ਐਸ.ਏ.ਐਸ. ਨਗਰ (ਮੁਹਾਲੀ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਜ਼ਿਲ੍ਹੇ ਵਿੱਚ ਕੰਮ ਕਰਦੇ ਬੇਲਰ ਅਪਰੇਟਰਾਂ ਅਤੇ ਪਰਾਲੀ ਦੀਆਂ ਵਰਤੋਂ ਕਰਨ ਵਾਲੀਆਂ ਫ਼ਰਮਾਂ ਨਾਲ ਮੀਟਿੰਗ ਕੀਤੀ ਗਈ। ਬੇਲਰ ਮਾਲਕਾਂ ਨੇ ਦੱਸਿਆ ਕਿ ਖੇਤਾਂ ’ਚੋਂ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਉਪਰੰਤ ਸਬੰਧਤ ਫਰਮਾਂ ਨੂੰ ਸਪਲਾਈ ਕਰਨ ਸਮੇਂ ਖਰਾਬ ਰਸਤਿਆਂ, ਬਿਜਲੀ ਦੀਆਂ ਲਟਕਦੀਆਂ ਤਾਰਾਂ, ਟੌਲ ਪਲਾਜ਼ਿਆਂ ’ਤੇ ਰੋਕ ਅਤੇ ਸਟੋਰ ਕੀਤੀ ਪਰਾਲੀ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਬੀਮਾ ਆਦਿ ਨਾ ਹੋਣ ਕਾਰਨ ਉਨ੍ਹਾਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ।ਡੀਸੀ ਨੇ ਰਸਤਿਆਂ ਦੀ ਮੁਰੰਮਤ, ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕਰਨ, ਟੌਲ ਪਲਾਜ਼ਾ ਲਈ ਪਾਸ ਜਾਰੀ ਕਰਨ ਅਤੇ ਪਰਾਲੀ ਦੀਆਂ ਵਰਤੋਂ ਕਰਨ ਵਾਲੀਆਂ ਫਰਮਾਂ ਵੱਲੋਂ ਬੇਲਰ ਮਾਲਕਾਂ ਨਾਲ ਤਾਲਮੇਲ ਕਰਕੇ ਪਰਾਲੀ ਦਾ ਬੀਮਾ ਕਰਵਾਉਣ ਲਈ ਸਬੰਧਤ ਵਿਭਾਗਾਂ ਅਤੇ ਫਰਮਾਂ ਨੂੰ ਹੁਕਮ ਕੀਤੇ।-ਖੇਤਰੀ ਪ੍ਰਤੀਨਿਧ