ਪਾਕਿਸਤਾਨ ਨੇ ਰੱਖਿਆ ਬਜਟ 20 ਫ਼ੀਸਦ ਵਧਾਇਆ
ਇਸਲਾਮਾਬਾਦ, 10 ਜੂਨ
ਪਾਕਿਸਤਾਨ ਨੇ ਭਾਰਤ ਨਾਲ ਚੱਲ ਰਹੇ ਤਣਾਅ ਦੌਰਾਨ ਅੱਜ ਆਪਣੇ ਰੱਖਿਆ ਬਜਟ ’ਚ 20 ਫ਼ੀਸਦ ਵਾਧਾ ਕੀਤਾ ਹੈ ਅਤੇ ਵਿੱਤੀ ਸਾਲ 2025-26 ’ਚ ਰੱਖਿਆ ਖਰਚ ਲਈ 2,550 ਅਰਬ ਰੁਪਏ ਅਲਾਟ ਕੀਤੇ ਹਨ। ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕੌਮੀ ਅਸੈਂਬਲੀ ’ਚ ਵਿੱਤੀ ਸਾਲ 2025-26 ਲਈ 17,573 ਅਰਬ ਰੁਪਏ ਦਾ ਸੰਘੀ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਬਜਟ ਦਸਤਾਵੇਜ਼ ਨੂੰ ਕੌਮੀ ਅਸੈਂਬਲੀ ’ਚ ਵਿੱਤ ਬਿੱਲ ਵਜੋਂ ਵੀ ਪੇਸ਼ ਕੀਤਾ। ਆਪਣੇ ਭਾਸ਼ਣ ਦੌਰਾਨ ਮੰਤਰੀ ਨੇ ਕਿਹਾ, ‘‘ਸਰਕਾਰ ਨੇ ਦੇਸ਼ ਦੀ ਰੱਖਿਆ ਲਈ 2,250 ਅਰਬ ਰੁਪਏ ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਨੇ ਰੱਖਿਆ ਖਰਚ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਕਿਉਂਕਿ ਰੱਖਿਆ ਬਜਟ ’ਤੇ ਸੰਸਦ ’ਚ ਚਰਚਾ ਨਹੀਂ ਕੀਤੀ ਜਾਂਦੀ। ਸਰਕਾਰ ਨੇ ਪਿਛਲੇ ਸਾਲ ਰੱਖਿਆ ਬਜਟ ਲਈ 2,122 ਅਰਬ ਰੁਪਏ ਰੱਖੇ ਸਨ, ਜੋੋ ਵਿੱਤੀ ਸਾਲ 2023-24 ਦੇ 1,804 ਅਰਬ ਰੁਪਏ ਨਾਲੋ 14.98 ਫ਼ੀਸਦ ਵੱਧ ਸਨ। ਵਿੱਤ ਮੰਤਰੀ ਨੇ ਪਾਕਿਸਤਾਨ-ਭਾਰਤ ਵਿਚਾਲੇ ਹਾਲੀਆ ਤਣਾਅ ਦਾ ਜ਼ਿਕਰ ਕਰਦਿਆਂ ਕਿਹਾ, ‘‘ਇਹ ਬਜਟ ਅਜਿਹੇ ਇਤਿਹਾਸਕ ਸਮੇਂ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਮੁਲਕ ਨੇ ਏਕਤਾ ਅਤੇ ਦ੍ਰਿੜ੍ਹਤਾ ਦਿਖਾਈ ਹੈ।’’
ਰੱਖਿਆ ਖੇਤਰ ਦਾ ਖਰਚ ਕਰਜ਼ੇ ਦੀ ਅਦਾਇਗੀ ਤੋਂ ਬਾਅਦ ਸਾਲਾਨਾ ਖਰਚ ਦਾ ਸਭ ਤੋਂ ਵੱਡਾ ਖੇਤਰ ਹੈ। ਸਰਕਾਰ ਨੇ ਕਰਜ਼ ਦੀ ਅਦਾਇਗੀ ਲਈ 8,207 ਅਰਬ ਡਾਲਰ ਅਲਾਟ ਕੀਤੇ ਹਨ। ਔਰੰਗਜ਼ੇਬ ਨੇ ਅਰਥਚਾਰੇ ਲਈ 4.2 ਫ਼ੀਸਦ ਜੀਡੀਪੀ ਵਾਧੇ ਦੇ ਟੀਚੇ ਦਾ ਐਲਾਨ ਵੀ ਕੀਤਾ। -ਪੀਟੀਆਈ