For the best experience, open
https://m.punjabitribuneonline.com
on your mobile browser.
Advertisement

ਪਸ਼ੂਆਂ ਨੂੰ ਧੁੱਪ ਤੋਂ ਬਚਾਓ

04:35 AM Jun 16, 2025 IST
ਪਸ਼ੂਆਂ ਨੂੰ ਧੁੱਪ ਤੋਂ ਬਚਾਓ
Advertisement

ਡਾ. ਰਣਜੀਤ ਸਿੰਘ

Advertisement

ਗਰਮੀ ਪੈ ਰਹੀ ਹੈ। ਇਸ ਕਰ ਕੇ ਪਸ਼ੂਆਂ ਨੂੰ ਧੁੱਪ ਤੋਂ ਬਚਾਓ। ਡੰਗਰਾਂ ਨੂੰ ਬੱਚਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ। ਸਵੇਰੇ ਸ਼ਾਮ ਇਨ੍ਹਾਂ ਨਾਲ ਗੱਲਾਂ ਕਰੋ, ਪਿਆਰ ਕਰੋ ਤੇ ਪਲੋਸੋ, ਇਨ੍ਹਾਂ ਦੇ ਚਿਹਰੇ ਉੱਤੇ ਖ਼ੁਸ਼ੀ ਨਜ਼ਰ ਆਵੇਗੀ।
1) ਧੁੱਪ ਦੇ ਹੁੰਦਿਆਂ ਹੀ ਡੰਗਰਾਂ ਨੂੰ ਸੰਘਣੀ ਛਾਂ ਵਾਲੇ ਰੁੱਖ ਹੇਠ ਬੰਨ੍ਹਿਆ ਜਾਵੇ। ਜੇ ਅਜਿਹਾ ਨਹੀਂ ਹੋ ਸਕਦਾ ਤਾਂ ਹਵਾਦਾਰ ਸ਼ੈੱਡ ਵਿੱਚ ਰੱਖਿਆ ਜਾਵੇ। ਸ਼ੈੱਡ ਵਿਚ ਪੱਖੇ ਲਗਾਏ ਜਾਣ; ਹੋ ਸਕੇ ਤਾਂ ਕੂਲਰ ਵੀ ਲਗਾਏ ਜਾਣ। ਸ਼ੈੱਡ ਦੇ ਚੌਗਿਰਦੇ ਖੱਸ ਦੀਆਂ ਸਫ਼ਾਂ ਗਿੱਲੀਆਂ ਕਰ ਕੇ ਟੰਗੀਆਂ ਜਾਣ।
2) ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਡੰਗਰਾਂ ਨੂੰ ਤਾਜ਼ਾ ਪਾਣੀ ਪਿਲਾਇਆ ਜਾਵੇ।
3) ਇਸ ਮਹੀਨੇ ਪਸ਼ੂਆਂ ਨੂੰ ਦਿਨ ਵਿਚ ਦੋ ਵਾਰ ਨੁਹਾਇਆ ਜਾਵੇ। ਕਈ ਪਸ਼ੂ ਪਾਲਕਾਂ ਨੇ ਫ਼ੁਆਰੇ ਲਗਾਏ ਹੋਏ ਹਨ, ਜਿਨ੍ਹਾਂ ਨਾਲ ਡੰਗਰਾਂ ਨੂੰ ਨੁਹਾਇਆ ਜਾਂਦਾ ਹੈ। ਦੋਗਲੀਆਂ ਗਊਆਂ ਲਈ ਇਹ ਬਹੁਤ ਜ਼ਰੂਰੀ ਹੈ।
ਗਰਮੀਆਂ ਵਿਚ ਆਮ ਕਰ ਕੇ ਦੁਧਾਰੂਆਂ ਦਾ ਦੁੱਧ ਘਟ ਜਾਂਦਾ ਹੈ। ਗਰਮੀ ਦੇ ਨਾਲੋ-ਨਾਲ ਹਰੇ ਚਾਰੇ ਦੀ ਘਾਟ ਵੀ ਇਸ ਦਾ ਕਾਰਨ ਬਣਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਸ਼ੂ ਨੂੰ ਰੋਜ਼ਾਨਾ 40 ਕਿਲੋ ਹਰਾ ਚਾਰਾ ਚਾਹੀਦਾ ਹੈ। ਪੰਜਾਬ ਵਿਚ ਲਗਭਗ ਸਾਰੀ ਧਰਤੀ ਹੀ ਸੇਂਜੂ ਹੈ। ਇਸ ਕਰ ਕੇ ਸਾਰਾ ਸਾਲ ਹਰਾ ਚਾਰਾ ਪੈਦਾ ਕੀਤਾ ਜਾ ਸਕਦਾ ਹੈ। ਸਾਨੂੰ ਇਹ ਪੱਕ ਕਰ ਲੈਣਾ ਚਾਹੀਦਾ ਹੈ ਕਿ ਚਾਰੇ ਦੀ ਬਿਜਾਈ ਦੀ ਅਜਿਹੀ ਸਕੀਮ ਬਣਾਈ ਜਾਵੇ ਤਾਂ ਜੋ ਲੋੜ ਅਨੁਸਾਰ ਹਰਾ ਚਾਰਾ ਮਿਲਦਾ ਰਹੇ। ਗਰਮੀਆਂ ਵਿਚ ਮੱਕੀ, ਬਾਜਰਾ ਤੇ ਚਰ੍ਹੀ ਮੁੱਖ ਚਾਰੇ ਹਨ; ਇਨ੍ਹਾਂ ਵਿਚ ਰਵਾਂਹ ਰਲਾ ਕੇ ਬੀਜ ਦਿੱਤੇ ਜਾਣ ਤਾਂ ਚਾਰਾ ਹੋਰ ਵੀ ਪੌਸ਼ਟਿਕ ਹੋ ਜਾਂਦਾ ਹੈ। ਰਵਾਂਹ ਉਂਝ ਵੀ ਧਰਤੀ ਦੀ ਸਿਹਤ ਨੂੰ ਠੀਕ ਕਰਦੇ ਹਨ। ਇਸ ਦੇ ਨਾਲ ਹੀ ਪਸ਼ੂ ਨੂੰ ਲੋੜੀਂਦੀ ਖੁਰਾਕ ਵੀ ਚਾਹੀਦੀ ਹੈ। ਇਸ ਵਿੱਚ ਮਿਨਰਲ ਮਿਕਸਚਰ ਅਤੇ ਆਇਓਡਾਈਜ਼ ਲੂਣ ਵੀ ਹੋਣਾ ਚਾਹੀਦਾ ਹੈ। ਪਸ਼ੂ ਖੁਰਾਕ ਜਿਸ ਨੂੰ ਵੰਡਾ ਵੀ ਆਖਿਆ ਜਾਂਦਾ ਹੈ, ਰੋਜ਼ਾਨਾ ਤਿੰਨ ਕੁ ਕਿਲੋ ਜ਼ਰੂਰ ਪਾਉਣੀ ਚਾਹੀਦੀ ਹੈ। ਕਿਸਾਨਾਂ ਲਈ ਆਪ ਸੰਤੁਲਿਤ ਫੀਡ ਬਣਾਉਣਾ ਔਖਾ ਹੈ। ਸਾਰੇ ਤੱਤਾਂ ਨੂੰ ਇਕੱਠਾ ਕਰਨਾ ਤੇ ਸਹੀ ਮਾਤਰਾ ਵਿਚ ਰਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਚੰਗੀਆਂ ਕੰਪਨੀਆਂ ਵਾਲੀ ਸੰਪੂਰਨ ਪਸ਼ੂ ਖੁਰਾਕ ਵਰਤੀ ਜਾਵੇ। ਇਹ ਆਮ ਆਖਿਆ ਜਾਂਦਾ ਹੈ ਕਿ ਪੌਸ਼ਟਿਕ ਆਹਾਰ ਬਿਹਤਰ ਹੁੰਦਾ ਹੈ। ਖ਼ੁਰਾਕ ਵਧੀਆ ਹੋਵੇ ਤਾਂ ਡੰਗਰ ਸਿਹਤਮੰਦ ਰਹਿੰਦੇ ਹਨ, ਦੁੱਧ ਅਤੇ ਚਿਕਨਾਈ ਵਿਚ ਵਾਧਾ ਹੁੰਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਸੋਇਆਬੀਨ ਦੀ ਕਾਸ਼ਤ ਪੰਜਾਬ ’ਚ ਕੀਤੀ ਜਾ ਸਕਦੀ ਹੈ। ਐੱਸਐੱਲ-958, ਐੱਸਐੱਲ-744 ਤੇ ਐੱਸਐੱਲ-525 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਲਈ 30 ਕਿਲੋ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਬਰੈਡੀਰਾਈਜ਼ੋਬੀਅਮ ਦਾ ਟੀਕਾ ਲਗਾਓ। ਸੋਇਆਬੀਨ ਦੀ ਖੇਤੀ ਮੱਕੀ ਵਿੱਚ ਵੀ ਕੀਤੀ ਜਾ ਸਕਦੀ ਹੈ। ਮੱਕੀ ਦੀਆਂ ਲਾਈਨਾਂ ਵਿਚਕਾਰ ਇਕ ਲਾਈਨ ਸੋਇਆਬੀਨ ਦੀ ਬੀਜੀ ਜਾ ਸਕਦੀ ਹੈ।
ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੀ ਬਿਜਾਈ ਲਈ ਹੁਣ ਢੁਕਵਾਂ ਸਮਾਂ ਹੈ। ਹਮੇਸ਼ਾ ਪੰਜਾਬ ਵਿਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਝੋਨੇ ਦੀ ਲੁਆਈ ਸ਼ੁਰੂ ਹੈ। ਯਤਨ ਕਰੋ, ਇਹ ਜੂਨ ਵਿੱਚ ਪੂਰੀ ਹੋ ਜਾਵੇ। ਅਗਲੇ ਮਹੀਨੇ ਲੁਆਈ ਕਰਨੀ ਪੈ ਜਾਵੇ ਤਾਂ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਲੁਆਈ ਕਰੋ। ਪੀਆਰ-126, ਐੱਚਕੇਆਰ-47 ਅਤੇ ਪੀਆਰ-130 ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ। ਇਕ ਵਰਗ ਮੀਟਰ ਥਾਂ ਵਿਚ 33 ਬੂਟੇ ਲਗਾਉਣ ਦਾ ਯਤਨ ਕੀਤਾ ਜਾਵੇ। ਪੰਜਾਬ ਵਿਚ ਝੋਨੇ ਦੀ ਕਿਸੇ ਵੀ ਦੋਗਲੀ ਕਿਸਮ ਦੀ ਸਿਫ਼ਾਰਸ਼ ਨਹੀਂ ਕੀਤੀ ਗਈ। ਇਸ ਕਰ ਕੇ ਦੋਗਲੀਆਂ ਕਿਸਮਾਂ ਦੀ ਕਾਸ਼ਤ ਨਾ ਕੀਤੀ ਜਾਵੇ। ਪੂਸਾ 44 ਕਿਸਮ ਦੀ ਬਿਜਾਈ ਉੱਤੇ ਸਰਕਾਰ ਨੇ ਪਾਬੰਦੀ ਲਗਾਈ ਹੈ। ਇਸ ਦੀ ਕਾਸ਼ਤ ਨਾ ਕਰੋ।
ਬਾਸਮਤੀ ਦੀ ਲੁਆਈ ਜੂਨ ਮਹੀਨੇ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਮੌਸਮ ਅਨੁਕੂਲ ਨਾ ਹੋਣ ਕਰ ਕੇ ਬਾਸਮਤੀ ਵਾਲੇ ਗੁਣ ਨਹੀਂ ਬਣਦੇ। ਬਾਸਮਤੀ ਦੀ ਲੁਆਈ ਅਗਲੇ ਮਹੀਨੇ ਕਰੋ। ਪੂਸਾ ਬਾਸਮਤੀ-1847, ਪੰਜਾਬ ਬਾਸਮਤੀ-7 ਤੋਂ 19 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ।
ਨਰਮਾ ਪੱਛਮੀ ਜ਼ਿਲ੍ਹਿਆਂ ਦੀ ਮੁੱਖ ਫ਼ਸਲ ਹੈ। ਇਸ ਉਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਸਭ ਤੋਂ ਵੱਧ ਹੁੰਦਾ ਹੈ। ਇਸ ਕਰ ਕੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪੈਂਦੀ ਹੈ। ਫ਼ਸਲ ਦਾ ਰੋਜ਼ ਸਰਵੇਖਣ ਕਰੋ। ਜਦੋਂ ਫ਼ਸਲ ਉਤੇ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਆਪਣੇ ਇਲਾਕੇ ਦੇ ਖੇਤੀ ਮਾਹਿਰ ਨਾਲ ਸੰਪਰਕ ਕਰੋ। ਉਸੇ ਦੀ ਸਲਾਹ ਅਨੁਸਾਰ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਆਪਣੇ ਆਪ ਜਾਂ ਕਿਸੇ ਦੁਕਾਨਦਾਰ ਦੇ ਆਖਣ ਉਤੇ ਜ਼ਹਿਰਾਂ ਦਾ ਛਿੜਕਾਓ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਜੇ ਮੀਂਹ ਨਹੀਂ ਪਿਆ ਅਤੇ ਨਰਮੇ ਨੂੰ ਪਹਿਲਾ ਪਾਣੀ ਨਹੀਂ ਦਿੱਤਾ ਤਾਂ ਹੁਣ ਪਾਣੀ ਜ਼ਰੂਰ ਲਗਾਵੋ।
ਮਾਂਹ ਦੀ ਦਾਲ ਪੰਜਾਬੀ ਘਰਾਂ ਵਿਚ ਸਭ ਤੋਂ ਵੱਧ ਵਰਤੀ ਜਾਂਦੀ ਹੈ। ਇਸ ਨੂੰ ਸ਼ਗਨਾਂ ਦੀ ਨਿਸ਼ਾਨੀ ਵੀ ਮੰਨਿਆ ਜਾਂਦਾ ਹੈ। ਬਾਜ਼ਾਰ ਵਿਚ ਇਹ ਸਭ ਤੋਂ ਮਹਿੰਗੀ ਮਿਲਦੀ ਹੈ ਪਰ ਬਹੁਤ ਘੱਟ ਕਿਸਾਨ ਮਾਂਹ ਦੀ ਕਾਸ਼ਤ ਕਰਦੇ ਹਨ। ਪਿਛਲੇ ਸਾਲ ਪੰਜਾਬ ਵਿਚ ਕੇਵਲ ਦੋ ਹਜ਼ਾਰ ਹੈਕਟੇਅਰ ਤੋਂ ਵੀ ਘੱਟ ਰਕਬੇ ਵਿਚ ਇਸ ਦੀ ਕਾਸ਼ਤ ਕੀਤੀ ਗਈ ਸੀ। ਘੱਟੋ-ਘੱਟ ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਇਸ ਦੀ ਬਿਜਾਈ ਜ਼ਰੂਰ ਕਰਨੀ ਚਾਹੀਦੀ ਹੈ। ਇਹ ਮਨੁੱਖ ਦੀ ਸਿਹਤ ਲਈ ਹੀ ਠੀਕ ਨਹੀਂ ਸਗੋਂ ਧਰਤੀ ਦੀ ਸਿਹਤ ਵੀ ਠੀਕ ਕਰਦੀ ਹੈ। ਇਸ ਦੀ ਬਿਜਾਈ ਇਸ ਮਹੀਨੇ ਦੇ ਅਖ਼ੀਰ ਜਾਂ ਅਗਲੇ ਮਹੀਨੇ ਦੇ ਸ਼ੁਰੂ ਵਿਚ ਕਰ ਦੇਣੀ ਚਾਹੀਦੀ ਹੈ। ਪੰਜਾਬ ਵਿਚ ਕਾਸ਼ਤ ਲਈ ਮਾਂਹ-883, ਮਾਂਹ-114 ਅਤੇ ਮਾਂਹ-338 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਵਧੀਆ ਫ਼ਸਲ ਚਾਰ ਕੁਇੰਟਲ ਤੱਕ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਇਕ ਏਕੜ ਲਈ 8 ਕਿਲੋ ਮੋਟਾ ਤੇ ਨਿਰੋਗ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਿਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਇਕ ਮਹੀਨੇ ਪਿਛੋਂ ਗੋਡੀ ਜ਼ਰੂਰ ਕਰੋ। ਬਰਸਾਤ ਦਾ ਪਾਣੀ ਖੇਤ ਵਿਚ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾ ਦੇਣਾ ਚਾਹੀਦਾ ਹੈ। ਮਾਂਹ ਨੂੰ ਮੱਕੀ ਦੀ ਫ਼ਸਲ ਵਿਚ ਵੀ ਬੀਜਿਆ ਜਾ ਸਕਦਾ ਹੈ।
