ਪਾਕਿ ਦੇ ਹਰ ਅਤਿਵਾਦੀ ਹਮਲੇ ਦਾ ਮੂੰਹ-ਤੋੜ ਜਵਾਬ ਦੇਵਾਂਗੇ: ਜੈਸ਼ੰਕਰ
ਬ੍ਰੱਸਲਜ਼, 10 ਜੂਨ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਤਿਵਾਦੀ ਹਮਲਿਆਂ ਨਾਲ ਭੜਕਾਇਆ ਗਿਆ ਤਾਂ ਭਾਰਤ, ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਹਮਲਾ ਕਰੇਗਾ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਜਿਹੀਆਂ ਭਿਆਨਕ ਘਟਨਾਵਾਂ ਦੇ ਮਾਮਲੇ ’ਚ ਅਤਿਵਾਦੀ ਜਥੇਬੰਦੀਆਂ ਤੇ ਉਨ੍ਹਾਂ ਦੇ ਆਗੂਆਂ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਜਾਵੇਗੀ।
ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਭਾਰਤ ਵੱਲੋਂ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤੇ ਜਾਣ ਤੋਂ ਮਹੀਨੇ ਬਾਅਦ ਯੂਰਪ ਦੀ ਯਾਤਰਾ ’ਤੇ ਗਏ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਹਜ਼ਾਰਾਂ ਅਤਿਵਾਦੀਆਂ ਨੂੰ ਸਿਖਲਾਈ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਭਾਰਤ ’ਚ ਭੇਜ ਰਿਹਾ ਹੈ। ਉਨ੍ਹਾਂ ਬੀਤੇ ਦਿਨ ਮੀਡੀਆ ਅਦਾਰੇ ‘ਪੋਲੀਟਿਕੋ’ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਲਈ ਸਾਡਾ ਸੁਨੇਹਾ ਹੈ ਕਿ ਜੇ ਤੁਸੀਂ ਅਪਰੈਲ ’ਚ ਕੀਤੀ ਗਈ ਜ਼ਾਲਮਾਨਾ ਹਰਕਤ ਦੁਹਰਾਓਗੇ ਤਾਂ ਤੁਹਾਨੂੰ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਹ ਜਵਾਬੀ ਕਾਰਵਾਈ ਅਤਿਵਾਦੀ ਜਥੇਬੰਦੀਆਂ ਤੇ ਅਤਿਵਾਦੀ ਲੀਡਰਸ਼ਿਪ ਖ਼ਿਲਾਫ਼ ਹੋਵੇਗੀ।’ ਉਨ੍ਹਾਂ ਕਿਹਾ, ‘ਸਾਨੂੰ ਪ੍ਰਵਾਹ ਨਹੀਂ ਹੈ ਕਿ ਉਹ ਕਿੱਥੇ ਹਨ, ਜੇ ਉਹ ਪਾਕਿਸਤਾਨ ਦੇ ਅੰਦਰ ਹਨ ਤਾਂ ਅਸੀਂ ਪਾਕਿਸਤਾਨ ਦੇ ਅੰਦਰ ਤੱਕ ਜਾਵਾਂਗੇ।’ ਜੈਸ਼ੰਕਰ ਨੇ ਚਿਤਾਵਨੀ ਦਿੱਤੀ ਕਿ ਦੋਵਾਂ ਮੁਲਕਾਂ ਵਿਚਾਲੇ ਸੰਘਰਸ਼ ਦੇ ਮੂਲ ਕਾਰਨ ਜਿਉਂ ਤੇ ਤਿਉਂ ਹਨ। ਪੋਲੀਟਿਕੋ ਨੇ ਜੈਸ਼ੰਕਰ ਦੇ ਹਵਾਲੇ ਨੇ ਕਿਹਾ, ‘ਇਹ (ਪਾਕਿਸਤਾਨ) ਅਜਿਹਾ ਦੇਸ਼ ਹੈ, ਜੋ ਅਤਿਵਾਦ ਨੂੰ ਸ਼ਾਸਨ ਦੀ ਨੀਤੀ ਦੇ ਸਾਧਨ ਵਜੋਂ ਵਰਤ ਰਿਹਾ ਹੈ। ਇਹੀ ਪੂਰਾ ਮਸਲਾ ਹੈ।’
