ਪਰਵਾਸੀਆਂ ਦੇ ਨੁਮਾਇੰਦੇ ਅਤੇ ਲੋਕਾਂ ਦੀਆਂ ਉਮੀਦਾਂ
ਪ੍ਰਿੰਸੀਪਲ ਵਿਜੈ ਕੁਮਾਰ
ਕੈਨੇਡਾ ’ਚ ਅਪਰੈਲ ਮਹੀਨੇ ਵਿੱਚ ਹੋਈਆਂ ਚੋਣਾਂ ’ਚ ਪਰਵਾਸੀ ਭਾਰਤੀਆਂ ਦੇ ਕਾਫ਼ੀ ਨੁਮਾਇੰਦੇ ਚੁਣੇ ਗਏ ਹਨ, ਖ਼ਾਸ ਕਰਕੇ ਉਨ੍ਹਾਂ ’ਚ ਕਾਫ਼ੀ ਗਿਣਤੀ ਪੰਜਾਬੀਆਂ ਦੀ ਹੈ। ਕੈਨੇਡਾ ਵਿੱਚ ਵਸਦੇ ਭਾਰਤੀਆਂ ਨੇ ਉਨ੍ਹਾਂ ਦੇ ਜਿੱਤਣ ’ਤੇ ਬਹੁਤ ਖ਼ੁਸ਼ੀ ਮਨਾਈ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਨੇ ਉਨ੍ਹਾਂ ਦੀ ਜਿੱਤ ਨੂੰ ਪਰਵਾਸੀ ਭਾਰਤੀਆਂ ਦੀ ਬਹੁਤ ਵੱਡੀ ਪ੍ਰਾਪਤੀ ਦੱਸਿਆ ਹੈ, ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੈਨੇਡਾ ਵਿੱਚ ਵਸਦੇ ਪਰਵਾਸੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ ’ਚ ਨੁਮਾਇੰਦਗੀ ਹਾਸਲ ਕਰਨ ਤੋਂ ਬਾਅਦ ਅਹੁਦੇ ਲੈ ਕੇ ਪਹਿਲਾਂ ਵਾਂਗ ਅਵੇਸਲੇ ਹੋ ਕੇ ਬੈਠ ਜਾਣਗੇ ਜਾਂ ਪਰਵਾਸੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਲੋੜੀਂਦਾ ਧਿਆਨ ਵੀ ਦੇਣਗੇ?
ਇਸ ਵੇਲੇ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਦੇਸ਼ਾਂ ਦੀ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਖ਼ਰਚ ਕਰਵਾ ਕੇ ਕੈਨੇਡਾ ਵਿੱਚ ਰੁਜ਼ਗਾਰ ਹਾਸਲ ਕਰਨ ਦੀ ਉਮੀਦ ਨਾਲ ਗਏ ਹੋਏ ਹਨ, ਪਰ ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਉਹ ਖੱਜਲ ਹੋ ਰਹੇ ਹਨ। ਉਹ ਭੁੱਖੇ ਮਰਨ ਨੂੰ ਮਜਬੂਰ ਹੋ ਰਹੇ ਹਨ। ਉਹ ਹਾਰਟ ਅਟੈਕ ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ। ਕੈਨੇਡਾ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਵਰਕ ਪਰਮਿਟ ਦੇਣ ਅਤੇ ਪੱਕੀ ਨਾਗਰਿਕਤਾ ਦੇਣ ਦੇ ਕਾਨੂੰਨਾਂ ਵਿੱਚ ਨਵੀਆਂ-ਨਵੀਆਂ ਸੋਧਾਂ ਕਰਕੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਨੂੰ ਮੁੜਨ ਨੂੰ ਮਜਬੂਰ ਕਰ ਰਹੇ ਹਨ। ਕੀ ਪਰਵਾਸੀ ਭਾਰਤੀਆਂ ਦੇ ਨੁਮਾਇੰਦੇ ਕੈਨੇਡਾ ਦੀ ਸਰਕਾਰ ਉੱਤੇ ਪਰਵਾਸੀ ਬੱਚਿਆਂ ਨੂੰ ਰੁਜ਼ਗਾਰ ਦੇਣ ਲਈ ਦਬਾਅ ਪਾਉਣ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣਗੇ?
