ਪਠਾਨਕੋਟ: ਹਾਦਸੇ ’ਚ ਔਰਤ ਸਣੇ ਤਿੰਨ ਹਲਾਕ
ਐੱਨਪੀ ਧਵਨ
ਪਠਾਨਕੋਟ, 8 ਜੂਨ
ਇੱਥੇ ਮਾਧੋਪੁਰ ਕੁਲੀਆਂ ਪਿੰਡ ਨੇੜੇ ਸਕਾਰਪੀਓ ਨੇ ਸੈਰ ਕਰ ਰਹੀਆਂ ਦੋ ਔਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਬਾਅਦ ’ਚ ਸਕਾਰਪੀਓ ਕੰਧ ਨਾਲ ਜਾ ਟਕਰਾਈ। ਇਸ ਕਾਰਨ ਸਕਾਰਪੀਓ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ 4 ਨੌਜਵਾਨ ਜ਼ਖ਼ਮੀ ਹੋ ਗਏ। ਉਧਰ, ਲਪੇਟ ਵਿੱਚ ਆਉਣ ਵਾਲੀ ਨਿਰਮਲਾ ਦੇਵੀ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ ਜਦਕਿ ਦੂਜੀ ਔਰਤ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਕਰਨ ਭਗਤ ਵਾਸੀ ਕੈਲਾਸ਼ਪੁਰ ਅਤੇ ਮਹੇਸ਼ ਕੁਮਾਰ ਵਾਸੀ ਸੁਜਾਨਪੁਰ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨਾਂ ਵਿੱਚ ਦੀਪਕ ਕੁਮਾਰ ਅਤੇ ਸਾਹਿਲ ਦੋਵੇਂ ਭਰਾ ਵਾਸੀ ਸੁਜਾਨਪੁਰ, ਪਿੰਡ ਜੰਗਲਾ ਭਵਾਨੀ ਦੇ ਰਹਿਣ ਵਾਲੇ ਆਸ਼ੂ ਕੁਮਾਰ ਤੇ ਲਵਦੀਪ ਸਿੰਘ ਸ਼ਾਮਲ ਹਨ। ਜਾਣਕਾਰੀ ਅਨੁਸਾਰ ਦੀਪਕ ਕੁਮਾਰ ਮਾਧੋਪੁਰ ਕੁਲੀਆਂ ਤੋਂ ਆਪਣੇ ਦੋਸਤਾਂ ਨਾਲ ਆ ਰਿਹਾ ਸੀ ਤਾਂ ਉੱਥੇ ਸੈਰ ਕਰ ਰਹੀਆਂ ਨਿਰਮਲਾ ਦੇਵੀ ਅਤੇ ਅੰਜੂ ਬਾਲਾ ਨੂੰ ਸਕਾਰਪੀਓ ਨੇ ਟੱਕਰ ਮਾਰ ਦਿੱਤੀ। ਇਸ ਮਗਰੋਂ ਜੀਪ ਬੇਕਾਬੂ ਹੋ ਗਈ ਅਤੇ ਕੰਧ ਨਾਲ ਟਕਰਾ ਗਈ। ਹਾਦਸੇ ਵਿੱਚ ਸਕਾਰਪੀਓ ਸਵਾਰ ਕਰਨ ਭਗਤ ਵਾਸੀ ਕੈਲਾਸ਼ਪੁਰ ਸੁਜਾਨਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਮਹੇਸ਼ ਕੁਮਾਰ ਵਾਸੀ ਸੁਜਾਨਪੁਰ ਅਤੇ ਜ਼ਖ਼ਮੀ ਨਿਰਮਲਾ ਦੇਵੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਸਾਰੇ ਜ਼ਖ਼ਮੀ ਜ਼ੇਰੇ ਇਲਾਜ ਹਨ। ਸੁਜਾਨਪੁਰ ਥਾਣੇ ਦੀ ਪੁਲੀਸ ਨੇ ਦੀਪਕ ਕੁਮਾਰ, ਸਾਹਿਲ, ਆਸ਼ੂ ਕੁਮਾਰ ਤੇ ਲਵਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।