ਨਿੱਜੀ ਪੱਤਰ ਪ੍ਰੇਰਕਖੰਨਾ, 15 ਅਪਰੈਲਸ੍ਰੀ ਗੋਵਰਧਨ ਗਊਸ਼ਾਲਾ ਵਿੱਚ ਮਹਿਕਮਾ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ। ਇਹ ਟੀਕਾਕਰਨ ਪਸ਼ੂ ਪਾਲਣ ਵਿਭਾਗ ਦੇ ਸਟਾਫ਼ ਵੱਲੋਂ ਖੰਨਾ ਇਲਾਕੇ ਅੰਦਰ ਘਰ-ਘਰ ਜਾ ਕੇ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਮੱਝਾਂ-ਗਾਵਾਂ ਨੂੰ ਮੂੰਹ ਖੁਰ ਰੋਗ ਤੋਂ ਬਚਾਅ ਕੇ ਰੱਖਣਾ ਹੈ ਤਾਂ ਜੋ ਪਸ਼ੂ ਪਾਲਕਾਂ ਅਤੇ ਗਊਸ਼ਾਲਾਵਾਂ ਦੇ ਕੀਮਤੀ ਪਸ਼ੂਧਨ ਦੀ ਇਸ ਨਾਮੁਰਾਦ ਬਿਮਾਰੀ ਤੋਂ ਰੱਖਿਆ ਕੀਤੀ ਜਾ ਸਕੇ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਅਮਰੀਕ ਸਿੰਘ ਅਤੇ ਵੈਟਰਨਰੀ ਅਫ਼ਸਰ ਡਾ. ਗਗਨਦੀਪ ਕੌਸ਼ਲ ਨੇ ਕਿਹਾ ਕਿ ਪਸ਼ੂਆਂ ਦੇ ਟੀਕਾਕਰਨ ਲਈ ਲੋੜਵੰਦ ਪਸ਼ੂ ਪਾਲਕ ਅਤੇ ਗਊਸ਼ਾਲਾ ਪ੍ਰਬੰਧਕ ਆਪਣੇ ਇਲਾਕੇ ਦੇ ਵੈਟਰਨਰੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪੰਜ ਲੱਖ ਗੋਕੇ ਅਤੇ ਮੈਹਰੂ ਪਸ਼ੂਆਂ ਨੂੰ ਨਵੀਂ ਸੂਈ ਸਰਿੰਜ ਨਾਲ ਘਰ-ਘਰ ਜਾ ਕੇ ਮੁਫ਼ਤ ਵੈਕਸੀਨ ਲਾਈ ਜਾ ਰਹੀ ਹੈ। ਡਾ. ਕੌਸ਼ਲ ਨੇ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਲੋਕਪੱਖੀ ਟੀਕਾਕਰਨ ਮੁਹਿੰਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਅਪੀਲ ਕੀਤੀ। ਡਾ. ਅਮਰੀਕ ਸਿੰਘ ਨੇ ਵੈਟਰਨਰੀ ਸਟਾਫ਼ ਨੂੰ ਇਸ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਨੈਸ਼ਨਲ ਐਨੀਮਲ ਡਿਸੀਜ਼ ਕੰਟਰੋਲ ਪ੍ਰੋਗਰਾਮ ਅਧੀਨ 45 ਦਿਨਾਂ ਦੀ ਮੁਹਿੰਮ 31 ਮਈ ਤੱਕ ਪੂਰੇ ਜ਼ਿਲ੍ਹੇ ਅੰਦਰ ਜਾਰੀ ਰਹੇਗੀ। ਇਸ ਮੌਕੇ ਪੁਸਪਦੱਤ ਵਿਠਲ, ਵਿਜੈ ਸ਼ਰਮਾ, ਡਾ.ਸੁਖਜਿੰਦਰ ਸਿੰਘ, ਡਾ.ਪਰਮਵੀਰ ਸੱਲ੍ਹਣ ਤੇ ਜਗਦੇਵ ਸਿੰਘ ਆਦਿ ਹਾਜ਼ਰ ਸਨ।