ਸਰਬਜੀਤ ਸਿੰਘ ਭੰਗੂਪਟਿਆਲਾ, 30 ਨਵੰਬਰਟਰੈਫ਼ਿਕ ਵਿਵਸਥਾ ’ਚ ਸੁਧਾਰ ਲਈ ਐੱਸਡੀਐੱਮ ਮਨਜੀਤ ਕੌਰ ਨੇ ਪੁਲੀਸ ਤੇ ਨਗਰ ਨਿਗਮ ਦੀਆਂ ਟੀਮਾਂ ਨਾਲ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ। ਇਸ ਦੌਰਾਨ ਦੌਰਾਨ ਉਨ੍ਹਾਂ ਬਾਜ਼ਾਰ ਵਿੱਚ ਕੋਲ ਖੜ੍ਹ ਕੇ ਸੜਕ ’ਤੇ ਚਿੱਟੀ ਪੱਟੀ ਲਗਵਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਸਹਿਯੋਗ ਕਰਨ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਦੋ ਪਹੀਆ ਵਾਹਨ ਚਿੱਟੀ ਪੱਟੀ ਦੇ ਅੰਦਰ ਹੀ ਖੜ੍ਹੇ ਕਰਨ ਤਾਂ ਜੋ ਬਾਜ਼ਾਰ ਵਿੱਚ ਟਰੈਫ਼ਿਕ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀਐੱਸਪੀ ਸਿਟੀ-1 ਸਤਨਾਮ ਸਿੰਘ, ਨਗਰ ਨਿਗਮ ਦੇ ਲੈਂਡ ਬਰਾਂਚ ਤੋਂ ਮਨੀਸ਼ ਪੁਰੀ, ਥਾਣਾ ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਤੇ ਥਾਣਾ ਡਿਵੀਜ਼ਨ ਨੰਬਰ-2 ਦੇ ਐੱਸਐੱਚਓ ਸੁਰਜੀਤ ਸਿੰਘ ਵੀ ਮੌਜੂਦ ਸਨ। ਐੱਸਡੀਐੱਮ ਨੇ ਦੁਕਾਨਦਾਰਾਂ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਦੁਕਾਨਾਂ ਦਾ ਸਾਮਾਨ ਅਤੇ ਬੋਰਡ ਆਦਿ ਸੜਕ ’ਤੇ ਨਾ ਰੱਖਣ। ਜਾਣਕਾਰੀ ਅਨੁਸਾਰ ਐੱਸਡੀਐੱਮ ਦੀ ਅਗਵਾਈ ਹੇਠ ਟੀਮ ਨੇ ਤ੍ਰਿਪੜੀ ਮਾਰਕੀਟ, ਅਦਾਲਤ ਬਾਜ਼ਾਰ ਤੇ ਅਨਾਰਦਾਨਾ ਚੌਕ ਦਾ ਦੌਰਾ ਕਰਦਿਆਂ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਾਜ਼ਾਰਾਂ ਦੀਆਂ ਸੜਕਾਂ ’ਤੇ ਲਗਾਈ ਗਈ ਚਿੱਟੀ ਪੱਟੀ ਦੇ ਅੰਦਰ-ਅੰਦਰ ਹੀ ਦੋ ਪਹੀਆਂ ਵਾਹਨ ਖੜ੍ਹੇ ਕੀਤੇ ਜਾਣ ਅਤੇ ਚਾਰ ਪਹੀਆਂ ਵਾਹਨਾਂ ਦੀ ਪਾਰਕਿੰਗ ਨਿਰਧਾਰਤ ਸਥਾਨ ’ਤੇ ਹੀ ਕੀਤੀ ਜਾਵੇ। ਐੱਸਡੀਐੱਮ ਨੇ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।