ਪਾਕਿਸਤਾਨ ਨੂੰ ਗ਼ੈਰ-ਪ੍ਰਸੰਗਕ ਕਰਨ ਲਈ ਸਮਝਣ ਦੀ ਲੋੜ
ਲੈਫ. ਜਨਰਲ ਕੇਜੇ ਸਿੰਘ (ਸੇਵਾਮੁਕਤ)
ਸੰਨ 1992 ਵਿਚ ਜਦੋਂ ਮੈਂ ਫ਼ੌਜ ਵਿਚ ਮੇਜਰ ਹੁੰਦਿਆਂ 15 ਸਾਲ ਦੀ ਸੇਵਾ ਪੂਰੀ ਕਰ ਚੁੱਕਿਆ ਸੀ ਤਾਂ ਪਹਿਲੀ ਵਾਰ ਅੰਗੋਲਾ ਦੇ ਯੂਐੱਨ ਮਿਸ਼ਨ ਵਿਚ ਇਕ ਪਾਕਿਸਤਾਨੀ ਅਫਸਰ ਨੂੰ ਮਿਲਿਆ ਸੀ। ਮੈਂ ਸਟਾਫ ਕਾਲਜ ਦਾ ਗ੍ਰੈਜੂਏਟ ਸੀ ਅਤੇ ਪੰਜਾਬ ਵਿਚ ਖਾੜਕੂਵਾਦ ਨਾਲ ਲੜਾਈ ਲੜ ਚੁੱਕਿਆ ਸਾਂ। ਉਨ੍ਹੀਂ ਦਿਨੀਂ ਕਸ਼ਮੀਰ ਵਾਦੀ ਵਿਚ ਲੁਕਵੀਂ ਜੰਗ ਆਪਣੇ ਸ਼ੁਰੂਆਤੀ ਪੜਾਅ ਵਿਚ ਸੀ। ਫ਼ੌਜੀ ਕੂਟਨੀਤੀ ਦੀਆਂ ਲੋੜਾਂ ਮੂਜਬ ਮੈਂ ਉਸ ਨਾਲ ਗੱਲਬਾਤ ਕਰਨ ਲਈ ‘ਵਕਤ’, ‘ਤਾਜ ਮਹਿਲ’ ਅਤੇ ‘ਕਾਨੂੰਨ’ ਜਿਹੀਆਂ ਫਿਲਮਾਂ ਦੇਖ ਕੇ ਬਣਾਏ ਉਰਦੂ ਸ਼ਬਦ ਭੰਡਾਰ ਦੀ ਵਰਤੋਂ ਕੀਤੀ। ਉਹਨੇ ਮੈਥੋਂ ਪੁੱਛਿਆ ਕਿ ਮੈਨੂੰ ਪੰਜਾਬੀ ਬੋਲਣੀ ਆਉਂਦੀ ਹੈ ਤੇ ਜੇ ਆਉਂਦੀ ਹੈ ਤਾਂ ਮੈਂ ਮੁਹਾਜਿਰਾਂ ਵਾਂਗ ਕਿਉਂ ਗੱਲ ਕਰ ਰਿਹਾਂ ਹਾਂ? ਇਸ ਤੋਂ ਮੇਰੇ ਮਨ ਵਿਚ ਕਿਸੇ ਉਰਦੂ ਭਾਸ਼ੀ ਪਾਕਿਸਤਾਨੀ ਬਾਰੇ ਬਣਿਆ ਮਿੱਥ ਟੁੱਟ ਗਿਆ। ਇਹ ਮੇਰੇ ਲਈ ਅਚੰਭੇ ਵਾਲੀ ਗੱਲ ਸੀ। ਹਰ ਵਾਰ ਜਦੋਂ ਉਹ ਮੇਰੇ ਹੈੱਡਕੁਆਰਟਰ ਆਉਂਦਾ, ਮੈਂ ਉਹਨੂੰ ਆਪਣੇ ਕੰਟੇਨਰ ਵਿਚ ਲਿਜਾਂਦਾ ਤਾਂ ਕਿ ਮੈਂ ਉਸ ਦੀ ਸੋਚ ਨੂੰ ਸਮਝ ਸਕਾਂ।
