ਪਵਿੱਤਰ ਕਾਲੀ ਵੇਈਂ ਕੰਢੇ ਪੰਜ ਥਾਈਂ ਧਾਰਮਿਕ ਦੀਵਾਨ ਸਜਾਏ
ਪੱਤਰ ਪ੍ਰੇਰਕ
ਜਲੰਧਰ , 14 ਅਪਰੈਲ
ਵਿਸਾਖੀ ਦੇ ਤਿਉਹਾਰ ਮੌਕੇ ਪਵਿੱਤਰ ਕਾਲੀ ਵੇਈਂ ਦੇ ਪੱਤਣਾਂ ’ਤੇ ਪੰਜ ਥਾਈਂ ਧਾਰਮਿਕ ਦੀਵਾਨ ਸਜਾਏ ਗਏ ਅਤੇ ਸੰਗਤ ਵੱਲੋਂ ਇਸ਼ਨਾਨ ਕੀਤਾ ਗਿਆ। ਵੱਖ ਵੱਖ ਥਾਈਂ ਸਜਾਏ ਗਏ ਧਾਰਮਿਕ ਦੀਵਾਨਾਂ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਸੰਗਤ ਨੂੰ ਸਮਾਗਮ ਦਾ ਇਤਿਹਾਸਿਕ ਪਿਛੋਕੜ ਦੱਸਦਿਆਂ ਕਿਹਾ ਕਿ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲਈ ਸਤਲੁਜ ਦਰਿਆ ਵਿੱਚੋਂ ਨਿਰਮਲ ਜਲ ਲਿਆ ਸੀ ਪਰ ਹੁਣ ਉਸੇ ਸਤਲੁਜ ਦਰਿਆ ਦੇ ਕੰਢੇ ਖੜ੍ਹੇ ਹੋਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਵਿੱਚ ਵੱਡੇ ਵਡੇਰੇ ਪਾਣੀ ਦੇ ਕੁਦਰਤੀ ਸਰੋਤਾਂ ਕਿਨਾਰੇ ਵਿਸਾਖੀ ਮਨਾਉਂਦੇ ਸਨ, ਤੇ ਉਹ ਕੁਦਰਤੀ ਸਰੋਤਾਂ ਨੂੰ ਗੰਧਲਾ ਨਹੀ ਸੀ ਕਰਦੇ ਪਰ ਮੌਜੂਦਾ ਸਮੇਂ ਦੇਸ਼ ਦੀਆਂ ਲਗਭੱਗ ਸਾਰੀਆਂ ਨਦੀਆਂ ਅੱਜ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਜੀਵਨ ਦੇਣ ਵਾਲੇ ਪਾਣੀ ਦੇ ਕੁਦਰਤੀ ਸਰੋਤਾਂ ਪ੍ਰਤੀ ਅਜਿਹੀ ਬੇਰੁੱਖੀ ਨਾਲ ਹੀ ਮਨੁੱਖੀ ਸਿਹਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਸੰਗਤ ਨੂੰ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਸਾਫ ਸੁੱਥਰਾ ਰੱਖਣ ਦੀ ਅਪੀਲ ਕੀਤੀ।