ਪਰਵਾਸੀਆਂ ਨੂੰ ਸਨਅਤੀ ਖੇਤਰ ਦੀ ਜਗ੍ਹਾ ਖਾਲੀ ਕਰਨ ਦਾ ਹੁਕਮ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 13 ਅਪਰੈਲ
ਮਾਲੇਰਕੋਟਲਾ ਦੇ ਇੰਡਸਟਰੀ ਏਰੀਆ ਵਿੱਚ ਸਨਅਤੀ ਵਿਭਾਗ ਦੀ ਖਾਲੀ ਜਗ੍ਹਾ ’ਤੇ ਕਈ ਦਹਾਕਿਆਂ ਤੋਂ ਝੁੱਗੀਆਂ ਬਣਾ ਕੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਨੂੰ ਜਗ੍ਹਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਜ਼ਿਲ੍ਹਾ ਉਦਯੋਗ ਕੇਂਦਰ ਮਾਲੇਰਕੋਟਲਾ ਦੇ ਜਨਰਲ ਮੈਨੇਜਰ ਨੇ ਇਕ ਨੋਟਿਸ ਜਾਰੀ ਕਰ ਕੇ ਇੰਡਸਟ੍ਰੀਅਲ ਅਸਟੇਟ ਮਾਲੇਰਕੋਟਲਾ ਦੀ ਜ਼ਮੀਨ ਉਪਰ ਝੁੱਗੀਆਂ, ਝੌਪੜੀਆਂ, ਦੁਕਾਨਾਂ ਅਤੇ ਮੱਛੀ ਮਾਰਕੀਟ ਬਣਾ ਕੇ ਬੈਠੇ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਜਾਣਕਾਰੀ ਅਨੁਸਾਰ ਅੱਜ ਪਰਵਾਸੀ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਲਿਖਤੀ ਅਪੀਲ ਕੀਤੀ ਹੈ ਕਿ ਇਨ੍ਹਾਂ ਝੁੱਗੀਆਂ ’ਚ ਪਿਛਲੇ 40 ਵਰ੍ਹਿਆਂ ਤੋਂ ਰਹਿੰਦੇ ਕਰੀਬ ਢਾਈ ਤਿੰਨ ਸੌ ਗਰੀਬ ਪਰਿਵਾਰਾਂ ਕੋਲ ਹੋਰ ਕੋਈ ਵੀ ਸਿਰ ਢਕਣ ਜੋਗੀ ਅਜਿਹੀ ਜਗ੍ਹਾ ਨਹੀਂ ਹੈ ਜਿਥੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਚਲੇ ਜਾਣ। ਪਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਇਸ ਜਗ੍ਹਾ ਨੂੰ ਛੱਡਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਉਜਾੜਨ ਤੋਂ ਪਹਿਲਾਂ ਸਰਕਾਰ ਗਰੀਬਾਂ ਲਈ ਪੱਕੇ ਮਕਾਨ ਦੀ ਸਕੀਮ ਤਹਿਤ ਹਰੇਕ ਵਿਅਕਤੀ ਨੂੰ ਪੰਜ ਪੰਜ ਮਰਲੇ ਜਗ੍ਹਾ ਉਪਰ ਮਕਾਨ ਬਣਾ ਕੇ ਦੇਵੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਮੁੜ ਵਸੇਬੇ ਦਾ ਪੱਕਾ ਇੰਤਜ਼ਾਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਇਸ ਜਗ੍ਹਾ ਨੂੰ ਖਾਲੀ ਨਹੀਂ ਕਰਨਗੇ।
ਹਾਈ ਕੋਰਟ ਦੇ ਹੁਕਮਾਂ ’ਤੇ ਨੋਟਿਸ ਜਾਰੀ ਕੀਤਾ: ਜੀਐੱਮ
ਇੰਡਸਟਰੀ ਵਿਭਾਗ ਦੇ ਜੀਐੱਮ ਮਨਿੰਦਰ ਸਿੰਘ ਅਨੁਸਾਰ ਜਗ੍ਹਾ ਖਾਲੀ ਕਰਵਾਉਣ ਲਈ ਕੁੱਝ ਸਨਅਤਕਾਰਾਂ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਹਾਈ ਕੋਰਟ ਨੇ ਸਰਕਾਰ ਨੂੰ ਇਹ ਜਗ੍ਹਾ ਖਾਲੀ ਕਰਵਾਉਣ ਲਈ ਅੰਤ੍ਰਿਮ ਆਰਡਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸਨਅਤ ਵਿਭਾਗ ਵੱਲੋਂ ਇਹ ਜਗ੍ਹਾ ਪਾਵਰਕੌਮ ਨੂੰ ਨਵਾਂ ਬਿਜਲੀ ਗਰਿੱਡ ਬਣਾਉਣ ਵਾਸਤੇ ਦਿੱਤੀ ਗਈ ਹੈ।