ਪਠਾਨਕੋਟ ਜ਼ਿਲ੍ਹੇ ਵਿੱਚ ਮੂੰਹਖੁਰ ਟੀਕਾਕਰਨ ਸ਼ੁਰੂ
ਪੱਤਰ ਪ੍ਰੇਰਕ
ਪਠਾਨਕੋਟ, 15 ਅਪਰੈਲ
ਜ਼ਿਲ੍ਹੇ ’ਚ ਅੱਜ ਤੋਂ ਮੂੰਹਖੁਰ ਵੈਕਸੀਨ ਲਗਾਉਣ ਦੀ ਸ਼ੁਰੂਆਤ ਗੋਪਾਲ ਧਾਮ ਗਊਸ਼ਾਲਾ ਤੋਂ ਕਰ ਦਿੱਤੀ ਗਈ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਮੁਕੇਸ਼ ਮਿੱਤਲ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਨੂੰ 1,06,100 ਖੁਰਾਕਾਂ ਐਸਕਾਡ ਸਕੀਮ ਅਧੀਨ ਪ੍ਰਾਪਤ ਹੋਈਆਂ ਹਨ। ਇਹ ਵੈਕਸੀਨ ਪਸ਼ੂ ਪਾਲਕਾਂ ਦੇ ਪਸ਼ੂਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ ਅਤੇ ਕਿਸੇ ਪ੍ਰਕਾਰ ਦੀ ਫੀਸ ਨਹੀਂ ਵਸੂਲੀ ਜਾ ਰਹੀ। ਜ਼ਿਲ੍ਹਾ ਪਠਾਨਕੋਟ ਅੰਦਰ ਮੂੰਹ ਖੂਰ ਵੈਕਸੀਨ ਨੂੰ ਲਗਾਉਣ ਲਈ 25 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਵੈਕਸੀਨ ਨੂੰ ਪਸ਼ੂ ਪਾਲਕਾਂ ਦੇ ਪਸ਼ੂਆਂ ਨੂੰ ਡੋਰ ਟੂ ਡੋਰ ਮੁਫ਼ਤ ਲਗਾਉਣਾ ਯਕੀਨੀ ਬਣਾਉਣਗੀਆਂ। ਡਾ. ਮੁਕੇਸ਼ ਮਿੱਤਲ ਡਿਪਟੀ ਡਾਇਰੈਕਟਰ ਨੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣ। ਵੈਕਸੀਨ ਨਾ ਲਗਵਾਉਣ ਦੀ ਸੂਰਤ ਵਿੱਚ ਪਸ਼ੂ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਆਰਥਿਕ ਪੱਧਰ ਤੇ ਮਜ਼ਬੂਤ ਕਰਨ ਲਈ ਪੰਜਾਬ ਦੀਆਂ ਸਾਰੀਆਂ ਪਸ਼ੂ ਸੰਸਥਾਵਾਂ ’ਚ ਪਸ਼ੂਆਂ ਲਈ ਪੇਟ ਦੇ ਕੀੜੇ ਮਾਰਨ ਦੀਆਂ ਦਵਾਈਆਂ ਮੁਫ਼ਤ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਚਿੱਚੜਾਂ ਦੀਆਂ ਦਵਾਈਆਂ ਵੀ ਹਰੇਕ ਪਸ਼ੂ ਸੰਸਥਾ ਵਿਖੇ ਉਪਲਬਧ ਹੋ ਗਈਆਂ ਹਨ।