ਪਦਮ ਸ੍ਰੀ ਹੋ ਕੇ ਵੀ ਪਾਤਰ, ਤੂੰ ਮੇਰਾ ਸੁਰਜੀਤ ਰਹੇਂਗਾ...
ਕੈਲਗਰੀ:
ਸਿਰ ’ਤੇ ਹੱਥ ਧਰ ਅੰਮੜੀ ਬੋਲੀ
ਤੂੰ ਧਰਤੀ ਦਾ ਗੀਤ ਰਹੇਂਗਾ
ਪਦਮ ਸ੍ਰੀ ਹੋ ਕੇ ਵੀ ਪਾਤਰ
ਤੂੰ ਮੇਰਾ ਸੁਰਜੀਤ ਰਹੇਂਗਾ
ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ। ਇਹ ਇਕੱਤਰਤਾ ਕਵੀ ਡਾ. ਸੁਰਜੀਤ ਪਾਤਰ ਦੀ ਪਹਿਲੀ ਬਰਸੀ ਨੂੰ ਮੱਦੇਨਜ਼ਰ ਰੱਖਦਿਆਂ ਸਭਾ ਦੀ ਸਮੁੱਚੀ ਕਾਰਵਾਈ ਉਨ੍ਹਾਂ ਨੂੰ ਸਮਰਪਿਤ ਰਹੀ। ਮੈਂਬਰਾਂ ਦੀ ਭਰਵੀਂ ਹਾਜ਼ਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬੀਆਂ ਦੇ ਦਿਲਾਂ ’ਚ ਡਾ. ਪਾਤਰ ਦੀ ਸ਼ਾਇਰੀ ਪ੍ਰਤੀ ਅਥਾਹ ਪਿਆਰ ਤੇ ਸ਼ਰਧਾ ਹੈ।
ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਮੀਟਿੰਗ ਦੇ ਏਜੰਡੇ ਅਤੇ ਪਾਤਰ ਦੀ ਸ਼ਖ਼ਸੀਅਤ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੇਜਰ ਸਿੰਘ ਛੀਨਾ ਦੀਆਂ ਲਿਖੀਆਂ ਸਤਰਾਂ ਨਾਲ ਡਾ. ਪਾਤਰ ਨੂੰ ਪਿਆਰ ’ਚ ਗੜੁੱਚ ਸਤਰਾਂ ਨਾਲ ਸ਼ਰਧਾਂਜਲੀ ਅਰਪਣ ਕੀਤੀ ਗਈ;
ਦਿਲ ਏ ਉਦਾਸ ਤੇ ਉਦਾਸ ਧੁੱਪਾਂ- ਛਾਵਾਂ
ਤੁਸੀਂ ਹੋਏ ਪ੍ਰਦੇਸੀ ਬਿਨ ਦੱਸੇ ਸਿਰਨਾਵਾਂ
ਚਿੱਠੀ ਕੀਹਦੇ ਹੱਥ ਭੇਜਾਂ, ਲੰਬੀ ਭਰ ਗੇ ਉਡਾਰੀ
ਕਿਵੇਂ ਚੰਨ ਨੂੰ ਮੈਂ ਆਖਾਂ, ਕਿਹੜਾ ਪੀਰ ਮੈਂ ਧਿਆਵਾਂ।
ਸੁਰਿੰਦਰ ਗੀਤ ਨੇ ਡਾ. ਪਾਤਰ ਨਾਲ ਪਰਿਵਾਰਕ ਅਤੇ ਸਹਿਤਕ ਯਾਦਾਂ ਸਾਂਝੀਆਂ ਕੀਤੀਆਂ। ਲਖਵਿੰਦਰ ਸਿੰਘ ਪਟਿਆਲਾ ਨੇ ਪਾਤਰ ਦੇ ਸਮੁੱਚੇ ਜੀਵਨ, ਉਸ ਦੀਆਂ ਰਚਨਾਵਾਂ, ਮਿਲੇ ਮਾਨ-ਸਨਮਾਨ ਅਤੇ ਪ੍ਰਾਪਤੀਆਂ ਦਾ ਸੰਤੁਲਿਤ ਰੂਪ ਵਿੱਚ ਬਿਓਰਾ ਪੇਸ਼ ਕੀਤਾ।
ਲਹਿੰਦੇ ਪੰਜਾਬ ’ਚੋਂ ਮੁਨੱਵਰ ਅਹਿਮਦ ਨੇ ਪਾਤਰ ਦੀਆਂ ਦੋ ਗ਼ਜ਼ਲਾਂ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੀਆਂ। ਮੁਨੱਵਰ ਅਹਿਮਦ ਬਹੁਤ ਸੁਰੀਲੇ ਅਤੇ ਵਧੀਆ ਗਾਇਕ ਹਨ;
ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਉਂ ਬਲਦੇ ਜੰਗਲ ਤੇ ਬਰਸਾਤ ਹੋਈ
ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ
ਮੇਰੇ ਵੇਂਹਦੇ ਵੇਂਹਦੇ ਕਰਾਮਾਤ ਹੋਈ।
ਦੂਸਰੀ ਗ਼ਜ਼ਲ ਦੇ ਬੋਲ ਸਨ;
ਕਿਸ ਕਿਸ ਦਿਸ਼ਾ ’ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ
ਚੰਗੇ ਭਲੇ ਬੰਦੇ ਨੂੰ ਪਾਗਲ ਬਣਾਉਂਦੀਆਂ।
ਜਰਨੈਲ ਤੱਗੜ ਅਤੇ ਗੁਰਰਾਜ ਸਿੰਘ ਵਿਰਕ ਪਾਤਰ ਦੀਆਂ ਕਵਿਤਾਵਾਂ ਦਾ ਪਾਠ ਕਰਕੇ ਪੰਜਾਬੀ ਦੇ ਮਹਾਨ ਸਪੂਤ ਨੂੰ ਅਕੀਦਤ ਪੇਸ਼ ਕੀਤਾ। ਹਰਕੰਵਲਜੀਤ ਕੌਰ ਧਾਲੀਵਾਲ ਨੇ ਡਾ. ਪਾਤਰ ਦੀ ਪ੍ਰਸਿੱਧ ਨਜ਼ਮ ਤਰੰਨਮ ਵਿੱਚ ਸੁਣਾਈ;
ਇਸ ਨਗਰੀ ਤੇਰਾ ਜੀਅ ਨਹੀਂ ਲੱਗਦਾ
ਇੱਕ ਚੜ੍ਹਦੀ ਇੱਕ ਲਹਿੰਦੀ ਏ
ਤੈਨੂੰ ਰੋਜ਼ ਉਡੀਕ ਖ਼ਤਾਂ ਦੀ
ਸਿਖ਼ਰ ਦੁਪਹਿਰੇ ਰਹਿੰਦੀ ਏ।
ਡਾ. ਮਨਮੋਹਨ ਬਾਠ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸੁਰਿੰਦਰ ਗੀਤ ਦੀ ਨਜ਼ਮ ‘ਸਤਰੰਗੀ ਪੀਂਘ’ ਬੜੇ ਵਧੀਆ ਅੰਦਾਜ਼ ਵਿੱਚ ਸੁਣਾਈ। ਬੋਲ ਸਨ;
ਸ਼ਬਦ ਮਿਲੇ ਮਿਲ ਵਾਕ ਬਣਾਏ
ਵਾਕਾਂ ਮਿਲ ਕਵਿਤਾਵਾਂ
ਤੋਰ ਮਟਕਣੀ ਓਹੋ ਤੁਰਦੇ
ਜਿਨ੍ਹਾਂ ਸੰਗ ਰਚਨਾਵਾਂ।
ਸੁਖਮੰਦਰ ਗਿੱਲ ਨੇ ਪਹਿਲਾਂ ਆਪਣਾ ਮੌਲਿਕ ਗੀਤ ਸੁਣਾਇਆ ਅਤੇ ਫਿਰ ਪਾਤਰ ਦੀ ਇੱਕ ਗ਼ਜ਼ਲ ਸੁਣਾ ਕੇ ਵਾਹਵਾ ਰੰਗ ਬੰਨ੍ਹਿਆ;
ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਕਿੱਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ
ਜੀਤ ਸਿੰਘ ਬਰਾੜ, ਸੁਰਿੰਦਰ ਢਿੱਲੋਂ, ਸੁਖਵਿੰਦਰਪਾਲ ਗੋਸਲ, ਪਰਮਜੀਤ ਸਿੰਘ ਭੰਗੂ ਅਤੇ ਸੁਖਦੇਵ ਬੈਂਸ ਨੇ ਪਾਤਰ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ ਪੰਜਾਬੀ ਵਿਰਾਸਤ ਨੂੰ ਅੱਗੇ ਤੋਰਨ ਦੀ ਗੱਲ ਕੀਤੀ। ਸੁਖਵਿੰਦਰ ਤੂਰ ਨੇ ਪਾਤਰ ਦੀ ਕਿਸਾਨ ਅੰਦੋਲਨ ਬਾਰੇ ਲਿਖੀ ਲੰਮੀ ਨਜ਼ਮ ਸੁਰ ਵਿੱਚ ਗਾ ਕੇ ਵਧੀਆ ਪ੍ਰਭਾਵ ਛੱਡਿਆ;
ਇਹ ਬਾਤ ਨਿਰੀ ਏਨੀ ਹੀ ਨਹੀਂ
ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਹੈ
ਇਹ ਪਿੰਡ ਦੇ ਵਸਦੇ ਰਹਿਣ ਦਾ ਹੈ
ਜਿਹਨੂੰ ਤੌਖ਼ਲਾ ਉੱਜੜ ਜਾਣ ਦਾ ਹੈ।
ਸਰਦੂਲ ਲੱਖਾ ਨੇ ਆਪਣੀਆਂ ਕਵਿਤਾਵਾਂ ਦਾ ਉਚਾਰਨ ਕੀਤਾ। ਸਭਾ ਵਿੱਚ ਪਹਿਲੀ ਵਾਰ ਆਈ ਨਵਨੀਤ ਕੌਰ ਬਰਾੜ ਨੇ ਭਾਵੁਕ ਹੋ ਕੇ ਕਿਹਾ ਕਿ ਮੈਂ ਇੱਥੇ ਆਪਣੀ ਮਾਂ-ਬੋਲੀ ਦੇ ਹੋਰ ਨਜ਼ਦੀਕ ਹੋਣ ਲਈ ਆਈ ਹਾਂ। ਪਿੰਡ ਸਾਹੋ ਕੇ ਦੀ ਜੰਮਪਲ ਹੋਣ ਕਰਕੇ ਨਵਨੀਤ ਬਾਬੂ ਰਾਜ ਬਲੀ ਖ਼ਾਨ ਦੀ ਸ਼ਾਇਰੀ ਦੀ ਪ੍ਰਸ਼ੰਸਕ ਹੈ। ਉਸ ਨੇ ਬਾਬੂ ਜੀ ਦਾ ਇੱਕ ਕਬਿੱਤ ਵੀ ਸੁਣਾਇਆ। ਉਸ ਨੇ ਕਿਹਾ ਕਿ ਸਕੂਲਾਂ ਵਿੱਚ ਮਾਂ ਬੋਲੀ ਬੋਲਣ ’ਤੇ ਜ਼ੁਰਮਾਨਾ ਹੋਣਾ ਬਹੁਤ ਮੰਦਭਾਗੀ ਗੱਲ ਹੈ।
ਜਗਦੇਵ ਸਿੱਧੂ ਨੇ ਸੁਰਜੀਤ ਪਾਤਰ ਦੀਆਂ ਅਨੇਕ ਨਜ਼ਮਾਂ ਅਤੇ ਗ਼ਜ਼ਲਾਂ ਵਿੱਚੋਂ ਉਦਾਹਰਨ ਮਾਤਰ ਸਤਰਾਂ ਦੇ ਹਵਾਲੇ ਦੇ ਕੇ ਪਾਤਰ ਦੀ ਬਹੁ-ਪੱਖੀ ਪ੍ਰਤਿਭਾ ਅਤੇ ਸ਼ਖ਼ਸੀਅਤ ਨੂੰ ਉਜਾਗਰ ਕੀਤਾ। ਤਰਲੋਕ ਚੁੱਘ ਨੇ ਚੁਟਕਲੇ ਸੁਣਾ ਕੇ ਹਾਸਾ ਬਿਖੇਰਿਆ। ਅੰਤ ਵਿੱਚ ਸੁਰਿੰਦਰ ਗੀਤ ਨੇ ਆਪਣੀ ਇੱਕ ਨਜ਼ਮ ਸੁਣਾਈ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਅਗਾਂਹ ਤੋਂ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਆਸ ਪ੍ਰਗਟਾਈ। ਸੁਰਿੰਦਰ ਗੀਤ ਦੀ ਨਜ਼ਮ ਦੇ ਬੋਲ ਸਨ;
ਕੀ ਤੈਨੂੰ ਯਾਦ ਹੈ
ਤੂੰ ਇੱਕ ਵਾਰ ਮੇਰੇ ਲਈ
ਚਾਨਣ ਦੇ ਬੀਜ ਲਿਆਂਦੇ ਸਨ
ਮੈਂ ਚਾਨਣ ਦੇ ਬੀਜ ਮਨ ਦੀ ਕਿਆਰੀ ’ਚ ਬੀਜ ਦਿੱਤੇ ਸਨ
ਬੀਜ ਪੁੰਗਰੇ
ਰੁੱਖ ਬਣੇ ਤੇ
ਰੁੱਖਾਂ ਨੂੰ ਸੂਰਜ ਲੱਗੇ
ਮੈਂ ਇੱਕ ਰੁੱਖ ਤੋਂ
ਇੱਕ ਸੂਰਜ ਲਾਹਿਆ
ਤੇ ਉਸ ਦਾ ਸਾਰਾ ਚਾਨਣ ਪੀ ਲਿਆ
ਮੈਨੂੰ ਉਨ੍ਹਾਂ ਲੋਕਾਂ ਬਿਨ
ਜੀਣਾ ਆ ਗਿਆ
ਜਿਨ੍ਹਾਂ ਬਿਨ ਜੀਣਾ ਨਾ-ਮੁਮਕਿਨ ਸੀ
ਇਹ ਚਾਨਣ ਦੀ ਕਰਾਮਾਤ ਸੀ!
ਮੰਚ ਸੰਚਾਲਨ ਦਾ ਕੰਮ ਜਨਰਲ ਸਕੱਤਰ ਗੁਰਦਿਆਲ ਖਹਿਰਾ ਨੇ ਬਾਖ਼ੂਬੀ ਨਿਭਾਇਆ।
*ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