ਪਸ਼ੂਆਂ ਸਣੇ ਖੋਹੀ ਮਹਿੰਦਰਾ ਪਿਕਅੱਪ ਬਰਾਮਦ
ਹਰਦੀਪ ਸਿੰਘ
ਧਰਮਕੋਟ 3 ਫ਼ਰਵਰੀ
ਧਰਮਕੋਟ-ਕੋਟ ਈਸੇ ਖਾਂ ਮੁੱਖ ਸੜਕ ’ਤੇ ਪਿੰਡ ਨਸੀਰਪੁਰ ਜਾਨੀਆਂ ਕੋਲੋਂ ਤਿੰਨ ਦਿਨ ਪਹਿਲਾਂ ਪਸ਼ੂਆਂ ਸਮੇਤ ਖੋਹੀ ਮਹਿੰਦਰਾ ਪਿਕਅੱਪ ਜੀਪ ਪੁਲੀਸ ਨੇ ਬਰਾਮਦ ਕਰ ਲਈ ਹੈ। ਉਪ ਪੁਲੀਸ ਕਪਤਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਦੇ ਮੁਖੀ ਸੁਨੀਤਾ ਬਾਵਾ ਦੀ ਅਗਵਾਈ ਹੇਠ ਪੁਲੀਸ ਟੀਮ ਵਾਰਦਾਤ ਤੋਂ ਬਾਅਦ ਲਗਾਤਾਰ ਇਸ ਕੇਸ ਨੂੰ ਹੱਲ ਕਰਨ ਵਿਚ ਲੱਗੀ ਹੋਈ ਸੀ। ਪੁਲੀਸ ਨੇ ਪਸ਼ੂਆਂ ਸਮੇਤ ਖੋਹੀ ਗੱਡੀ ਨੂੰ ਕੋਟ ਈਸੇ ਖਾਂ ਤੋਂ ਮਸੀਤਾਂ ਵਾਲੀ ਸੜਕ ’ਤੇ ਇੱਕ ਵਿਰਾਨ ਪਈ ਥਾਂ ਤੋਂ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਹਾਲੇ ਵੀ ਪੁਲੀਸ ਦੀ ਪਕੜ ’ਚੋਂ ਬਾਹਰ ਹਨ, ਪਰ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਡੀਐੱਸਪੀ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਵਿਖੇ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਸਰੋਤਾਂ ਰਾਹੀਂ ਪੁਲੀਸ ਪੂਰੀ ਸਰਗਰਮੀ ਨਾਲ ਮਾਮਲੇ ਨੂੰ ਹੱਲ ਕਰਨ ਵਿੱਚ ਲੱਗੀ ਰਹੀ ਜਿਸ ਸਦਕਾ ਪੁਲੀਸ ਨੂੰ ਸਫਲਤਾ ਹੱਥ ਲੱਗੀ ਹੈ। ਇਥੇ ਦੱਸਣਯੋਗ ਹੈ ਕਿ ਇਹ ਘਟਨਾ ਪਹਿਲੀ ਫਰਵਰੀ ਨੂੰ ਵਾਪਰੀ ਸੀ ਜਦੋਂ ਅਬੋਹਰ ਤੋਂ ਜਲੰਧਰ ਪਸ਼ੂ ਲੈ ਕੇ ਜਾ ਰਹੀ ਮਹਿੰਦਰਾ ਪਿਕਅੱਪ ਜੀਪ ਜਿਸ ਵਿਚ ਦੋ ਮੱਝਾਂ ਅਤੇ ਕੱਟਰੂ ਸਨ, ਦੇ ਚਾਲਕ ਪਿੰਡ ਨਸੀਰਪੁਰ ਜਾਨੀਆਂ ਵਿੱਚ ਕੁੱਝ ਸਮੇਂ ਲਈ ਰੁਕੇ ਸਨ। ਇਸ ਦੌਰਾਨ ਅਣਪਛਾਤੇ ਵਿਅਕਤੀ ਹਥਿਆਰ ਦਿਖਾ ਕੇ ਉਨ੍ਹਾਂ ਤੋਂ ਪਿੱਕਅੱਪ ਖੋਹ ਕੇ ਫ਼ਰਾਰ ਹੋ ਗਏ। ਸੰਦੀਪ ਕੁਮਾਰ ਨਾਮੀ ਅਬੋਹਰ ਨਿਵਾਸੀ ਨੇ ਪੁਲੀਸ ਕੋਲ ਇਸ ਸਬੰਧੀ ਕੇਸ ਦਰਜ ਕਰਵਾਇਆ ਸੀ।