ਲੰਘੀ 11 ਮਾਰਚ ਨੂੰ ਪਾਕਿਸਤਾਨ ਵਿਚ ਜਾਫ਼ਰ ਐਕਸਪ੍ਰੈੱਸ ਨੂੰ ਅਗਵਾ ਕਰਨ ਦੀ ਘਟਨਾ ਜੋ ਕਥਿਤ ਤੌਰ ’ਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਕੀਤੀ ਸੀ, ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਦਿਲਚਸਪੀ ਪੈਦਾ ਕੀਤੀ ਸੀ ਅਤੇ ਕੁਝ ਲੋਕਾਂ ਨੇ ਇਸ ’ਤੇ ਜਸ਼ਨ ਵੀ ਮਨਾਏ ਸਨ ਪਰ ਇਸ ਨਾਲ ਸਾਡੇ ਇੰਟੈਲੀਜੈਂਸ ਮਾਹਿਰਾਂ ਦੀ ਨੀਂਦ ਨਹੀਂ ਖੁੱਲ੍ਹੀ ਜਿਨ੍ਹਾਂ ਨੂੰ ਇਹ ਕਿਆਸ ਲਾਉਣਾ ਚਾਹੀਦਾ ਸੀ ਕਿ ਇਸ ਘਟਨਾ ਦੀ ਫ਼ੌਰੀ ਤੇ ਹਿੰਸਕ ਪ੍ਰਤੀਕਿਰਿਆ ਹੋਵੇਗੀ। ਆਖ਼ਿਰ, 380 ਮੁਸਾਫ਼ਿਰਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ 18 ਫ਼ੌਜੀਆਂ ਤੇ 13 ਸਿਵਲੀਅਨਾਂ ਨੂੰ ਮਾਰ ਦਿੱਤਾ ਗਿਆ ਸੀ। ਇਸ ਤੋਂ ਛੇ ਕੁ ਹਫ਼ਤਿਆਂ ਦੇ ਅੰਦਰ ਹੀ ਪਹਿਲਗਾਮ ਵਿਚ ਭਿਆਨਕ ਹਮਲਾ ਹੋ ਗਿਆ।
ਜ਼ਾਹਿਰਾ ਸਵਾਲ ਹੈ ਕਿ ਅਸੀਂ ਆਪਣੇ ਗੁਆਂਢੀ ਦੇ ਇਰਾਦਿਆਂ ਅਤੇ ਸਮੱਰਥਾਵਾਂ ਦਾ ਵਿਸ਼ਲੇਸ਼ਣ ਲਾਉਣ ਵਿਚ ਘੇਸਲ ਮਾਰੀ ਸੀ? ਅਸੀਂ ਪਿਛਲੇ ਕਰੀਬ ਇਕ ਦਹਾਕੇ ਤੋਂ ਉੱਕਾ ਹੀ ਗੱਲਬਾਤ ਨਾ ਕਰਨ ਅਤੇ ਘੱਟ ਤੋਂ ਘੱਟ ਸੰਪਰਕ ਰੱਖਣ ਦੀ ਨੀਤੀ ’ਤੇ ਚੱਲ ਰਹੇ ਹਾਂ। ਹਾਲ ਹੀ ਵਿਚ ਇਹ ਗੱਲ ਦੁਹਰਾਈ ਗਈ ਕਿ ਦਹਿਸ਼ਤਗਰਦੀ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ; ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਇਹ ਵਾਕਈ ਜਟਿਲ ਟੀਚੇ ਹਨ ਅਤੇ ਇਨ੍ਹਾਂ ਨੂੰ ਹਾਸਲ ਕਰਨਾ ਬਹੁਤ ਔਖਾ ਹੈ। ਇਸੇ ਤਰ੍ਹਾਂ ਦਾ ਇਕ ਟੀਚਾ 2003 ਵਿਚ ਅਸਲ ਕੰਟਰੋਲ ਰੇਖਾ ’ਤੇ ਹੋਈ ਗੋਲੀਬੰਦੀ ਨੂੰ ਫਰਵਰੀ 2021 ਵਿਚ ਸੁਰਜੀਤ ਕਰਨਾ ਸੀ ਜੋ ਅੰਦਰਖਾਤੇ ਚੱਲੀਆਂ ਵਾਰਤਾਵਾਂ ਜਿਨ੍ਹਾਂ ਲਈ ਯੂਏਈ ਨੇ ਮਦਦ ਦਿੱਤੀ ਸੀ, ਸਦਕਾ ਸੰਭਵ ਹੋ ਸਕਿਆ ਸੀ।
ਪਹਿਲਗਾਮ ਤੋਂ ਬਾਅਦ ਅਚਨਚੇਤ ਸਾਡੇ ਮਾਹਿਰਾਂ ਨੇ ਫ਼ੈਸਲਾ ਕੀਤਾ ਕਿ ਪਾਕਿਸਤਾਨ ਦੀ ਫ਼ੌਜ ਦਾ ਮੁਖੀ (ਜੋ ਹੁਣ ਫੀਲਡ ਮਾਰਸ਼ਲ ਬਣ ਗਿਆ ਹੈ) ਸੱਯਦ ਆਸਿਮ ਮੁਨੀਰ ਮੁੱਖ ਦੋਸ਼ੀ ਹੈ ਪਰ ਜਾਫ਼ਰ ਐਕਸਪ੍ਰੈੱਸ ਘਟਨਾ ਤੋਂ ਬਾਅਦ ਪਹਿਲੀ ਗੋਲੀ ਡੀਜੀ-ਆਈਐੱਸਪੀਆਰ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਦਾਗੀ ਸੀ। ਯਕੀਨਨ, ਮੁਨੀਰ ਨੇ ‘ਦੋ ਕੌਮਾਂ ਦੇ ਸਿਧਾਂਤ’ ਬਾਰੇ ਭੜਕਾਉੂ ਬਿਆਨ ਦੇ ਕੇ ਇਸ ਨੂੰ ਤੇਜ਼ ਕਰ ਦਿੱਤਾ ਸੀ। ਇਹ ਚੇਤੇ ਕਰਨਾ ਢੁਕਵਾਂ ਹੋਵੇਗਾ ਕਿ ਪਾਕਿਸਤਾਨੀ ਫ਼ੌਜ ਵਿਚ ਇਹ ਵਿਰੋਧਭਾਸੀ ਵਿਗਾੜ ਦੀ ਸ਼ੁਰੂਆਤ ਜਨਰਲ ਜ਼ਿਆ-ਉਲ-ਹੱਕ ਨੇ ਕੀਤੀ ਜੋ ਆਈਐੱਮਏ ਤੋਂ ਸਿਖਲਾਈਯਾਫ਼ਤਾ ਅਫਸਰ, ਸੇਂਟ ਸਟੀਫਨਜ਼ ਕਾਲਜ ਦੇ ਪੜ੍ਹੇ ਹੋਏ ਅਤੇ ਜਲੰਧਰ ਵਿਚ ਪੈਦਾ ਹੋਏ ਸਨ। ਜ਼ਿਆ-ਉਲ-ਹੱਕ ਨੇ ‘ਇਮਾਨ, ਤਕਵਾ, ਜਹਾਦ-ਫੀ- ਸਬੀਇੱਲ੍ਹਾ’ ਦਾ ਨਵਾਂ ਮੰਤਵ ਦੇ ਕੇ ਪਾਕਿਸਤਾਨੀ ਫ਼ੌਜ ਨੂੰ ਮਜ਼ਹਬੀ ਮੋੜ ਦਿੱਤਾ ਸੀ ਅਤੇ ਇਸ ਦੀ ਭੂਮਿਕਾ ਵਿਚ ਵਿਚਾਰਧਾਰਕ ਮੋਰਚਿਆਂ ਦੀ ਰਾਖੀ ਦਾ ਸਭ ਤੋਂ ਹੈਰਤਅੰਗੇਜ਼ ਵਾਧਾ ਕੀਤਾ ਸੀ।
ਜਨਰਲ ਅਸਲਮ ਬੇਗ਼ ਆਜ਼ਮਗੜ੍ਹ ਤੋਂ ਇਕ ਹੋਰ ਮੁਹਾਜਿਰ ਸੀ ਜਿਸ ਨੇ ਕਸ਼ਮੀਰ ਵਿਚ ਲੁਕਵੀਂ ਜੰਗ ਸ਼ੁਰੂ ਕੀਤੀ ਸੀ। ਬਾਅਦ ਵਿਚ ਜਨਰਲ ਪਰਵੇਜ਼ ਮੁਸ਼ੱਰਫ਼ ਜਿਨ੍ਹਾਂ ਦਾ ਬਚਪਨ ਦਿੱਲੀ ਦੀ ਨਹਿਰਵਾਲੀ ਹਵੇਲੀ ਵਿਚ ਬੀਤਿਆ ਸੀ, ਜਿਹੇ ਹੋਰਨਾਂ ਨੇ ਇਸ ਨੂੰ ਬਰਕਰਾਰ ਰੱਖਿਆ ਸੀ।
ਹੁਣ ਜਨਰਲ ਮੁਨੀਰ ਇਕ ਤਰ੍ਹਾਂ ਨਾਲ ਪਰਾਇਆ ਤੇ ‘ਅਗਿਆਤ ਉਮੀਦਵਾਰ’ ਹੈ, ਓਟੀਐੱਸ ਹਾਸਲ ਕਰਨ ਵਾਲਾ ਵਿਰਲਾ ਸੈਨਿਕ, ਜਿਸ ਦਾ ਪਿਛੋਕੜ ਇੰਟੈਲੀਜੈਂਸ ’ਚੋਂ ਹੈ (ਡੀਜੀਐੱਮਆਈ ਤੇ ਡੀਜੀਆਈਐੱਸਆਈ)। ਉਸ ਦੀ ਨਿਯੁਕਤੀ ਦਾ ਖਾਕਾ ਭਾਰਤ ਕੇਂਦਰਿਤ ਨਿਯੁਕਤੀਆਂ ਨਾਲ ਭਰਿਆ ਪਿਆ ਹੈ। ਲਗਭਗ ਢਾਈ ਸਾਲ ਉਸ ਨੂੰ ਸਿਖ਼ਰ ’ਤੇ ਦੇਖਣ ਤੋਂ ਬਾਅਦ, ਹੈਰਾਨੀ ਨਹੀਂ ਹੁੰਦੀ ਕਿ ਉਸ ਦੀ ਬਿਰਤੀ ਕਿਸੇ ‘ਮੌਲਵੀ’ ਵਰਗੀ ਹੈ। ਕਿਸੇ ਸਮੇਂ ਜਲੰਧਰ ਰਹਿੰਦੇ ਰਹੇ ‘ਇਮਾਮ’ ਪਿਤਾ ਦੀ ਸੰਤਾਨ, ਮੁਨੀਰ ਨੇ ਮਦਰੱਸੇ ਦੀ ਸਿੱਖਿਆ ਲਈ ਹੈ। ਜ਼ਿਆ ਵਾਂਗ ਉਸ ਦੇ ਮਾਤਾ-ਪਿਤਾ ਪੰਜਾਬੀ ਤੇ ਮੁਹਾਜਿਰ ਸਨ। ਹੈਰਾਨੀਜਨਕ ਹੈ ਕਿ ਇਕ ਕੂਟਨੀਤਕ ਕੰਮ ਲਈ ਸਾਊਦੀ ਅਰਬ ’ਚ ਉਸ ਨੇ ਕੁਰਾਨ ਦੀ ਤਿਲਾਵਤ ’ਚ ਹਿੱਸਾ ਲੈ ਕੇ ਹਾਫਿਜ਼ ਦਾ ਖਿਤਾਬ ਹਾਸਲ ਕੀਤਾ।
ਕਸ਼ਮੀਰ ਨੂੰ ਉਸ ਨੇ ਕੋਈ ਪਹਿਲੀ ਵਾਰ ‘ਸ਼ਾਹ ਰਗ਼’ ਨਹੀਂ ਬਿਆਨਿਆ; ਪਾਕਿਸਤਾਨੀ ਜਨਰਲ ਮੁੱਢ ਤੋਂ ਹੀ ਇਹ ਰਾਗ਼ ਅਲਾਪ ਰਹੇ ਹਨ। ਕੁਝ ਸਾਲ ਪਹਿਲਾਂ ਜਨਰਲ ਕਿਆਨੀ ਨੇ ਇਹੀ ਫ਼ਿਕਰਾ ਉਰਦੂ ’ਚ ਕਿਹਾ ਸੀ- ਭਾਰਤ ਦੀ ‘ਸ਼ਾਹ ਰਗ਼’... ਮੁਨੀਰ ਨੇ ਅਸਲ ਵਿਚ, ਇਸ ਨੂੰ ਪਾਕਿਸਤਾਨ ਦੀ ‘ਜੀਵਨ ਰੇਖਾ’ ਦੱਸ ਕੇ ਗ਼ਲਤ ਬਿਆਨੀ ਕੀਤੀ ਹੈ।
