ਪਾਕਿ ਨਾਲ ਸਿਰਫ਼ ਪੀਓਕੇ ਲੈਣ ਬਾਰੇ ਹੋਵੇਗੀ ਗੱਲਬਾਤ: ਅਭਿਸ਼ੇਕ
ਕੁਆਲਾਲੰਪੁਰ, 1 ਜੂਨ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਆਗੂ ਅਭਿਸ਼ੇਕ ਬੈਨਰਜੀ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਅਗਲੀ ਵਾਰਤਾ ਸਿਰਫ਼ ਮਕਬੂਜ਼ਾ ਕਸ਼ਮੀਰ (ਪੀਓਕੇ) ਲੈਣ ਬਾਰੇ ਹੋਣੀ ਚਾਹੀਦੀ ਹੈ। ਮਲੇਸ਼ੀਆ ਦੇ ਦੌਰੇ ’ਤੇ ਪੁੱਜੇ ਸਰਬ-ਪਾਰਟੀ ਵਫ਼ਦ ’ਚ ਸ਼ਾਮਲ ਬੈਨਰਜੀ ਨੇ ਇਥੇ ਪਰਵਾਸੀ ਭਾਤਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕਈ ਸਰਕਾਰਾਂ ਅਤੇ ਹੋਰ ਵੱਖ ਵੱਖ ਖੇਤਰਾਂ ’ਚ ਬਦਲਾਅ ਦੇ ਬਾਵਜੂਦ ਅਸੀਂ ਕਈ ਦਹਾਕਿਆਂ ਤੋਂ ਪਾਕਿਸਤਾਨ ਨਾਲ ਗੱਲਬਾਤ ਕਰ ਰਹੇ ਹਾਂ। ਪਰ ਫਿਰ ਵੀ ਪਾਕਿਸਤਾਨ ਨਾਲ ਟਕਰਾਅ ਲਗਾਤਾਰ ਜਾਰੀ ਹੈ।’’ ਜਨਤਾ ਦਲ (ਯੂ) ਆਗੂ ਸੰਜੇ ਕੁਮਾਰ ਝਾਅ ਦੀ ਅਗਵਾਈ ਹੇਠਲੇ ਵਫ਼ਦ ’ਚ ਸ਼ਾਮਲ ਬੈਨਰਜੀ ਨੇ ਕਿਹਾ, ‘‘ਪਹਿਲਗਾਮ ’ਚ 22 ਅਪਰੈਲ ਨੂੰ 26 ਵਿਅਕਤੀਆਂ ਦੀ ਹੱਤਿਆ ਮਗਰੋਂ ਮੈਂ ਚਾਹੁੰਦਾ ਹਾਂ ਕਿ ਹੁਕਮਰਾਨ ਧਿਰ ਹੁਣ ਪਾਕਿਸਤਾਨ ਨਾਲ ਸਿਰਫ਼ ਮਕਬੂਜ਼ਾ ਕਸ਼ਮੀਰ ਲੈਣ ਬਾਰੇ ਹੀ ਗੱਲਬਾਤ ਕਰੇ। ਨਹੀਂ ਤਾਂ ਇਹ ਦਹਿਸ਼ਤੀ ਹਮਲੇ ਜਾਰੀ ਰਹਿਣਗੇ।’’ ਪਰਵਾਸੀ ਭਾਰਤੀਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਵਫ਼ਦ ਨੇ ਭਾਰਤ ਦੇ ਅਤਿਵਾਦ ਖ਼ਿਲਾਫ਼ ਸਟੈਂਡ ਦੀ ਜਾਣਕਾਰੀ ਦਿੱਤੀ। ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਕਿਹਾ ਕਿ ਉਹ ਜਦੋਂ ਵੀ ਮੁਲਕ ਦਾ ਦੌਰਾ ਕਰਨ ਤਾਂ ਤਿੰਨ-ਚਾਰ ਦਿਨ ਕਸ਼ਮੀਰ ’ਚ ਜ਼ਰੂਰ ਬਿਤਾਉਣ। ਵਫ਼ਦ ਨੇ ਇੰਡੀਅਨ ਨੈਸ਼ਨਲ ਆਰਮੀ (ਆਈਐੱਨਏ) ਦਾ ਹਿੱਸਾ ਰਹੇ ਐੱਸਪੀ ਨਰਾਇਣਸਾਮੀ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜੋ ਆਈਐੱਨਏ ਦੀ ਬਾਲਕ ਸੈਨਾ ਦਾ ਹਿੱਸਾ ਸਨ। ਉਨ੍ਹਾਂ ਬ੍ਰਿਕਫੀਲਡਜ਼ ’ਚ ਇੰਡੀਅਨ ਕਲਚਰ ਸੈਂਟਰ ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਦਿੱਤੀ। -ਪੀਟੀਆਈ