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੈਲਜੀਅਮ ’ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦ ਨੂੰ ਦੁਵੱਲੀ ਸਮੱਸਿਆ ਦੀ ਥਾਂ ਆਲਮੀ ਮਸਲੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਲਮੀ ਪੱਧਰ ’ਤੇ ਅਤਿਵਾਦ ਨਾਲ ਜੁੜੀਆਂ ਕਈ ਘਟਨਾਵਾਂ ਦਾ ਪਾਕਿਸਤਾਨ ਨਾਲ ਸਬੰਧ ਦੱਸਿਆ। ਉਨ੍ਹਾਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਭਾਰਤ ਦੀਆਂ ਅਤਿਵਾਦ ਵਿਰੋਧੀ ਕੋਸ਼ਿਸ਼ਾਂ ਤੋਂ ਜਾਣੂ ਕਰਵਾਇਆ। ਜੈਸ਼ੰਕਰ ਨੇ ਕਿਹਾ ਕਿ ਬੈਲਜੀਅਮ ਦੇ ਆਪਣੇ ਹਮਰੁਤਬਾ ਮੈਕਸਿਮ ਪ੍ਰੀਵੋਟ ਨਾਲ ਗੱਲਬਾਤ ਦੌਰਾਨ ਉਨ੍ਹਾਂ 2016 ਦੇ ਬ੍ਰੱਸਲਜ਼ ਹਮਲੇ ਦਾ ਜ਼ਿਕਰ ਕੀਤਾ ਤਾਂ ਜੋ ‘ਇਹ ਗੱਲ ਸਪੱਸ਼ਟ ਕੀਤੀ ਜਾ ਸਕੇ ਕਿ ਅਤਿਵਾਦ ਕਿਸੇ ਇੱਕ ਦੇਸ਼ ਦੀ ਸਮੱਸਿਆ ਨਹੀਂ ਹੈ।’ -ਪੀਟੀਆਈ
ਜੈਸ਼ੰਕਰ ਵੱਲੋਂ ਯੂਰਪੀ ਯੂਨੀਅਨ ਦੀ ਮੁਖੀ ਨਾਲ ਮੁਲਾਕਾਤ
ਬ੍ਰੱਸਲਜ਼: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਯੂਰਪੀ ਯੂਨੀਅਨ ਦੀ ਮੁਖੀ ਵੋਨ ਡੇਰ ਲੇਯੇਨ ਨਾਲ ਮੁਲਾਕਾਤ ਕੀਤੀ ਅਤੇ ਪਹਿਲਗਾਮ ਹਮਲੇ ਦੀ ਉਨ੍ਹਾਂ ਵੱਲੋਂ ਕੀਤੀ ਗਈ ਆਲੋਚਨਾ ਤੇ ਅਤਿਵਾਦ ਖ਼ਿਲਾਫ਼ ਲੜਾਈ ’ਚ ਇਕਜੁੱਟਤਾ ਦਿਖਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਅੱਜ ਸਵੇਰੇ ਯੂਰਪੀ ਯੂਨੀਅਨ ਦੀ ਮੁਖੀ ਵੋਨ ਡੇਰ ਲੇਯੇਨ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। ਪਹਿਲਗਾਮ ’ਚ ਅਤਿਵਾਦੀ ਹਮਲੇ ਦੀ ਉਨ੍ਹਾਂ ਵੱਲੋਂ ਕੀਤੀ ਗਈ ਸਖ਼ਤ ਆਲੋਚਨਾ ਤੇ ਅਤਿਵਾਦ ਵਿਰੁੱਧ ਲੜਾਈ ’ਚ ਇਕਜੁੱਟਤਾ ਦਿਖਾਉਣ ਲਈ ਉਨ੍ਹਾਂ ਦਾ ਸਵਾਗਤ ਕੀਤਾ।’
ਸੰਘਰਸ਼ ਨੂੰ ‘ਭਾਰਤ ਬਨਾਮ ਟੈਰਰਿਸਤਾਨ’ ਵਜੋਂ ਦੇਖਣ ਦਾ ਸੱਦਾ
ਵਿਦੇਸ਼ ਮੰਤਰੀ ਨੇ ਅੱਜ ਯੂਰਪੀ ਯੂਨੀਅਨ ਨੂੰ ਪਾਕਿਸਤਾਨ ਨਾਲ ਸੰਘਰਸ਼ ਨੂੰ ‘ਭਾਰਤ ਬਨਾਮ ਟੈਰਰਿਸਤਾਨ’ ਦੇ ਰੂਪ ’ਚ ਦੇਖਣ ਦਾ ਸੱਦਾ ਦਿੱਤਾ ਤੇ ਅਤਿਵਾਦ ਪ੍ਰਤੀ ਭਾਰਤ ਦੀ ਬਰਦਾਸ਼ਤ ਨਾ ਕਰਨ ਦੀ ਨੀਤੀ ਨੂੰ ਉਭਾਰਿਆ। ਬ੍ਰੱਸਲਜ਼ ’ਚ ਯੂਰਪੀ ਯੂਨੀਅਨ ਦੇ ਵਿਦੇਸ਼ ਮਾਮਲਿਆਂ ਤੇ ਸੁਰੱਖਿਆ ਨੀਤੀ ਦੀ ਪ੍ਰਤੀਨਿਧੀ ਕਾਜਾ ਕਲਾਸ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਜੈਸ਼ੰਕਰ ਨੇ ਕਿਹਾ, ‘ਇਹ ਦੋਵਾਂ ਦੇਸ਼ਾਂ ਵਿਚਾਲੇ ਸੰਘਰਸ਼ ਨਹੀਂ ਹੈ। ਇਹ ਅਸਲ ਵਿੱਚ ਅਤਿਵਾਦ ਦੇ ਖਤਰੇ ਨੂੰ ਜਵਾਬ ਹੈ। ਇਸ ਲਈ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਇਸ ਨੂੰ ਭਾਰਤ-ਪਾਕਿਸਤਾਨ ਦੇ ਰੂਪ ’ਚ ਨਾ ਸੋਚੋ ਬਲਕਿ ਇਸ ਨੂੰ ‘ਭਾਰਤ-ਟੈਰਰਿਸਤਾਨ’ ਦੇ ਰੂਪ ’ਚ ਸੋਚੋ ਤਾਂ ਤੁਸੀਂ ਇਸ ਨੂੰ ਬਿਹਤਰ ਢੰਗ ਨਾਲ ਸਮਝੋਗੇ।’
ਵਫ਼ਦ ਨੂੰ ਮੀਟਿੰਗਾਂ ਦੌਰਾਨ ਚੰਗੇ ਨਤੀਜੇ ਮਿਲੇ: ਥਰੂਰ
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਜਿਨ੍ਹਾਂ ਅਪਰੇਸ਼ਨ ਸਿੰਧੂਰ ਮਗਰੋਂ ਭਾਰਤ ਦਾ ਰੁਖ਼ ਦੱਸਣ ਲਈ ਅਮਰੀਕਾ ਤੇ ਚਾਰ ਹੋਰ ਮੁਲਕਾਂ ਦੀ ਯਾਤਰਾ ’ਤੇ ਗਏ ਵਫ਼ਦ ਦੀ ਅਗਵਾਈ ਕੀਤੀ ਸੀ, ਨੇ ਕਿਹਾ ਕਿ ਉਨ੍ਹਾਂ ਦੇ ਵਫ਼ਦ ਨੂੰ ਹਰ ਥਾਂ ‘ਮਿਆਰੀ ਮੀਟਿੰਗਾਂ’ ਦੇ ਨਾਲ ਨਾਲ ‘ਚੰਗੇ ਨਤੀਜੇ’ ਮਿਲੇ ਹਨ ਤੇ ਇਸ ਦੌਰਾਨ ਭਾਰਤ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਿਆ ਗਿਆ ਹੈ। ਪੰਜ ਮੁਲਕਾਂ ਦੀ ਯਾਤਰਾ ਤੋਂ ਅੱਜ ਸ਼ਾਮ ਪਰਤੇ ਥਰੂਰ ਨੇ ਕਿਹਾ ਕਿ ਸਰਕਾਰ ਦੇ ਨਜ਼ਰੀਏ ਤਹਿਤ ਸੰਸਦ ਮੈਂਬਰਾਂ ਨੂੰ ਭੇਜਣ ਦਾ ਮਕਸਦ ਸਿਆਸੀ ਹੱਦਾਂ ਤੋਂ ਪਾਰ ਜਾ ਕੇ ਭਾਰਤ ਦੀ ਏਕਤਾ ਦਾ ਮੁਜ਼ਾਹਰਾ ਕਰਨਾ ਅਤੇ ਨਾਲ ਹੀ ਸਰਕਾਰੀ ਅਧਿਕਾਰੀਆਂ, ਵਿਧਾਇਕਾਂ, ਥਿੰਕ ਟੈਂਕਾਂ, ਮੀਡੀਆ ਤੇ ਵਿਦੇਸ਼ ’ਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਅਸਰਦਾਰ ਸੁਨੇਹਾ ਦੇਣਾ ਸੀ। ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਇਹ ਸਭ ਕੁਝ ਚੰਗੀ ਤਰ੍ਹਾਂ ਨੇਪਰੇ ਚੜ੍ਹ ਗਿਆ ਹੈ।’ ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਇਹ ਬਹੁਤ ਚੰਗੀ ਯਾਤਰਾ ਸੀ। ਅਸੀਂ ਸਾਰੇ ਇਸ ਗੱਲ ਤੋਂ ਖੁਸ਼ ਹਾਂ ਕਿ ਜਿਨ੍ਹਾਂ ਪੰਜ ਮੁਲਕਾਂ ’ਚ ਅਸੀਂ ਗਏ ਉੱਥੇ ਸਾਡਾ ਸਵਾਗਤ ਕਿਸ ਤਰ੍ਹਾਂ ਕੀਤਾ ਗਿਆ। ਸਾਨੂੰ ਹਰ ਜਗ੍ਹਾ ਚੰਗੇ ਨਤੀਜੇ ਮਿਲੇ ਹਨ।’ ਉਨ੍ਹਾਂ ਕਿਹਾ, ‘ਸਾਡੀਆਂ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਉਪ ਰਾਸ਼ਟਰਪਤੀਆਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗਾਂ ਹੋਈਆਂ ਹਨ।’ ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਦੌਰਾਨ ਭਾਰਤ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਿਆ ਗਿਆ ਤੇ ਭਾਰਤ ਦੀ ਹਮਾਇਤ ਵੀ ਕੀਤੀ ਗਈ। -ਪੀਟੀਆਈ