ਕੈਨੇਡਾ ’ਚ ਵਸਦੇ ਲੋਕਾਂ ਨੂੰ ਸਿਹਤ ਸੇਵਾਵਾਂ ਨੂੰ ਲੈ ਕੇ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਹੈ। ਭਿਆਨਕ ਬਿਮਾਰੀਆਂ ਦੇ ਇਲਾਜ ਲਈ, ਆਪਰੇਸ਼ਨਾਂ ਲਈ ਅਤੇ ਹੋਰ ਇਲਾਜ ਲਈ ਉਨ੍ਹਾਂ ਨੂੰ ਕਈ-ਕਈ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ। ਡਾਕਟਰਾਂ ਦੀ ਘਾਟ ਹੈ। ਕਈ ਲੋਕ ਬਿਨਾਂ ਇਲਾਜ ਤੋਂ ਮਰ ਜਾਂਦੇ ਹਨ। ਕਈਆਂ ਨੂੰ ਲੱਖਾਂ ਰੁਪਏ ਖ਼ਰਚ ਕਰਕੇ ਇਲਾਜ ਕਰਵਾਉਣ ਲਈ ਆਪਣੇ ਮੁਲਕ ਆਉਣਾ ਪੈਂਦਾ ਹੈ। ਕੀ ਪਰਵਾਸੀ ਭਾਰਤੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ ਉੱਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਦਬਾਅ ਪਾਉਣਗੇ?
ਕੈਨੇਡਾ ਵਿੱਚ ਵਸਦੇ ਪਰਵਾਸੀ ਲੋਕ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਬਹੁਤ ਫ਼ਿਕਰਮੰਦ ਹਨ ਕਿਉਂਕਿ ਕੈਨੇਡਾ ਦੀ ਸਿੱਖਿਆ ਵਿਵਸਥਾ ਦਾ ਪੱਧਰ ਬਹੁਤ ਨੀਵਾਂ ਹੈ। ਸਕੂਲਾਂ ਵਿੱਚ ਬਹੁਤ ਅਨੁਸ਼ਾਸਨਹੀਣਤਾ ਹੈ। ਬੱਚੇ ਬਾਗੀ ਹੋ ਰਹੇ ਹਨ। ਅੱਠਵੀਂ ਜਮਾਤ ਤੱਕ ਬੱਚਿਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਬੱਚਿਆਂ ਦੇ ਮਾਪਿਆਂ ਨੂੰ ਹਜ਼ਾਰਾਂ ਡਾਲਰ ਟਿਊਸ਼ਨਾਂ ਉੱਤੇ ਖ਼ਰਚ ਕਰਕੇ ਉਨ੍ਹਾਂ ਦੀ ਪੜ੍ਹਾਈ ਦਾ ਪ੍ਰਬੰਧ ਕਰਨਾ ਪੈਂਦਾ ਹੈ। ਪ੍ਰਾਈਵੇਟ ਮਾਡਲ ਸਕੂਲਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹੋਣ ਕਾਰਨ ਹਰ ਕੋਈ ਆਪਣੇ ਬੱਚਿਆਂ ਨੂੰ ਉਨ੍ਹਾਂ ਮਾਡਲ ਸਕੂਲਾਂ ’ਚ ਨਹੀਂ ਪੜ੍ਹਾ ਸਕਦਾ। ਨੌਵੀਂ ਜਮਾਤ ਤੋਂ ਬਾਅਦ ਪੜ੍ਹਾਈ ਔਖੀ ਹੋਣ ਕਾਰਨ ਅੱਧ ਵਾਟੇ ਪੜ੍ਹਾਈ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਬਹੁਤ ਮਹਿੰਗੀ ਹੈ। ਕੀ ਪਰਵਾਸੀ ਭਾਰਤੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ ਉੱਤੇ ਸਿੱਖਿਆ ਵਿਵਸਥਾ ’ਚ ਸੁਧਾਰ ਲਿਆਉਣ ਲਈ ਦਬਾਅ ਪਾਉਣਗੇ?
