ਪਹਿਲਕਦਮੀ: ਚੋਣਾਂ ਵੇਲੇ ਕੀਤਾ ਵਾਅਦਾ ਪੁਗਾ ਰਿਹੈ ਹੁਲਕਾ ਦਾ ਸਰਪੰਚ
ਪੱਤਰ ਪ੍ਰੇਰਕ
ਬਨੂੜ, 2 ਫਰਵਰੀ
ਬਨੂੜ ਨੇੜਲੇ ਪਿੰਡ ਹੁਲਕਾ ਦੇ ਸਰਪੰਚ ਮਨਜੀਤ ਸਿੰਘ ਵੱਲੋਂ ਪਿੰਡ ਦੇ ਵਸਨੀਕਾਂ ਨਾਲ ਪੰਚਾਇਤੀ ਚੋਣਾਂ ਵੇਲੇ ਕੀਤਾ ਵਾਅਦਾ ਪੁਗਾਉਂਦਿਆਂ ਪਿੰਡ ਦੀ ਹਰ ਲੜਕੀ ਦੇ ਵਿਆਹ ਮੌਕੇ 25 ਹਜ਼ਾਰ ਦਾ ਸ਼ਗਨ ਦੇ ਰਹੇ ਹਨ। ਇਸੇ ਲੜੀ ਤਹਿਤ ਉਨ੍ਹਾਂ ਅੱਜ ਪਿੰਡ ਦੀ ਇੱਕ ਲੜਕੀ ਦੇ ਵਿਆਹ ਵਿੱਚ ਸ਼ਾਮਿਲ ਹੋ ਕੇ 25 ਹਜ਼ਾਰ ਦੀ ਰਾਸ਼ੀ ਵਿਆਹੁਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਰਿਸ਼ਦ ਮੈਂਬਰ ਖਜ਼ਾਨ ਸਿੰਘ ਹੁਲਕਾ, ਕੈਪਟਨ ਤਾਰਾ ਸਿੰਘ, ਪੰਚਾਇਤ ਮੈਂਬਰ ਮੰਗਾ ਰਾਮ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ ਹੁਲਕਾ, ਪਰਮਜੀਤ ਕੌਰ, ਰਮਨਪ੍ਰੀਤ ਕੌਰ, ਕੁਲਵਿੰਦਰ ਸਿੰਘ ਸਾਬਕਾ ਮੈਂਬਰ, ਟੋਨੀ ਪੰਚ, ਗੁਰਦੀਪ ਸਿੰਘ, ਇੰਦਰ ਸਿੰਘ ਅਤੇ ਮਨੀ ਸਿੰਘ ਹਾਜ਼ਰ ਸਨ। ਮਨਜੀਤ ਸਿੰਘ ਨੇ ਦੱਸਿਆ ਕਿ ਐਤਕੀਂ ਉਹ ਲਗਾਤਾਰ ਦੂਜੀ ਵੇਰ ਸਰਪੰਚ ਬਣੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਤੇ ਚੋਣ ਜਿੱਤਣ ਮਗਰੋਂ ਲਗਾਤਾਰ ਇਸ ਵਾਅਦੇ ਦੀ ਪੂਰਤੀ ਆਪਣੀ ਜੇਬ ਵਿੱਚੋਂ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸ਼ਗਨ ਰਾਸ਼ੀ ਦੇਣਾ ਜਾਰੀ ਰੱਖਣਗੇ।