ਪਾਇਲ ਇਲਾਕੇ ਵਿੱਚ ਅਗੇਤੇ ਝੋਨੇ ਦੀ ਲਵਾਈ ਸ਼ੁਰੂ
ਦੇਵਿੰਦਰ ਸਿੰਘ ਜੱਗੀ
ਪਾਇਲ, 9 ਜੂਨ
ਸਬ-ਡਿਵੀਜ਼ਨ ਪਾਇਲ ਦੇ ਪਿੰਡ ਅਲੂਣਾ ਤੋਲਾ ’ਚ ਕਿਸਾਨ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨ ਹਰਵਿੰਦਰ ਸਿੰਘ ਚੀਮਾ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਝੋਨੇ ਦੀ ਕਿਸਮ 221 ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਵੱਲੋਂ ਮੋਟਰਾਂ ਦੀ ਬਿਜਲੀ ਸਪਲਾਈ ਵੀ 8 ਘੰਟੇ ਨਿਰੰਤਰ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਝੋਨੇ ਦੀ ਕਿਸਮ ਤੇ ਦਵਾਈਆਂ, ਖਾਦ ਆਦਿ ਦਾ ਖਰਚਾ ਵੀ ਘੱਟ ਆਉਂਦਾ ਹੈ, ਪਾਣੀ ਦੀ ਵੀ ਬੱਚਤ ਹੁੰਦੀ ਹੈ ਅਤੇ ਆਮਦਨ ਚੋਖੀ ਹੋ ਜਾਂਦੀ ਹੈ। ਇਹ ਝੋਨੇ ਦੀ ਫਸਲ ਛੇਤੀ ਪੱਕ ਜਾਂਦੀ ਹੈ ਜੋ ਨਮੀ ਵਾਲੇ ਮੌਸਮ ਤੋਂ ਪਹਿਲਾ ਵੱਢੀ ਜਾਂਦੀ ਹੈ।
ਕਿਸਾਨ ਚਰਨਜੋਤ ਸਿੰਘ ਨੇ ਦੱਸਿਆ ਕਿ ਅਗੇਤੀ ਝੋਨੇ ਦੀਆਂ ਫਸਲਾਂ ’ਚ 221, 26 ਜਾਂ ਹੋਰ ਕਿਸਮ ਘੱਟ ਸਮੇਂ ’ਚ ਪੱਕ ਜਾਂਦੀਆਂ ਨੇ, ਜਿਨ੍ਹਾਂ ਨੂੰ ਵੇਚਣ ਸਮੇ ਮੰਡੀਆਂ ਚੋਂ ਕੋਈ ਦਿੱਕਤ ਨਹੀਂ ਆਉਂਦੀ। ਉਨ੍ਹਾਂ ਝੋਨੇ ਦੀ ਪੂਸਾ ਕਿਸਮ ਦੀ ਗੱਲ ਕਰਦਿਆਂ ਕਿਹਾ ਕਿ ਉਹ ਪੱਕਣ ਨੂੰ ਸਮਾਂ ਵੱਧ ਲੈਂਦੀ ਹੈ, ਉਸ ਉੱਪਰ ਸਪਰੇਆਂ, ਖਾਂਦਾ ਬਗੈਰਾ ਤੇ ਖਰਚ ਵਧੇਰੇ ਆਉਂਦਾਂ ਅਤੇ ਮੰਡੀਆਂ ਵਿੱਚ ਵੀ ਸਿੱਲ ਦਾ ਮੌਸਮ ਹੋਣ ਕਰਕੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ।