ਪਲਾਸਟਿਕ ਬੋਤਲਾਂ ਕਰੱਸ਼ ਕਰਨ ਲਈ ਲੱਗੀ ਮਸ਼ੀਨ ਕਬਾੜੀਏ ਨੂੰ ਵੇਚੀ
ਗਗਨਦੀਪ ਅਰੋੜਾ
ਲੁਧਿਆਣਾ, 19 ਮਾਰਚ
ਸਿਵਲ ਹਸਪਤਾਲ ਨੂੰ ਪਲਾਸਟਿਕ-ਮੁਕਤ ਬਣਾਉਣ ਲਈ ਨਗਰ ਨਿਗਮ ਵੱਲੋਂ ਕੁਝ ਸਮਾਂ ਪਹਿਲਾਂ ਬੋਤਲਾਂ ਨੂੰ ਕਰੱਸ਼ ਕਰਨ ਲਈ ਮਸ਼ੀਨਾਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਮਸ਼ੀਨ ਸਿਵਲ ਹਸਪਤਾਲ ਦੇ ਬਾਹਰ ਇੱਕ ਸੰਸਥਾ ਨੂੰ ਦਿੱਤੀ ਗਈ ਥਾਂ ’ਤੇ ਲਗਾਈ ਗਈ ਸੀ। ਪਿਛਲੇ ਦਿਨੀਂ ਜਦੋਂ ਸਿਵਲ ਹਸਪਤਾਲ ਵਿੱਚ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ ਤਾਂ ਲੱਖਾਂ ਰੁਪਏ ਦੀ ਕੀਮਤ ਨਾਲ ਖਰੀਦੀ ਗਈ ਇਹ ਮਸ਼ੀਨ ਸੰਸਥਾ ਦੇ ਮੈਂਬਰਾਂ ਨੇ ਕਬਾੜੀਏ ਨੂੰ ਵੇਚ ਦਿੱਤੀ। ਜਦੋਂ ਹਸਪਤਾਲ ਨੇੜੇ ਹੀ ਕਬਾੜੀਏ ਦੀ ਦੁਕਾਨ ਬਾਹਰ ਪਈ ਮਸ਼ੀਨ ਦੇਖ ਲੋਕਾਂ ਨੇ ਰੌਲਾ ਪਾਇਆ ਤਾਂ ਉਹ ਮਸ਼ੀਨ ਦੁਬਾਰਾ ਰਾਤ ਦੇ ਹਨ੍ਹੇਰੇ ਵਿੱਚ ਕਬਾੜੀਏ ਦੀ ਗੱਡੀ ਵਿੱਚ ਹੀ ਦੁਬਾਰਾ ਸਿਵਲ ਹਸਪਤਾਲ ਭੇਜ ਦਿੱਤੀ ਗਈ ਜਿਸਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਸੰਸਥਾ ਦੇ ਮੈਂਬਰਾਂ ਨੇ ਮਸ਼ੀਨ ਵੇਚਣ ਤੋਂ ਪਹਿਲਾਂ ਨਾ ਤਾਂ ਸਿਵਲ ਹਸਪਤਾਲ ਪ੍ਰਸ਼ਾਸਨ ਤੇ ਨਾ ਹੀ ਨਗਰ ਨਿਗਮ ਦੇ ਕਿਸੇ ਅਧਿਕਾਰੀ ਨੂੰ ਕੋਈ ਜਾਣਕਾਰੀ ਦਿੱਤੀ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਆਖ਼ਰ ਬਿਨਾਂ ਕਿਸੇ ਦੀ ਮਨਜ਼ੂਰੀ ਤੋਂ ਇਹ ਮਸ਼ੀਨ ਕਿਵੇਂ ਕਬਾੜੀਏ ਦੀ ਦੁਕਾਨ ’ਤੇ ਪੁੱਜ ਗਈ ਤੇ ਜਦੋਂ ਰੌਲਾ ਪਿਆ ਤਾਂ ਵਾਪਸ ਕਿਵੇਂ ਆਈ? ਦਰਅਸਲ, ਸਿਵਲ ਹਸਪਤਾਲ ਨੂੰ ਪਲਾਸਟਿਕ ਮੁਕਤ ਬਣਾਉਣ ਲਈ, ਨਗਰ ਨਿਗਮ ਵੱਲੋਂ ਬੋਤਲਾਂ ਨੂੰ ਕੁਚਲਣ ਲਈ ਤਿੰਨ ਮਸ਼ੀਨਾਂ ਲਗਾਈਆਂ ਗਈਆਂ ਸਨ। ਨਗਰ ਨਿਗਮ ਨੇ 5 ਲੱਖ ਰੁਪਏ ਦੀ ਕੀਮਤ ਵਾਲੀਆਂ ਤਿੰਨ ਮਸ਼ੀਨਾਂ ਸਿਵਲ ਹਸਪਤਾਲ ਵਿੱਚ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕੀਤਾ ਜਾਣਾ ਸੀ। ਇਹ ਮਸ਼ੀਨ ਇੱਕ ਅੰਨ ਜਲ ਸੁਸਾਇਟੀ ਵਿੱਚ ਵੀ ਲਗਾਈ ਗਈ ਸੀ ਜਿਸ ਦੇ ਤਿੰਨ ਸਾਲਾਂ ਬਾਅਦ ਇਸ ਮਸ਼ੀਨ ਨੂੰ ਸੰਸਥਾ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਨਵੀਨੀਕਰਨ ਦੇ ਕੰਮ ਦੌਰਾਨ ਚੁੱਕ ਕੇ ਕਬਾੜੀਏ ਨੂੰ ਵੇਚ ਦਿੱਤਾ। ਸਿਵਲ ਹਸਪਤਾਲ ਨਾਲ ਜੁੜੇ ਲੋਕਾਂ ਨੇ ਮੰਗ ਕੀਤੀ ਕਿ ਪੁਲੀਸ ਇਸ ਮਾਮਲੇ ਵਿੱਚ ਉਚ ਪੱਧਰੀ ਜਾਂਚ ਕਰਵਾਏ।
ਮਸ਼ੀਨ ਨਹੀਂ ਵੇਚੀ ਗਈ: ਟਰੱਸਟ ਮੁਖੀ
ਅੰਨ ਜਲ ਸੇਵਾ ਟਰੱਸਟ ਦੇ ਮੁਖੀ ਰਿਸ਼ੀ ਸਰੋਏ ਨੇ ਕਿਹਾ ਕਿ ਮਸ਼ੀਨ ਵੇਚੀ ਨਹੀਂ ਗਈ ਹੈ, ਮਸ਼ੀਨ ਖ਼ਰਾਬ ਸੀ, ਜਿਸਦੀ ਬਿਲਡਿੰਗ ਬਦਲੀ ਗਈ ਸੀ, ਉਸ ਵਿੱਚ ਸਿਰਫ਼ ਕਬਾੜੀਏ ਦੀ ਗੱਡੀ ਦਾ ਇਸਤੇਮਾਲ ਕੀਤਾ ਗਿਆ।ਮਾਮਲੇ ’ਚ ਕਾਰਵਾਈ ਕਰਾਂਗੇ: ਵਿਧਾਇਕ
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਪਰ ਉਹ ਵੀਰਵਾਰ ਨੂੰ ਉੱਚ ਅਧਿਕਾਰੀਆਂ ਨੂੰ ਕਹਿ ਕੇ ਜਾਂਚ ਕਰਵਾਉਣਗੇ। ਸਾਰੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾਣਗੇ ਤੇ ਜੇਕਰ ਕਿਸੇ ਨੇ ਸਰਕਾਰੀ ਮਸ਼ੀਨਰੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।ਮਾਮਲੇ ਸਬੰਧੀ ਸ਼ਿਕਾਇਤ ਨਹੀਂ ਮਿਲੀ: ਹਸਪਤਾਲ ਇੰਚਾਰਜ
ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਹਰਪ੍ਰੀਤ ਸਿੰਘ ਦੇ ਸਿਖਲਾਈ ਲਈ ਜਾਣ ਤੋਂ ਬਾਅਦ, ਸਿਵਲ ਹਸਪਤਾਲ ਦੇ ਇੰਚਾਰਜ ਡਾ. ਦੀਪਿਕਾ ਗੋਇਲ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਤੇ ਜੇਕਰ ਕੋਈ ਸ਼ਿਕਾਇਤ ਆਏਗੀ ਤਾਂ ਉਹ ਜਾਂਚ ਕਰਵਾਉਣਗੇ।