ਕੈਨੇਡਾ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨ ਪ੍ਰਤੀ ਦਿਨ ਵਿਗੜ ਰਹੀ ਹੈ। ਲੁੱਟਾਂ, ਖੋਹਾਂ, ਮਾਰ-ਮਰਾਈ, ਡਕੈਤੀਆਂ, ਚੋਰੀਆਂ, ਜੇਬ ਕੱਟਣ, ਡਾਕਿਆਂ, ਫ਼ਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਕਾਨੂੰਨ ਸਖ਼ਤ ਨਾ ਹੋਣ ਕਾਰਨ ਅਦਾਲਤਾਂ ਅਤੇ ਪੁਲੀਸ ਕੁੱਝ ਨਹੀਂ ਕਰਦੀਆਂ। ਪੁਲੀਸ ਦੀ ਘਾਟ ਹੈ। ਇਸ ਲਈ ਆਮ ਲੋਕਾਂ ਦਾ ਜਿਊਣਾ ਔਖਾ ਹੁੰਦਾ ਜਾ ਰਿਹਾ। ਕੀ ਪਰਵਾਸੀ ਲੋਕਾਂ ਦੇ ਨੁਮਾਇੰਦੇ ਕੈਨੇਡਾ ਸਰਕਾਰ ਉੱਤੇ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਦਬਾਅ ਪਾਉਣਗੇ?
ਕੈਨੇਡਾ ਵਿੱਚ ਲੋਕਾਂ ਨੂੰ ਟੈਕਸਾਂ ਦੇ ਬੋਝ, ਮਹਿੰਗਾਈ ਅਤੇ ਹੋਰ ਕਈ ਤਰ੍ਹਾਂ ਦੇ ਟੈਕਸਾਂ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ, ਪਰ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਨਹੀਂ ਹੋ ਰਿਹਾ। ਪਰਵਾਸੀ ਲੋਕ ਇਸ ਸਮੱਸਿਆ ਕਾਰਨ ਇਸ ਦੇਸ਼ ਨੂੰ ਛੱਡਣ ਲਈ ਮਜਬੂਰ ਹੋ ਰਹੇ ਹਨ। ਕੀ ਪਰਵਾਸੀ ਲੋਕਾਂ ਦੇ ਨੁਮਾਇੰਦੇ ਕੈਨੇਡਾ ਸਰਕਾਰ ਉੱਤੇ ਟੈਕਸਾਂ ਦੇ ਬੋਝ ਅਤੇ ਮਹਿੰਗਾਈ ਦੀਆਂ ਸਮੱਸਿਆਵਾਂ ’ਤੇ ਕਾਬੂ ਪਾਉਣ ਲਈ ਦਬਾਅ ਪਾਉਣਗੇ?
ਕੈਨੇਡਾ ਸਰਕਾਰ ਵੱਲੋਂ ਰੀਅਲ ਅਸਟੇਟ ਦੇ ਧੰਦੇ ਵੱਲ ਧਿਆਨ ਨਾ ਦੇਣ ਕਾਰਨ ਇਸ ਦੇਸ਼ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਆਮ ਲੋਕਾਂ ਲਈ ਘਰ ਖ਼ਰੀਦਣਾ ਬਹੁਤ ਔਖਾ ਹੋ ਰਿਹਾ ਹੈ। ਘਰਾਂ ਲਈ ਬੈਂਕਾਂ ਤੋਂ ਕਰਜ਼ ਲੈਣ ਲਈ ਲੋਕ ਸੌ ਤਰ੍ਹਾਂ ਦੀਆਂ ਹੇਰਾਫੇਰੀਆਂ ਕਰ ਰਹੇ ਹਨ। ਅਮੀਰਾਂ ਅਤੇ ਗ਼ਰੀਬਾਂ ਦਾ ਪਾੜਾ ਵਧ ਰਿਹਾ ਹੈ। ਰੀਅਲ ਅਸਟੇਟ ਦਾ ਕਾਰੋਬਾਰ ਇੱਕ ਹੇਰਾਫੇਰੀ ਦਾ ਧੰਦਾ ਬਣ ਕੇ ਰਹਿ ਗਿਆ ਹੈ। ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੇ ਝਗੜਿਆਂ ’ਚ ਵਾਧਾ ਹੋ ਰਿਹਾ ਹੈ। ਮਕਾਨ ਮਾਲਕ ਘਾਟਾ ਪਾ ਕੇ ਆਪਣੇ ਮਕਾਨ ਵੇਚਣ ਨੂੰ ਮਜਬੂਰ ਹੋ ਰਹੇ ਹਨ। ਕੀ ਪਰਵਾਸੀ ਭਾਰਤੀਆਂ ਦੇ ਨੁਮਾਇੰਦੇ ਰੀਅਲ ਅਸਟੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਉੱਤੇ ਆਪਣਾ ਦਬਾਅ ਪਾਉਣਗੇ?