ਮੁਨੀਰ ਦੇ ਖੜ੍ਹੇ ਕੀਤੇ ਇਸ ਬੇਲੋੜੇ ਵਿਵਾਦ ਦਾ ਸਮਾਂ ਦੇਖੀਏ ਤਾਂ ਲੱਗਦਾ ਹੈ ਕਿ ਸ਼ਾਇਦ ਉਸ ਨੇ ਆਪਣੀ ਘਟ ਰਹੀ ਪ੍ਰਸਿੱਧੀ ’ਚੋਂ ਉੱਭਰਨ ਲਈ ਅਜਿਹਾ ਕੀਤਾ। ਉਹ ਜੂਨੀਅਰ ਅਫਸਰਾਂ ਦੀਆਂ ਬਾਗ਼ੀ ਸੁਰਾਂ ਤੋਂ ਵੀ ਡਾਵਾਂਡੋਲ ਸੀ, ਜਿਸ ’ਚ ਕਈ ਸਾਬਕਾ ਤੇ ਥੋੜ੍ਹੇ ਨਰਮ ਸੈਨਾ ਅਧਿਕਾਰੀਆਂ, ਜਨਰਲ ਜਹਾਂਗੀਰ ਕਰਾਮਤ ਤੇ ਬਾਕੀ ਸੀਨੀਅਰ ਸੇਵਾਮੁਕਤ ਅਫਸਰਾਂ ਦੀ ਬਿਆਨਬਾਜ਼ੀ ਸ਼ਾਮਿਲ ਹੈ। ਉਹ ਖ਼ੈਬਰ ਪਖ਼ਤੂਨਖਵਾ ਅਤੇ ਬਲੋਚਿਸਤਾਨ ’ਚ ਜਾਰੀ ਖ਼ਰਾਬ ਅਪਰੇਸ਼ਨਾਂ ਦੀ ਸਮੀਖਿਆ ਮੰਗ ਕਰ ਰਹੇ ਹਨ।
ਇਕ ਵੈਰੀ ਬਾਰੇ ਸੁਨ ਜ਼ੂ ਦਾ ਖਿਆਲ ਹੈ- “ਆਪਣੇ ਦੁਸ਼ਮਣ ਨੂੰ ਜਾਣੋ ਤੇ ਆਪਣੇ ਆਪ ਨੂੰ ਵੀ, ਤੇ ਸੈਂਕੜੇ ਲੜਾਈਆਂ ’ਚ ਵੀ, ਤੁਸੀਂ ਕਦੇ ਵੀ ਖ਼ਤਰੇ ’ਚ ਨਹੀਂ ਪਓਗੇ।” ਮੈਂ ਇਸ ਬੁਨਿਆਦੀ ਸੂਝ ’ਚ ਕੁਝ ਵਾਧਾ ਕਰਨ ਦੀ ਗੁਸਤਾਖੀ ਕਰਾਂਗਾ, ਪਾਕਿਸਤਾਨ ਪ੍ਰਤੀ ਸਾਡੀ ਪਹੁੰਚ ਨੂੰ ਵਿਚਾਰਦਿਆਂ।
ਪਹਿਲਾ, ਅਸੀਂ ਆਪਣੇ ਦੁਸ਼ਮਣ ਨੂੰ ਜਾਣਦੇ ਹਾਂ, ਚੀਨੀਆਂ ਵਾਂਗ ਉਹ ਗੁੰਝਲਦਾਰ ਨਹੀਂ। ਦੂਜਾ, ਉਹ ਪ੍ਰਸੰਗਕ ਨਹੀਂ ਹਨ, ਇਸ ’ਤੇ ਤੁਸੀਂ ਸ਼ਾਇਦ ਸਵਾਲ ਕਰੋਗੇ, ਫਿਰ ਕਿੱਥੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਪੜ੍ਹਨ ਦੀ ਲੋੜ ਹੈ?
