ਪਸੰਦ ਦਾ ਗੀਤ ਨਾ ਚਲਾਉਣ ਕਾਰਨ ਰੈਸਟੋਰੈਂਟ ਮੈਨੇਜਰ ਦੀ ਕੁੱਟਮਾਰ
ਸੁਭਾਸ਼ ਚੰਦਰ
ਸਮਾਣਾ, 3 ਜੂਨ
ਇੱਥੇ ਆਪਣੀ ਮਰਜ਼ੀ ਦਾ ਗਾਣਾ ਨਾ ਵਜਾਉਣ ਕਾਰਨ ਗੁੱਸੇ ਵਿੱਚ ਆਏ ਨੌਜਵਾਨਾਂ ਵੱਲੋਂ ਰੈਸਟੋਰੈਂਟ ਮੈਨੇਜਰ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਥਾਣਾ ਸਿਟੀ ਦੀ ਪੁਲੀਸ ਨੇ ਮਾਮਲੇ ਵਿੱਚ ਅੱਠ ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਆਸ਼ੀਸ਼ ਸ਼ਰਮਾ ਵਾਸੀ ਪ੍ਰਤਾਪ ਕਲੋਨੀ ਸਮਾਣਾ, ਗਗਨਦੀਪ ਸਿੰਘ ਵਾਸੀ ਪੁਰਾਣੀ ਸਰਾਂਪਤਾ ਸਮਾਣਾ ਅਤੇ 6 ਅਣ-ਪਛਾਤੇ ਨੌਜਵਾਨ ਸ਼ਾਮਲ ਹਨ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਓਲਿਵ ਰੈਸਟੋਰੈਂਟ ਦੇ ਮੈਨੇਜਰ ਦਪਿੰਦਰ ਸਿੰਘ ਵਾਸੀ ਘੁੰਮਣ ਨਗਰ ਪਟਿਆਲਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਅੱਧੀ ਰਾਤ 12 ਵਜੇ ਸ਼ਰਾਬ ਪੀ ਕੇ ਆਏ ਕੁਝ ਨੌਜਵਾਨਾਂ ਨੇ ਰੈਸਟੋਰੈਂਟ ਵਿਚ ਆ ਕੇ ਆਪਣੀ ਮਰਜ਼ੀ ਦਾ ਗਾਣਾ ਚਲਾਉਣ ਦੀ ਜ਼ਿੱਦ ਕੀਤੀ ਪਰ ਦੇਰ ਰਾਤ ਹੋਣ ਅਤੇ ਰੈਸਟੋਰੈਂਟ ਬੰਦ ਕਰਨ ਲਈ ਉਨ੍ਹਾਂ ਨੂੰ ਉੱਥੋੋਂ ਜਾਣ ਬਾਰੇ ਕਹਿਣ ’ਤੇ ਗੁੱਸੇ ਵਿਚ ਆਏ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੇ ਗਲੇ ’ਚ ਪਾਈ ਸਵਾ ਤੋਲੇ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਜ਼ਖ਼ਮੀ ਮੈਨੇਜਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਅਨੁਸਾਰ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਦੋ ਜਣਿਆਂ ਦੀ ਪਛਾਣ ਹੋ ਚੁੱਕੀ ਹੈ ਤੇ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਛੇਤੀ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾ ਜਾਵੇਗੀ।