬਰਾਹ ਹਨ ਅਤੇ ਇਹ ਸਿਆਸੀ ਪਾਰਟੀ ਭਾਰਤ ਵਿੱਚ ਆਪਣੇ ਆਪ ਨੂੰ ਮੁਸਲਮਾਨਾਂ ਦੇ ਹੱਕਾਂ ਦੀ ਅਲੰਬਰਦਾਰ ਮੰਨਦੀ ਹੈ। ਬਹੁ-ਪਾਰਟੀ ਵਫ਼ਦ ਦੇ ਮੈਂਬਰ ਵਜੋਂ ਓਵਾਇਸੀ ਨੇ ਕੁਵੈਤ ਵਿੱਚ ਭਾਰਤੀ ਪਰਵਾਸੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗੁਆਂਢੀ ਦੇਸ਼ ਭਾਰਤੀ ਮੁਸਲਮਾਨਾਂ ਦਾ ਦਿਲ ਜਿੱਤਣ ਲਈ ਧਰਮ ਦਾ ਇਸਤੇਮਾਲ ਨਹੀਂ ਕਰ ਸਕਦਾ। ਉਨ੍ਹਾਂ ਮੁਸਲਿਮ ਭਾਈਚਾਰੇ ਦੀ ਭਾਰਤ ਨਾਲ ਵਫ਼ਾਦਾਰੀ ਬਾਰੇ ਮਜ਼ਬੂਤ ਸੰਦੇਸ਼ ਦਿੰਦਿਆਂ ਕਿਹਾ, “ਅਸੀਂ ਉਨ੍ਹਾਂ ਨਾਲੋਂ (ਆਪਣੇ ਦੇਸ਼ ਪ੍ਰਤੀ) ਜ਼ਿਆਦਾ ਸੁਹਿਰਦ ਹਾਂ।”ਓਵਾਇਸੀ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਸਰਕਾਰ ਦੀਆਂ ਮੁਸਲਮਾਨਾਂ ਪ੍ਰਤੀ ਨੀਤੀਆਂ ਦੇ ਕੱਟੜ ਆਲੋਚਕ ਰਹੇ ਹਨ ਅਤੇ ਉਹ ਅਕਸਰ ਸਿਆਸੀ ਤੇ ਫ਼ਿਰਕੂ ਲੀਹਾਂ ਤੋਂ ਉੱਪਰ ਉੱਠ ਕੇ ਰਾਸ਼ਟਰੀ ਹਿੱਤ ਲਈ ਸਟੈਂਡ ਲੈਂਦੇ ਰਹੇ ਹਨ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਪਾਕਿਸਤਾਨ ’ਤੇ ਤਿੱਖਾ ਹਮਲਾ ਕਰਦਿਆਂ ਓਵਾਇਸੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਵੱਲੋਂ ਫ਼ੌਜੀ ਅਪਰੇਸ਼ਨ ਦੀ ਨਕਲੀ ਤਸਵੀਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਭੇਟ ਕਰਨ ਬਦਲੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ, “ਉਹ ਭਾਰਤ ਦਾ ਮੁਕਾਬਲਾ ਕਰਨਾ ਚਾਹੁੰਦੇ ਹਨ, ਪਰ ਇਹ ਤਸਵੀਰ 2019 ਦੇ ਚੀਨੀ ਫ਼ੌਜੀ ਅਭਿਆਸ ਦੀ ਸੀ।” ਇਸ ਤੋਂ ਬਾਅਦ ਓਵਾਇਸੀ ਨੇ ਤਨਜ਼ ਕੱਸਿਆ- “ਨਕਲ ਕਰਨ ਲਈ ਵੀ ਅਕਲ ਦੀ ਲੋੜ ਪੈਂਦੀ ਹੈ।” ਉਸ ਦੇ ਸ਼ਬਦ, ਹੋਰ ਵੀ ਜ਼ਿਆਦਾ ਚੁੱਭਦੇ ਹਨ ਕਿਉਂਕਿ ਇਹ ਭਾਰਤੀ ਮੁਸਲਿਮ ਨੇਤਾ ਦੇ ਹਨ ਜੋ ਇਸਲਾਮਾਬਾਦ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ।ਇਹ ਸਿਰਫ਼ ਪਾਕਿਸਤਾਨ ਹੀ ਨਹੀਂ ਜਿਸ ਨੂੰ ਓਵਾਇਸੀ ਦੀਆਂ ਟਿੱਪਣੀਆਂ ਬਾਰੇ ਗਹਿਰਾਈ ਨਾਲ ਸੋਚਣਾ ਚਾਹੀਦਾ ਹੈ ਬਲਕਿ ਉਸ ਨੇ ਅਸਰਦਾਰ ਢੰਗ ਨਾਲ ਇਹ ਵਿਚਾਰ ਹਰ ਕਿਸੇ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਭਾਰਤ ਵਿੱਚ ਮੁਸਲਮਾਨ ਬਰਾਦਰੀ ਦੀ ਦੇਸ਼ਭਗਤੀ ਉੱਤੇ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਦਾਨਾ ਆਵਾਜ਼ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਤੇ ਸਮਰਥਕਾਂ ਨੂੰ ਮੁਸਲਮਾਨਾਂ ਨੂੰ ਬਦਨਾਮ ਕਰਨ ਜਾਂ ਸ਼ੱਕੀ ਨਿਗ੍ਹਾ ਨਾਲ ਦੇਖਣ ਤੋਂ ਰੋਕੇਗੀ ਤੇ ਅਤੇ ਜਦੋਂ ਦੇਸ਼ ਦੇ ਅੰਦਰੋਂ ਅਜਿਹੀ ਮਾੜੀ ਬਿਆਨਬਾਜ਼ੀ ਹੁੰਦੀ ਹੈ ਤਾਂ ਪਾਕਿਸਤਾਨ ਵਿੱਚ ਬੈਠੇ ਕੱਟੜਪੰਥੀ ਜ਼ਿਆਦਾ ਖੁਸ਼ ਹੁੰਦੇ ਹਨ। ਪਹਿਲਗਾਮ ਦਹਿਸ਼ਤੀ ਹਮਲਾ ਦੇਸ਼ ਵਿੱਚ ਫ਼ਿਰਕੂ ਤਣਾਅ ’ਚ ਵਾਧਾ ਕਰਨ ਦੀ ਕੋਸ਼ਿਸ਼ ਸੀ, ਪਰ ਵੱਖ-ਵੱਖ ਫ਼ਿਰਕਿਆਂ ਦੇ ਲੋਕ ਇਨ੍ਹਾਂ ਮੁਸ਼ਕਿਲ ਸਮਿਆਂ ’ਚ ਮਜ਼ਬੂਤੀ ਨਾਲ ਇਕਜੁੱਟ ਹੋ ਕੇ ਖੜ੍ਹੇ ਰਹੇ। ਏਕੇ ਦੀ ਇਹ ਭਾਵਨਾ ਸਭ ਔਖਿਆਈਆਂ ਵੇਲੇ ਬਣੀ ਰਹਿਣੀ ਚਾਹੀਦੀ ਹੈ।