ਇਕ ਬਿਲਕੁਲ ਉਲਟ ਗੱਲ ਹੈ, ‘ਚਾਈਨਾ ਸਟੱਡੀ ਗਰੁੱਪ’ ਅਤੇ ਕਈ ਥਿੰਕ ਟੈਂਕ ਚੀਨ ਬਾਰੇ ਜਾਣਨ ’ਤੇ ਧਿਆਨ ਕੇਂਦਰਤ ਕਰਦੇ ਹਨ। ਵਿਦੇਸ਼ ਮੰਤਰਾਲਾ ਸਮਕਾਲੀ ਚੀਨੀ ਅਧਿਐਨ ਬਾਰੇ ਸੈਂਟਰ ਚਲਾਉਂਦਾ ਹੈ।
ਜਦਕਿ ਚੀਨ ਮੁੱਢਲਾ ਤੇ ਗੁੰਝਲਦਾਰ ਦੁਸ਼ਮਣ ਹੈ, ਤੇ ਪਾਕਿਸਤਾਨ ਨਿਰੰਤਰ ਅਤੇ ਤਿੱਖਾ ਵੈਰੀ ਬਣਿਆ ਹੋਇਆ ਹੈ। ਪਾਕਿਸਤਾਨ ਮੰਨਦਾ ਹੈ ਕਿ ਭਾਰਤ ਇਸ ਦੀ ਹੋਂਦ ਦਾ ਸਭ ਤੋਂ ਅਹਿਮ ਕਾਰਨ ਹੈ ਤੇ ਉਹ ਸਮਾਨਤਾ ਅਤੇ ਧਿਆਨ ਮੰਗਦਾ ਹੈ। ਯਕੀਨਨ ਇਸ ਦੀ ਰੁਚੀ ਸਾਨੂੰ ਹੈਰਤ ’ਚ ਪਾਉਣ ਦੀ ਰਹੀ ਹੈ- 1965 ਵਿਚ ਛੇਵੀਂ ਆਰਮਰਡ ਡਿਵੀਜ਼ਨ ਤੋਂ ਪਰਦਾ ਚੁੱਕ ਕੇ, ਸੰਨ 1999 ਵਿਚ ਕਾਰਗਿਲ ਰਾਹੀਂ ਭਾਰਤ ’ਚ ਘੁਸਪੈਠ ਕਰ ਕੇ, ਤੇ ਬਿਲਕੁਲ ਹੁਣੇ-ਹੁਣੇ ਭਾਰਤ ਨਾਲ ਹਾਲੀਆ ਟਕਰਾਅ ਵਿਚ ਅਤਿ-ਆਧੁਨਿਕ ਚੀਨੀ ਮਿਜ਼ਾਈਲਾਂ ਤੇ ਹਥਿਆਰਾਂ ਦੀ ਵਰਤੋਂ ਕਰ ਕੇ ਇਸ ਨੇ ਸਾਨੂੰ ਹੈਰਤ ’ਚ ਪਾਇਆ ਹੈ।
ਤ੍ਰਾਸਦੀ ਇਹ ਹੈ ਕਿ ਆਪਣੇ ਇਸ ਪੱਛਮੀ ਵੈਰੀ ਦੇ ਵਿਸ਼ਲੇਸ਼ਣ ਲਈ ਸਾਡੇ ਕੋਲ ਕੋਈ ਸਟੱਡੀ ਗਰੁੱਪ ਜਾਂ ਥਿੰਕ ਟੈਂਕ ਹੀ ਨਹੀਂ ਹੈ। ਅਸੀਂ ਟਵਿੱਟਰ/ਟੀਵੀ ਚੈਨਲਾਂ ਦੇ ਯੋਧਿਆਂ ਨਾਲ ਹੀ ਕੰਮ ਚਲਾ ਰਹੇ ਹਾਂ, ਜਿਹੜੇ ਕਦੇ ਕਰਾਚੀ, ਕਦੇ ਲਾਹੌਰ ਤੇ ਵਾਰ-ਵਾਰ ਮਕਬੂਜ਼ਾ ਕਸ਼ਮੀਰ ਉਤੇ ਕਬਜ਼ਾ ਕਰਵਾ ਦਿੰਦੇ ਹਨ।
