ਪਰਵਾਸੀਆਂ ਦੀ ਵਤਨ ਵਾਪਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਦੌਰੇ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਦਾ ਫ਼ੌਜੀ ਜਹਾਜ਼ ਕਰੀਬ 200 ਗ਼ੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਉਨ੍ਹਾਂ ਦੀ ਜਨਮਭੂਮੀ ਵਾਪਸ ਲੈ ਆਇਆ ਹੈ। ਅਲ ਸਲਵਾਡੋਰ, ਗੁਆਟੇਮਾਲਾ, ਹੌਂਡੂਰਸ ਤੇ ਪੇਰੂ, ਯਕੀਨਨ ਭਾਰਤ ਵਰਗੇ ਮੁਲਕ ਤਾਂ ਨਹੀਂ ਹਨ, ਇਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰੇ ਦੇ ਨਾਲ ਤਾਂ ਨਹੀਂ ਰੱਖਿਆ ਜਾ ਸਕਦਾ ਤੇ ਨਾ ਹੀ ਭਾਰਤ ਆਪਣੀ ਤੁਲਨਾ ਇਨ੍ਹਾਂ ਨਾਲ ਕਰਵਾਉਣਾ ਚਾਹੇਗਾ, ਫਿਰ ਵੀ ਸੱਚ ਇਹੀ ਹੈ ਕਿ ‘ਇੰਡੀਆ’ ਮਤਲਬ ਭਾਰਤ, ਉਨ੍ਹਾਂ ਦੇਸ਼ਾਂ ’ਚ ਸ਼ਾਮਿਲ ਹੈ ਜਿਨ੍ਹਾਂ ਦੇ ਨਾਗਰਿਕ ਸਭ ਤੋਂ ਵੱਡੀ ਗਿਣਤੀ ’ਚ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਇਹ ਖੁਲਾਸਾ ਪੀਊ ਰਿਸਰਚ ਸੈਂਟਰ ਪਹਿਲਾਂ ਹੀ ਕਰ ਚੁੱਕਾ ਹੈ। ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਇਸ ਡਿਪੋਰਟੇਸ਼ਨ ਉਡਾਣ ਨੂੰ ਆਦਰਸ਼ ਸ਼ੁਰੂਆਤ ਤਾਂ ਨਹੀਂ ਮੰਨਿਆ ਜਾ ਸਕਦਾ ਪਰ ਗ਼ੈਰ-ਕਾਨੂੰਨੀ ਆਵਾਸ ’ਤੇ ਸਖ਼ਤ ਰੁਖ਼ ਅਖ਼ਤਿਆਰ ਕਰ ਕੇ ਨਵੀਂ ਦਿੱਲੀ ਕੁਝ ਹੱਦ ਤੱਕ ਇਸ ਪਹਿਲੂ ਨੂੰ ਦਰਕਿਨਾਰ ਕਰਨ ਵਿੱਚ ਸਫ਼ਲ ਹੋ ਗਈ ਹੈ। ਅਮਰੀਕਾ ਦੇ ਆਪਣੇ ਹਾਲੀਆ ਦੌਰੇ ਮੌਕੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੁਝ ਠੋਸ ਕੂਟਨੀਤਕ ਉੱਦਮ ਕਰਦਿਆਂ ਟਰੰਪ ਪ੍ਰਸ਼ਾਸਨ ਨੂੰ ਯਕੀਨ ਦਿਵਾ ਦਿੱਤਾ ਹੈ ਕਿ ਭਾਰਤ ਨਾਜਾਇਜ਼ ਢੰਗ ਨਾਲ ਉੱਥੇ ਬੈਠੇ ਆਪਣੇ ਨਾਗਰਿਕਾਂ ਦੀ ‘ਵਾਜਬ ਵਾਪਸੀ’ ਲਈ ਰਾਜ਼ੀ ਹੈ।
ਭਾਰਤ ਨੇ ਮੋਦੀ-ਟਰੰਪ ਮਿਲਣੀ ਤੋਂ ਪਹਿਲਾਂ ਟਕਰਾਅ ਦੀ ਪਹੁੰਚ ਨਾ ਅਪਣਾ ਕੇ ਸਮਝਦਾਰੀ ਦਿਖਾਈ ਹੈ। ਇਸ ਤੋਂ ਪਹਿਲਾਂ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਤਰੋ ਨੇ ਆਪਣੇ ਪਰਵਾਸੀਆਂ ਵਾਲੀਆਂ ਉਡਾਣਾਂ ਨੂੰ ਉਤਰਨ ਦੀ ਆਗਿਆ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ ਪਰ ਜਦੋਂ ਟਰੰਪ ਨੇ ਕੋਲੰਬੀਆ ’ਤੇ ਟੈਰਿਫ਼ ਅਤੇ ਪਾਬੰਦੀਆਂ ਲਾਉਣ ਦੀ ਧਮਕੀ ਦਿੱਤੀ ਤਾਂ ਉਨ੍ਹਾਂ ਨੂੰ ਝੁਕਣਾ ਪਿਆ। ਹੁਣ ਪੈਤਰੋ ਆਪਣੇ ਪਰਵਾਸੀਆਂ ਨੂੰ ਵਤਨ ਵਾਪਸ ਆ ਕੇ ਸਮਾਜਿਕ ਦੌਲਤ ਪੈਦਾ ਕਰਨ ਦੇ ਹੋਕੇ ਦੇ ਰਹੇ ਹਨ। ਭਾਰਤ ਨੂੰ ਇਹ ਸੋਚਣਾ ਪਵੇਗਾ ਕਿ ਕੀ ਉਹ ਅਮਰੀਕਾ ਤੋਂ ਵਾਪਸ ਭੇਜੇ ਜਾਣ ਵਾਲੇ 18 ਹਜ਼ਾਰ ਭਾਰਤੀਆਂ ਦੇ ਮੁੜ ਵਸੇਬੇ ਦੀ ਕੋਈ ਯੋਜਨਾ ਬਣਾ ਸਕਦਾ ਹੈ? ਤੇ ਦਿੱਲੀ ਇਹ ਵੀ ਕਿਵੇਂ ਯਕੀਨੀ ਬਣਾਏਗੀ ਕਿ ਇਹ ਲੋਕ ਜਿਨ੍ਹਾਂ ਵਿੱਚ ਪੰਜਾਬੀ ਅਤੇ ਗੁਜਰਾਤੀ ਸ਼ਾਮਿਲ ਹਨ, ਮੁੜ ਪਰਵਾਸ ਦਾ ਕੋਈ ਦੁਸਾਹਸੀ ਯਤਨ ਨਹੀਂ ਕਰਨਗੇ?
ਇਸ ਤੋਂ ਬਚਣ ਲਈ ਧੋਖੇਬਾਜ਼ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਜੋ ਨੌਜਵਾਨਾਂ ਤੋਂ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਅਜਿਹੇ ਰਾਹਾਂ ’ਤੇ ਤੋਰਦੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਅੰਦਰ ਲਾਹੇਵੰਦ ਰੁਜ਼ਗਾਰ ਦੇ ਅਵਸਰ ਪੈਦਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਟਰੰਪ ਕੋਲ ਪਰਵਾਸ ਦੇ ਕਾਨੂੰਨੀ ਤੇ ਵਾਜਿਬ ਮੌਕਿਆਂ ਦੇ ਮੁੱਦੇ ਨੂੰ ਵੀ ਉਠਾਉਣਾ ਪਵੇਗਾ।