ਪਹਿਲਗਾਮ ਹਮਲੇ ਦੀ ਜਾਂਚ
ਮਹੀਨਾ ਪਹਿਲਾਂ ਪਹਿਲਗਾਮ ਦੇ ਦਹਿਸ਼ਤੀ ਹਮਲੇ ਨੇ ਬਹੁਤ ਰੁੱਖੇ ਜਿਹੇ ਢੰਗ ਨਾਲ ਭਾਰਤ ਨੂੰ ਇਸ ਦੀ ਬੇਪਰਵਾਹੀ ਦਾ ਅਹਿਸਾਸ ਕਰਾਇਆ ਸੀ। ਖ਼ੂਬਸੂਰਤ ਬੈਸਰਨ ਘਾਟੀ ’ਚ ਸੈਲਾਨੀਆਂ ਦਾ ਭਿਆਨਕ ਕਤਲੇਆਮ ਜ਼ੋਰਦਾਰ ਝਟਕਾ ਸੀ ਤੇ ਇਸ ਨੇ ਚੇਤੇ ਕਰਾਇਆ ਕਿ ਸਰਹੱਦ ਪਾਰ ਅਤਿਵਾਦ ਅਜੇ ਵੀ ਜਿਊਂਦਾ ਤੇ ਸਰਗਰਮ ਹੈ। ਘਟਨਾ ’ਚ ਪੂਰੇ ਭਾਰਤ ਤੋਂ ਘੁੰਮਣ ਆਏ ਸੈਲਾਨੀਆਂ ਦੀ ਜਾਨ ਗਈ। ਇਸ ਦੁਖਾਂਤ ਦੇ ਸੋਗ ਅਤੇ ਭੜਕੇ ਗੁੱਸੇ ਨੇ ਪੂਰੇ ਦੇਸ਼ ਨੂੰ ਇੱਕਜੁੱਟ ਕਰ ਦਿੱਤਾ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਅਤੇ ਅਹਿਮਦਾਬਾਦ ਤੋਂ ਲੈ ਕੇ ਆਇਜ਼ੋਲ ਤੱਕ ਤੇ ਮੋਦੀ ਸਰਕਾਰ ਨੇ ਵੀ ਸੰਤੁਲਿਤ ਤੇ ਢੁੱਕਵਾਂ ਜਵਾਬ ਦਿੱਤਾ। ਆਰਥਿਕ ਤੇ ਕੂਟਨੀਤਕ ਦਬਾਅ ਬਣਾ ਕੇ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਗਿਆ, ਜਿਸ ਦਾ ਉਦੇਸ਼ ਪਾਕਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਲੜੀਵਾਰ ਸਟੀਕ ਹੱਲੇ ਬੋਲਣਾ ਸੀ। ਇਸ ਤੋਂ ਬਾਅਦ ਭਾਰਤੀ ਹਥਿਆਰਬੰਦ ਸੈਨਾਵਾਂ ਨੇ ਨਾ ਸਿਰਫ਼ ਸਾਡੇ ਦੇਸ਼ ਦੇ ਫ਼ੌਜੀ ਅੱਡਿਆਂ ’ਤੇ ਹਮਲਾ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਬਲਕਿ ਨਾਲ ਹੀ ਪਾਕਿਸਤਾਨੀ ਫ਼ੌਜੀ ਅੱਡਿਆਂ ’ਤੇ ਵੀ ਜ਼ੋਰਦਾਰ ਜਵਾਬੀ ਕਾਰਵਾਈ ਕੀਤੀ। ਸੈਨਾ ਨੇ ਪੂਰੀ ਕਾਰਵਾਈ ਦੇ ਸਬੂਤ ਢੁੱਕਵੇਂ ਢੰਗ ਨਾਲ ਲੋਕਾਂ ਅੱਗੇ ਰੱਖੇ।
ਇੰਤਜ਼ਾਰ ਕਰਨ ਤੇ ਫਿਰ ਫ਼ੈਸਲਾ ਕਰਨ ਵਾਲੀ ਇਸ ਜੰਗਬੰਦੀ ਦੇ ਵਿਚਕਾਰ ਭਾਰਤ ਨੇ ਪਾਕਿਸਤਾਨ ਤੋਂ ਉਪਜਦੇ ਅਤਿਵਾਦ ਵਿਰੁੱਧ ਆਲਮੀ ਪਹੁੰਚ ਆਰੰਭੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਸ਼ਮਣ ਗੁਆਂਢੀ ਨੂੰ ‘ਨਿਊ ਨਾਰਮਲ’ ਕਹਿ ਕੇ ਚਿਤਾਵਨੀ ਦਿੱਤੀ ਹੈ ਕਿ ਭਾਰਤੀ ਜ਼ਮੀਨ ’ਤੇ ਕਿਸੇ ਵੀ ਭਵਿੱਖੀ ਅਤਿਵਾਦੀ ਹਮਲੇ ਨੂੰ ਜੰਗ ਦਾ ਐਲਾਨ ਮੰਨਿਆ ਜਾਵੇਗਾ ਤੇ ਨਾਲ ਹੀ ਸਖ਼ਤ ਜਵਾਬੀ ਕਾਰਵਾਈ ਹੋਵੇਗੀ। ਪਾਕਿਸਤਾਨ ਨੂੰ ਮਿਲਿਆ ਸੁਨੇਹਾ ਬੁਲੰਦ ਤੇ ਸਪੱਸ਼ਟ ਹੈ: ਆਪਣੇ ਤੌਰ-ਤਰੀਕੇ ਬਦਲੋ ਜਾਂ ਸਜ਼ਾ ਦਾ ਸਾਹਮਣਾ ਕਰੋ। ਭਾਵੇਂ ਭਾਰਤ ਨੇ ਆਲਮੀ ਮੰਚ ’ਤੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ ਪਰ 22 ਅਪਰੈਲ ਦੇ ਕਤਲੇਆਮ ਵਿੱਚ ਪਾਕਿਸਤਾਨ ਦੀ ਭੂਮਿਕਾ ਦੇ ਠੋਸ ਸਬੂਤ ਇਕੱਠੇ ਕਰਨਾ ਬਹੁਤ ਜ਼ਰੂਰੀ ਹੈ।
ਇਹ ਚਿੰਤਾਜਨਕ ਹੈ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ), ਜਿਸ ਨੇ ਹਮਲੇ ਦੇ ਕੁਝ ਦਿਨਾਂ ਬਾਅਦ ਜੰਮੂ ਕਸ਼ਮੀਰ ਪੁਲੀਸ ਤੋਂ ਜਾਂਚ ਆਪਣੇ ਹੱਥਾਂ ਵਿੱਚ ਲਈ ਸੀ, ਅਜੇ ਤੱਕ ਕਾਤਲਾਂ ਦਾ ਪਤਾ ਲਗਾਉਣ ਵਿੱਚ ਸਫਲ ਨਹੀਂ ਹੋ ਸਕੀ ਹੈ। ਕੀ ਉਹ ਭਾਰਤ ਵਿੱਚ ਹਨ, ਪਾਕਿਸਤਾਨ ’ਚ ਜਾਂ ਕਿਤੇ ਹੋਰ? ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਰਾਸ਼ਟਰੀ ਜਾਂਚ ਏਜੰਸੀ ਦੀ ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਦੀ ਕੀਤੀ ਅਪੀਲ ਵੀ ਜ਼ਾਹਿਰਾ ਤੌਰ ’ਤੇ ਕੋਈ ਜ਼ਿਆਦਾ ਸਫਲ ਨਹੀਂ ਹੋਈ। ਹਥਿਆਰਬੰਦ ਸੈਨਾਵਾਂ ਨੇ ਸੰਪੂਰਨ ਤੌਰ ’ਤੇ ਯੋਜਨਾਬੱਧ ਅਪਰੇਸ਼ਨ ਸਿੰਧੂਰ ਨਾਲ ਆਪਣੇ ਟੀਚਿਆਂ ਨੂੰ ਪੂਰਾ ਕੀਤਾ ਹੈ ਤੇ ਬੇਸ਼ੱਕ ਆਪਣਾ ਰੋਲ ਨਿਭਾਇਆ ਹੈ। ਜਦੋਂਕਿ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ (ਐੱਨਆਈਏ) ’ਤੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ, ਹਮਲਾਵਰਾਂ ਦੇ ਨਾਲ-ਨਾਲ ਉਨ੍ਹਾਂ ਦੇ ਹੈਂਡਲਰਾਂ ਦਾ ਪਤਾ ਲਾਉਣ ਦੀ ਜ਼ਿੰਮੇਵਾਰੀ ਹੈ। ਪਾਕਿਸਤਾਨ ਦੇ ਖ਼ਿਲਾਫ਼ ਪੁਖ਼ਤਾ ਕੇਸ ਭਾਰਤ ਦੀ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਪਹਿਲਗਾਮ ਵਰਗੀ ਘਟਨਾ ਦੁਬਾਰਾ ਨਾ ਵਾਪਰੇ।