ਸੁਧਾਰਾਂ ਦਾ ਸਮਾਂ ਆ ਗਿਆ ਹੈ, ਸਾਨੂੰ ਪਾਕਿਸਤਾਨ ਬਾਰੇ ਅਰਥਪੂਰਨ ਸਮਝ ਇਕੱਠੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਆਬਾਦੀ ਦੇ ਤਿੰਨ ਵਰਗਾਂ ’ਚ ਫ਼ਰਕ ਕਰਨ ਦੀ ਯੋਗਤਾ ਸਾਡੇ ਅਧਿਐਨ ਲਈ ਬਹੁਤ ਮਹੱਤਵਪੂਰਨ ਹੋਵੇਗੀ- ਫੌਜੀ ਸ਼ਾਸਨ, ਮੌਲਵੀ ਜਮਾਤ ਤੇ ਆਮ ਜਨਤਾ।
ਅਹਿਮ ਗੱਲ ਇਹ ਹੈ ਕਿ ਪਿਛਲੇ ਕਰੀਬ ਇਕ ਦਹਾਕੇ ਤੋਂ ਸੀਮਤ ਜਾਂ ਨਾ-ਮਾਤਰ ਸਰਕਾਰੀ ਰਾਬਤਾ ਹੋਣ ਦੇ ਬਾਵਜੂਦ, ਇੰਟਰਨੈੱਟ ਰਾਹੀਂ ਜਾਣਕਾਰੀਆਂ ਪਹੁੰਚ ਰਹੀਆਂ ਹਨ। ਪੰਜਾਬ ਵਿਚ ਰੈੱਡਕਲਿਫ ਲਾਈਨ ਦੇ ਦੋਵੇਂ ਪਾਸੇ ਲੋਕਾਂ ਵਿਚਾਲੇ ਸ਼ਾਹਮੁਖੀ ਰਾਹੀਂ ਰਾਬਤਾ ਹੁੰਦਾ ਹੈ ਪਰ ਕੁਝ ਰਹੱਸਮਈ ਕਾਰਨਾਂ ਕਰ ਕੇ ਪੰਜਾਬ ਯੂਨੀਵਰਸਿਟੀ ਵਿਚ ਸ਼ਾਹਮੁਖੀ ਭਾਸ਼ਾ ਵਿਗਿਆਨ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ 2018 ਵਿਚ ਉਪ ਕੁਲਪਤੀ ਤਬਦੀਲ ਹੋਣ ਤੋਂ ਬਾਅਦ ਤਿਆਗ ਦਿੱਤਾ ਗਿਆ; ਹਾਲਾਂਕਿ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਗੁਰਮੁਖੀ ਵਿਭਾਗ ਅਤੇ ਬਾਅਦ ਵਿਚ ਇਕ ਚੇਅਰ ਦੀ ਸਥਾਪਨਾ ਕਰ ਦਿੱਤੀ।
ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੇ ਇਕ ਵਾਰ ਕਿਹਾ ਸੀ, “ਅਸੀਂ ਦੋਸਤ ਚੁਣ ਸਕਦੇ ਹਾਂ ਪਰ ਗੁਆਂਢੀ ਨਹੀਂ।” ਕੀ ਮੈਂ ਇਸ ਗਹਿਰੀ ਸਿਆਣਪ ਵਿਚ ਇਹ ਵਾਧਾ ਕਰ ਸਕਦਾ ਹਾਂ ਕਿ ਸਹੀ ਮਾਇਨਿਆਂ ’ਚ ਪਾਕਿਸਤਾਨ ਨੂੰ ਗ਼ੈਰ-ਪ੍ਰਸੰਗਕ ਕਰਨ ਲਈ, ਸਾਨੂੰ ਇਸ ਬਾਰੇ ਸਾਰਥਕ ਢੰਗ ਨਾਲ ਵਿਸ਼ਲੇਸ਼ਣ ਕਰਨ ਦਾ ਵੱਲ ਸਿੱਖਣ ਦੀ ਲੋੜ ਹੈ।
*ਲੇਖਕ ਪੱਛਮੀ ਕਮਾਂਡ ਦੇ ਸਾਬਕਾ ਮੁਖੀ ਹਨ।