ਪਟਿਆਲਾ ਦੀ ਸੁੰਦਰਤਾ ਬਹਾਲ ਕਰਨ ਲਈ ਪਾਇਲਟ ਪ੍ਰਾਜੈਕਟ ਸ਼ੁਰੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੂਨ
ਮੇਅਰ ਕੁੰਦਨ ਗੋਗੀਆ ਵੱਲੋਂ ਨਗਰ ਨਿਗਮ ਵਿੱਚ ਕਮਿਸ਼ਨਰ ਪਰਮਵੀਰ ਸਿੰਘ ਅਤੇ ਨਿਗਮ ਅਧਿਕਾਰੀਆਂ ਨਾਲ ਪਟਿਆਲਾ ਸ਼ਹਿਰ ਦੀ ਸੁੰਦਰਤਾ ਨੂੰ ਮੁੜ ਅਤੇ ਜਲਦ ਬਹਾਲ ਕਰਨ ਲਈ ਚਰਚਾ ਕੀਤੀ ਗਈ। ਇਸ ਦੌਰਾਨ ਘਰਾਂ ਵਿੱਚੋਂ ਕੂੜਾ ਚੁੱਕਣ ਵਾਲੇ ਰੈਕ ਪਿੱਕਰਾਂ ਦੀ ਆਰਥਿਕ ਹਾਲਤ ਸੁਧਾਰਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰ ਕੇ ਪਟਿਆਲਾ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਬਾਰੇ ਗੱਲਬਾਤ ਹੋਈ। ਇਸ ਮੌਕੇ ਮਹਿਕਮੇ ਦੇ ਹੈਲਥ ਅਫ਼ਸਰ, ਸੈਨੇਟਰੀ ਇੰਸਪੈਕਟਰ ਅਤੇ ਕਮਿਊਨਟੀ ਫੈਸਿਲੀਟੇਟਰ ਵੀ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਸ਼ਹਿਰ ਦੇ 17 ਨੰਬਰ ਅਤੇ 55 ਨੰਬਰ ਵਾਰਡ ਵਿੱਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਤੇ ਜਲਦ ਹੀ ਇਹ ਪ੍ਰਕ੍ਰਿਆ ਪੂਰੇ ਸ਼ਹਿਰ ’ਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕੂੜਾ ਚੁੱਕਣ ਵਾਲੇ ਕਿਸੇ ਵੀ ਸੈਕੰਡਰੀ ਪੁਆਇੰਟ ’ਤੇ ਕੂੜਾ ਸੁੱਟਣ ਦੀ ਬਜਾਇ ਕੂੜਾ ਡੰਪ ’ਤੇ ਹੀ ਸੁੱਟਿਆ ਜਾਵੇਗਾ। ਇਨ੍ਹਾਂ ਸੈਕੰਡਰੀ ਪੁਆਇੰਟਾਂ ਨੂੰ ਖਤਮ ਕਰਨ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਮੇਅਰ ਨੇ ਕਿਹਾ ਕਿ ਵਾਰਡ ਨੰਬਰ 17 ਵਿੱਚ 10 ਰੈਕ ਪਿੱਕਰ ਅਤੇ 55 ਨੰਬਰ ਵਾਰਡ 9 ਰੈਕ ਪਿੱਕਰਾਂ ਤੋਂ ਇਲਾਵਾ ਨਗਰ ਨਿਗਮ ਦੇ ਮੋਟੀਵੇਟਰ 3000 ਘਰਾਂ ਨੂੰ ਪਹਿਲਾਂ ਕੂੜਾ ਮੁਕਤ ਬਣਾਉਣ ਦੀ ਸ਼ੁਰੂਆਤ ਕਰ ਰਹੇ ਹਨ। ਇਸ ਤੋਂ ਇਲਾਵਾ 1000 ਤੋਂ 1500 ਰੁਪਏ ਵਾਧੂ ਰਾਸ਼ੀ ਵੀ ਸਿੱਧੇ ਤੌਰ ’ਤੇ ਇਨ੍ਹਾਂ ਰੈਕ ਪਿੱਕਰਾਂ ਨੂੰ ਦਿੱਤੀ ਜਾਵੇਗੀ। ਇਨ੍ਹਾਂ ਲਈ ਸੈਲਫ ਗਰੁੱਪ ਬਣਾ ਕੇ ਇਨਾਂ ਦੇ ਬੱਚਿਆ ਨੂੰ ਪੜ੍ਹਾਈ, ਇੰਸ਼ੋਰੈਂਸ ਅਤੇ ਹੋਰ ਮਾਲੀ ਮਦਦ ਕਰਨ ਵਿੱਚ ਸਹਾਈ ਹੋਵੇਗਾ।