ਇਸ ਦੇਸ਼ ਦੇ ਵਪਾਰੀ, ਕਾਰੋਬਾਰੀ ਅਤੇ ਹੋਟਲਾਂ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਮੁੰਡੇ-ਕੁੜੀਆਂ ਤੋਂ ਟਰੇਨਿੰਗ ਦੇ ਨਾਂ ਉੱਤੇ ਉਨ੍ਹਾਂ ਤੋਂ ਮੁਫ਼ਤ ਕੰਮ ਕਰਵਾ ਕੇ ਅਤੇ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਕੀ ਭਾਰਤੀ ਪਰਵਾਸੀਆਂ ਦੇ ਨੁਮਾਇੰਦੇ ਇਨ੍ਹਾਂ ਮੁੰਡੇ-ਕੁੜੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਸਰਕਾਰ ਉੱਤੇ ਦਬਾਅ ਪਾਉਣਗੇ? ਉੱਚ ਸਿੱਖਿਆ ਅਤੇ ਕੰਮ ਧੰਦੇ ਕਰਨ ਲਈ ਲਾਇਸੈਂਸ ਲੈਣ ਲਈ ਹੋਣ ਵਾਲੀ ਪੜ੍ਹਾਈ ਅਤੇ ਟੈਸਟਾਂ ਵਿੱਚ ਨੌਜਵਾਨ ਮੁੰਡੇ-ਕੁੜੀਆਂ ਦਾ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਕੀ ਪਰਵਾਸੀ ਲੋਕਾਂ ਦੇ ਨੁਮਾਇੰਦੇ ਇਸ ਆਰਥਿਕ ਸ਼ੋਸ਼ਣ ਨੂੰ ਰੋਕਣ ਲਈ ਸਰਕਾਰ ਉੱਤੇ ਦਬਾਅ ਪਾਉਣਗੇ? ਕੀ ਪਰਵਾਸੀ ਭਾਰਤੀਆਂ ਦੇ ਨੁਮਾਇੰਦੇ ਕੈਨੇਡਾ ਸਰਕਾਰ ਉੱਤੇ ਨਵੇਂ ਕਾਰਖਾਨੇ ਲਗਾਉਣ, ਵੱਖ-ਵੱਖ ਵਿਭਾਗਾਂ ਵਿੱਚ ਕਰਮਚਾਰੀਆਂ ਦੀ ਭਰਤੀ ਕਰਕੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਦਬਾਅ ਪਾਉਣਗੇ? ਕੀ ਉਹ ਅਦਾਲਤਾਂ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਨੂੰ ਕਹਿਣਗੇ?
ਜੇਕਰ ਕੈਨੇਡਾ ਵਿੱਚ ਪਰਵਾਸੀ ਲੋਕਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ ਤਾਂ ਇਨ੍ਹਾਂ ਨੁਮਾਇੰਦਿਆਂ ਨੂੰ ਇਸ ਮੁਲਕ ’ਚ ਰਹਿੰਦੇ ਪਰਵਾਸੀਆਂ ਨੂੰ ਇਸ ਮੁਲਕ ਦੀ ਸਾਫ਼-ਸਫ਼ਾਈ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਧਰਮ ਦੇ ਨਾਂ ਉੱਤੇ ਲੜਾਈ ਝਗੜੇ ਨਾ ਕਰਨ, ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨ, ਟੈਕਸਾਂ ਦੀ ਚੋਰੀ ਨਾ ਕਰਨ, ਇਮਾਨਦਾਰੀ ਨੂੰ ਅਪਣਾਉਣ, ਹੇਰਾਫੇਰੀਆਂ, ਲੁੱਟਾਂ ਖੋਹਾਂ ਨਾ ਕਰਨ, ਕਾਨੂੰਨਾਂ ਦੀ ਪਾਲਣਾ ਕਰਨ ਲਈ ਤਿਆਰ ਕਰਨਾ ਹੋਵੇਗਾ। ਜੇਕਰ ਪਰਵਾਸੀ ਭਾਰਤੀਆਂ ਦੇ ਨੁਮਾਇੰਦੇ ਆਪਣੇ ਇਨ੍ਹਾਂ ਫਰਜ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਆਉਣ ਵਾਲਾ ਸਮਾਂ ਪਰਵਾਸੀ ਲੋਕਾਂ ਲਈ ਹੋਰ ਵੀ ਭਿਆਨਕ ਹੋਵੇਗਾ।
ਸੰਪਰਕ: 98726-27137