ਪਾਕਿਸਤਾਨ ’ਚ ਮੰਦਰ ’ਤੇ ਗ਼ੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਮੁਜ਼ਾਹਰਾ
ਕਰਾਚੀ, 2 ਜੂਨ
ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਹਿੰਦੂਆਂ ਨੇ ਹੈਦਰਾਬਾਦ ਸ਼ਹਿਰ ਵਿੱਚ ਸਥਿਤ ਇਤਿਹਾਸਕ ਮੰਦਰ ਦੀ ਛੇ ਏਕੜ ਜ਼ਮੀਨ ’ਤੇ ਗੈ਼ਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਕਰਾਚੀ ਤੋਂ ਲਗਪਗ 185 ਕਿਲੋਮੀਟਰ ਦੂਰ ਮੂਸਾ ਖੱਤੀਆਂ ਜ਼ਿਲ੍ਹੇ ਦੇ ਟਾਂਡੋ ਜਾਮ ਕਸਬੇ ਵਿੱਚ ਕੀਤਾ ਗਿਆ। ਹਿੰਦੂਆਂ ਦੇ ਆਗੂ ਸੀਤਲ ਮੇਘਵਾਰ ਨੇ ਮੀਡੀਆ ਨੂੰ ਦੱਸਿਆ,‘ਲੋਕਾਂ ਨੇ ਮੂਸਾ ਖੱਤੀਆਂ ’ਚ ਪੈਂਦੇ ਸ਼ਿਵ ਮੰਦਰ ਸ਼ਿਵਾਲਾ ਨਾਲ ਸਬੰਧਤ ਜ਼ਮੀਨ ’ਤੇ ਗੈਰ-ਕਾਨੂੰਨੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮੁਜ਼ਾਹਰਾਕਾਰੀਆਂ ’ਚ ਮਹਿਲਾਵਾਂ ਤੇ ਬੱਚੇ ਸ਼ਾਮਲ ਸਨ, ਜੋ ਪਾਕਿਸਤਾਨ ਦਲਿਤ ਇਤਿਹਾਦ (ਪਾਕਿਸਤਾਨ ਦ੍ਰਾਵਿੜ ਅਲਾਇੰਸ) ਵੱਲੋਂ ਦਿੱਤੇ ਗਏ ਸੱਦੇ ’ਤੇ ਮੁਜ਼ਾਹਰੇ ’ਚ ਸ਼ਾਮਲ ਹੋਣ ਲਈ ਪੁੱਜੇ ਸਨ। ਇਹ ਸੰਸਥਾ ਹਿੰਦੂਆਂ ਦੀ ਭਲਾਈ ਤੇ ਹੱਕਾਂ ਲਈ ਸੰਘਰਸ਼ਸ਼ੀਲ ਹੈ।’ ਮੁਜ਼ਾਹਰਾਕਾਰੀਆਂ ਨੇ ਸਰਕਾਰ ਤੋਂ ਸਿੰਧ ’ਚ ਪ੍ਰਭਾਵਸ਼ਾਲੀ ਕਾਸ਼ਖੇਲੀ ਫ਼ਿਰਕੇ ਨਾਲ ਸਬੰਧਤ ਬਿਲਡਰਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ। ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਧਰਨਾ ਦੇਣ ਮਗਰੋਂ ਟਾਂਡੋ ਜਾਮ ਪ੍ਰੈੱਸ ਕਲੱਬ ਅੱਗੇ ਰੋਸ ਪ੍ਰਗਟਾਉਂਦਿਆਂ ਧਰਨਾ ਸਮਾਪਤ ਕੀਤਾ ਗਿਆ। ਪੀਡੀਆਈ ਦੇ ਮੁਖੀ ਸ਼ਿਵਾ ਕਾਚੀ ਨੇ ਕਿਹਾ ਕਿ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਕਾਨੂੰਨੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਤੇ ਸਥਾਨਕ ਅਧਿਕਾਰੀਆਂ ਨੇ ਇਸ ਮਸਲੇ ’ਤੇ ਧਿਆਨ ਨਾ ਦਿੱਤਾ ਤਾਂ ਉਹ ਹੈਦਰਾਬਾਦ ਸ਼ਹਿਰ ’ਚ ਧਰਨੇ ਦੇਣਗੇ ਤੇ ਨਿਆਂ ਲਈ ਅਦਾਲਤ ਵੀ ਜਾਣਗੇ। -ਪੀਟੀਆਈ