ਪਠਾਨਕੋਟ ਦੀਆਂ ਸੜਕਾਂ ਦੀ ਕਾਇਆਕਲਪ ਕੀਤੀ ਜਾਵੇਗੀ: ਕਟਾਰੂਚੱਕ
ਐਨਪੀ ਧਵਨ
ਪਠਾਨਕੋਟ, 4 ਜੁਲਾਈ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਅੰਦਰ ਅੱਜ 10 ਕਿਲੋਮੀਟਰ ਲੰਬਾਈ ਵਾਲੀ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਸੜਕ ਪਿਛਲੇ 18-20 ਸਾਲਾਂ ਤੋਂ ਨਹੀਂ ਸੀ ਬਣੀ। ਇਸ ’ਤੇ ਪਏ ਟੋਇਆਂ ਕਾਰਨ ਲੋਕਾਂ ਨੇ ਇਸ ਤੋਂ ਲੰਘਣਾ ਹੀ ਛੱਡ ਦਿੱਤਾ ਸੀ। ਮੰਤਰੀ ਨੇ ਨੀਂਹ ਪੱਥਰ ਰੱਖਣ ਉਪਰੰਤ ਨੌਰੰਗਪੁਰ ਤੋਂ ਗੁੱਜਰਾਂ ਲਾਹੜੀ, ਸਿੰਬਲੀ, ਅਜੀਜ਼ਪੁਰ, ਨੌਸ਼ਹਿਰਾ ਤੱਕ ਜਾਣ ਵਾਲੀ ਇਸ ਸੜਕ ਦਾ ਉਸਾਰੀ ਕਾਰਜ ਸ਼ੁਰੂ ਕਰਵਾਇਆ। ਇਸ ਸੜਕ ਦੀ ਉਸਾਰੀ ਕਾਰਨ ਸ਼ੁਰੂ ਹੋਣ ਨਾਲ ਸਰਪੰਚ ਪੁਸ਼ਪਾ ਦੇਵੀ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਹੁਣ ਇਸ ਸੜਕ ’ਤੇ ਮੁੜ ਆਵਾਜਾਈ ਸ਼ੁਰੂ ਹੋਣ ਦੀ ਆਸ ਬੱਝ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਸੜਕਾਂ ਦੀ ਕਾਇਆਕਲਪ ਕਰਨ ਲਈ 74 ਸੜਕਾਂ ਦੀ ਸ਼ਨਾਖਤ ਕੀਤੀ ਗਈ ਹੈ, ਇਨ੍ਹਾਂ ਦੇ ਕੰਮ ਜਲਦੀ ਸ਼ੁਰੂ ਕਰਵਾਏ ਜਾ ਰਹੇ ਹਨ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਠਾਕੁਰ ਮਨੋਹਰ ਸਿੰਘ, ਬਲਾਕ ਪ੍ਰਧਾਨ ਪਵਨ ਕੁਮਾਰ, ਸੰਦੀਪ ਕੁਮਾਰ ਤੇ ਭੁਪਿੰਦਰ ਸਿੰਘ ਮੁੰਨਾ, ਪ੍ਰਧਾਨ ਯੂਥ ਕਲੱਬ ਰਿੰਕੂ ਕਾਟਲ, ਪੰਚਾਇਤ ਮੈਂਬਰ ਪੁਸ਼ਪਿੰਦਰ ਸਿੰਘ, ਉਂਕਾਰ ਚੰਦ ਤੇ ਨੀਤੂ ਦੇਵੀ, ਛਾਵਲਾ ਦੇ ਸਰਪੰਚ ਮਨਮੋਹਨ ਸਿੰਘ ਆਦਿ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੜਕ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਮਿਲੇ ਸਨ। ਇਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਇਸ ਸੜਕ ਨੂੰ ਵਿਸ਼ੇਸ਼ ਤੌਰ ’ਤੇ ਮਨਜ਼ੂਰ ਕਰਵਾਇਆ ਤੇ ਇਸ ਉਪਰ 3.36 ਕਰੋੜ ਰੁਪਏ ਖ਼ਰਚ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦਾ ਕੰਮ ਜੰਗੀ ਪੱਧਰ ’ਤੇ ਕਰਵਾਇਆ ਜਾਵੇਗਾ ਅਤੇ ਜਲਦੀ ਹੀ ਮੁਕੰਮਲ ਕਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।