ਮੱਕੀ ਦੀ ਕਾਸ਼ਤ ਲਈ ਪੀਐੱਮਐੱਚ-11, ਪੀਐੱਮਐੱਚ-1, ਪੀਐੱਮਐੱਚ-17, ਡੀਕੇਸੀ-9144 ਅਤੇ ਪੀਐੱਮਐੱਚ-2 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਐੱਮਐੱਚ-2 ਕੇਵਲ 83 ਦਿਨਾਂ ਵਿੱਚ ਪੱਕ ਜਾਂਦੀ ਹੈ ਪਰ ਇਸ ਦਾ ਝਾੜ 18 ਕੁਇੰਟਲ ਪ੍ਰਤੀ ਏਕੜ ਹੈ। ਸਭ ਤੋਂ ਵੱਧ ਝਾੜ 25 ਕੁਇੰਟਲ ਪ੍ਰਤੀ ਏਕੜ ਜੀਐੱਮਐੱਚ-17 ਦਾ ਹੈ। ਇਹ ਕਿਸਮ 96 ਦਿਨਾਂ ਵਿੱਚ ਪੱਕ ਜਾਂਦੀ ਹੈ। ਜੇ ਮੰਡੀ ਵਿਚ ਹਰੀਆਂ ਛੱਲੀਆਂ ਵੇਚਣੀਆਂ ਹੋਣ ਤਾਂ ਪੰਜਾਬ ਸਵੀਟ ਕੌਰਨ-1 ਕਿਸਮ ਦੀ ਬਿਜਾਈ ਕਰੋ। ਇਸ ਦੇ ਦਾਣੇ ਮਿੱਠੇ ਹੁੰਦੇ ਹਨ ਤੇ ਇਹ ਮਹਿੰਗੇ ਭਾਅ ਵਿਕਦੀ ਹੈ। ਇਸੇ ਤਰ੍ਹਾਂ ਪੌਪ ਕੌਰਨ ਬਣਾਉਣ ਲਈ ਪਰਲ ਪੌਪ ਕੌਰਨ ਕਿਸਮ ਬੀਜੀ ਜਾਵੇ। ਇਸ ਦਾ ਝਾੜ ਕੋਈ 12 ਕੁਇੰਟਲ ਪ੍ਰਤੀ ਏਕੜ ਹੈ। ਜੇ ਵਿਕਰੀ ਦਾ ਪ੍ਰਬੰਧ ਹੋ ਸਕੇ ਤਾਂ ਕੁਝ ਰਕਬੇ ਵਿੱਚ ਮੱਕੀ ਦੀ ਕਾਸ਼ਤ ਬੇਬੀ ਕੌਰਨ ਲਈ ਕਰਨੀ ਚਾਹੀਦੀ ਹੈ। ਬੇਬੀ ਕੌਰਨ ਲਈ ਛੱਲੀ ਦੇ ਸੂਤ ਕੱਤਣਾ ਸ਼ੁਰੂ ਹੁੰਦਿਆਂ ਹੀ ਛੱਲੀ ਤੋੜ ਲਈ ਜਾਂਦੀ ਹੈ। ਇਸ ਨੂੰ ਚੰਗੇ ਹੋਟਲਾਂ ਵਿੱਚ ਸਲਾਦ, ਪਕੌੜੇ, ਅਚਾਰ ਆਦਿ ਲਈ ਵਰਤਿਆ ਜਾਂਦਾ ਹੈ। ਇਸ ਲਈ ਪੰਜਾਬ ਬੇਬੀ ਕੌਰਨ-1 ਕਿਸਮ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਕ ਏਕੜ ਲਈ 10 ਕਿਲੋਗ੍ਰਾਮ ਬੀਜ ਦੀ ਲੋੜ ਹੈ। ਹਮੇਸ਼ਾ ਰੋਗ ਰਹਿਤ, ਨਰੋਆ ਅਤੇ ਸਿਫ਼ਾਰਸ਼ ਕੀਤੀ ਕਿਸਮ ਦਾ ਹੀ ਬੀਜ ਵਰਤੋ। ਸਾਉਣੀ ਦੀਆਂ ਫ਼ਸਲਾਂ ਲਈ ਜੇ ਹੋ ਸਕੇ ਤਾਂ ਰੂੜੀ ਦੀ ਵਰਤੋਂ ਜ਼ਰੂਰ ਕਰੋ।
ਸੰਪਰਕ: 94170-87328

Advertisement
Advertisement

Advertisement
Author Image

Jasvir Samar

View all posts

Advertisement