ਬਰਤਾਨੀਆ ’ਚ ਭਾਰਤ ਦੇ ਅਤਿਵਾਦ ਪ੍ਰਤੀ ਰੁਖ ਨੂੰ ਡਟ ਕੇ ਪੇਸ਼ ਕਰਾਂਗੇ: ਪ੍ਰਸਾਦ
ਲੰਡਨ: ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਬਰਤਾਨੀਆ ’ਚ ਸਰਬ-ਪਾਰਟੀ ਵਫ਼ਦ ਵੱਲੋਂ ਭਾਰਤ ਦੇ ਅਤਿਵਾਦ ਖ਼ਿਲਾਫ਼ ਰੁਖ ਨੂੰ ਡਟ ਕੇ ਪੇਸ਼ ਕੀਤਾ ਜਾਵੇਗਾ। ਪ੍ਰਸਾਦ ਦੀ ਅਗਵਾਈ ਹੇਠਲੀ 9 ਮੈਂਬਰੀ ਟੀਮ ਸ਼ਨਿਚਰਵਾਰ ਨੂੰ ਇਥੇ ਪੁੱਜੀ ਹੈ। ਵਫ਼ਦ ਦਾ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਸਵਾਗਤ ਕੀਤਾ। ਵਫ਼ਦ ਵੱਲੋਂ ਹਾਊਸ ਆਫ਼ ਕਾਮਨਜ਼ ਦੀ ਸਪੀਕਰ ਲਿੰਡਸੇ ਹੋਯਲੇ ਅਤੇ ਵਿਦੇਸ਼, ਕਾਮਨਵੈਲਥ ਤੇ ਵਿਕਾਸ ਮਾਮਲਿਆਂ ਬਾਰੇ ਮੰਤਰੀ ਕੈਥਰੀਨ ਵੈਸਟ ਸਮੇਤ ਹੋਰ ਅਹਿਮ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। -ਪੀਟੀਆਈਸਪੇਨ ’ਚ ਵਫ਼ਦ ਦੇ ਆਗੂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਨਤਮਸਤਕ
ਮੈਡਰਿਡ: ਸਰਬ-ਪਾਰਟੀ ਵਫ਼ਦ ਨੇ ਅੱਜ ਇਥੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਆਪਣਾ ਸਪੇਨ ਦੌਰਾ ਸ਼ੁਰੂ ਕੀਤਾ। ਡੀਐੱਮਕੇ ਆਗੂ ਕਨੀਮੋੜੀ ਦੀ ਅਗਵਾਈ ਹੇਠਲੇ ਵਫ਼ਦ ਵੱਲੋਂ ਸਪੇਨ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਭਾਰਤ ਦੀ ਅਤਿਵਾਦ ਖ਼ਿਲਾਫ਼ ਨੀਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਧਰ ਅਲਜੀਰੀਆ ’ਚ ਭਾਜਪਾ ਆਗੂ ਬੈਜਯੰਤ ਪਾਂਡਾ ਦੀ ਅਗਵਾਈ ਹੇਠਲੇ ਵਫ਼ਦ ਨੇ ਅਤਿਵਾਦ ਨੂੰ ਆਲਮੀ ਚੁਣੌਤੀ ਕਰਾਰ ਦਿੱਤਾ ਅਤੇ ਕਿਹਾ ਕਿ ਮਾਨਵਤਾ ਨੂੰ ਉਸ ਖ਼ਿਲਾਫ਼ ਇਕਜੁੱਟ ਹੋ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਭਾਰਤੀ ਸਫ਼ਾਰਤਖਾਨੇ ਨੇ ਇਕ ਪੋਸਟ ’ਚ ਕਿਹਾ ਕਿ ਵਫ਼ਦ ਨੇ ਅਲਜੀਰੀਆ ਵੱਲੋਂ ਅਤਿਵਾਦ ਖ਼ਿਲਾਫ਼ ਆਲਮੀ ਜੰਗ ’ਚ ਸਾਥ ਦੇਣ ਦਾ ਵਚਨ ਦੇਣ ਦੀ ਸ਼ਲਾਘਾ ਕੀਤੀ। ਅਲਜੀਰੀਆ ਨੇ ਹਰ ਤਰ੍ਹਾਂ ਦੇ ਅਤਿਵਾਦ ਦੀ ਡਟ ਕੇ ਨਿਖੇਧੀ ਕੀਤੀ ਹੈ। -ਪੀਟੀਆਈ